ਡੁਬਦਿਆਂ ਨੂੰ ਉਸਦਾ ਸਹਾਰਾ ….

ਸਮਾਜ ਵੀਕਲੀ

ਗੁਰਦੁਆਰੇ ‘ਚੋਂ ਬਾਹਰ ਆਉਂਦਿਆਂ ਹੀ ਮੈ ਫੋਨ ਦੇਖਿਆ ਤਾਂ ਇਕ ਨਵੇਂ ਨੰਬਰ ਤੋਂ ਤਿੰਨ ਚਾਰ ਫੋਨ ਆਏ ਹੋਏ ਸੀ।ਯਾਦ ਕਰਨ ਦੀ ਜਦ ਕੋਸ਼ਿਸ਼ ਕੀਤੀ ਤਾਂ ਗੁਰਪ੍ਰੀਤ ਨੂੰ ਕੋਲ ਬੁਲਾ ਕੇ ਆਖਿਆ “ਗੁਰਪ੍ਰੀਤ!ਤੇਰੇ ਘਰੋਂ ਤਿੰਨ-ਚਾਰ ਫੋਨ ਆਏ ਹੋਏ ਨੇ ,ਸਭ ਸੁੱਖ-ਸਾਂਦ ਤਾਂ ਹੈ ?”

ਫੋਨ ਤਾਂ ਮੈਨੂੰ ਵੀ ਆਏ ਹੋਏ ਨੇ ਮੈ ਫੋਨ ਕਰਕੇ ਪੁੱਛਦਾ ਹਾਂ,,ਫੋਨ ਕੰਨ ਨੂੰ ਲਾਉਂਦੇ ਹੋਏ ਨੇ ਆਖਿਆ।

ਗੁਰਪ੍ਰੀਤ ਫੋਨ ਤੇ ਹੀ ਗੱਲ ਕਰ ਰਿਹਾ ਸੀ ਕਿ ਮੇਰੀ ਨਿਗ੍ਹਾ ਅਚਾਨਕ ਪ੍ਰਿੰ ਮੈਡਮ ਦੇ ਘਰ ਵੱਲ ਪਈ..ਬਾਹਰ ਖੜ੍ਹੀ ਗੱਡੀ ਦੇਖਦਿਆਂ ਸਾਰ ਹੀ ਮੈਂ ਆਪਣੇ ਆਪ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ”ਕਿ ਪਤਾ ਨਹੀਂ ਸਨੀ ਵੀਰ ਗੱਡੀ ਲੈਣ ਕਦੋਂ ਆਵੇਗਾ?”

ਬਾਬਾ ਜੀ! ਸੁੱਖ-ਸੁੱਖਾਂ ਨਾਲ ਡਿਜ਼ਾਇਰ ਦੀ ਡੋਲੀ ਘਰੋਂ ਤੁਰ ਜਾਏ ਮੈਂ ਤਾਂ ਪਾਣੀ ਵਾਰ-ਵਾਰ ਕੇ ਪੀਉਂ।”

ਇਸ ਤੋਂ ਪਹਿਲਾਂ ਕਿ ਕੁਝ ਬੋਲ ਹੋਰ ਨਿਕਲਦੇ ਮੈ ਗੁਰਪ੍ਰੀਤ ਦੇ ਚਿਹਰੇ ਵੱਲ ਤੱਕਿਆ।ਇਸ ਤਰ੍ਹਾਂ ਦਾ ਹਾਲ ਮੈਂ ਉਹਦਾ ਪਹਿਲਾਂ ਕਦੇ ਨਹੀਂ ਦੇਖਿਆ..

ਵਾਰ-ਵਾਰ ਗੁਰਪ੍ਰੀਤ ਦਾ ਫੋਨ ਤੇ ਗੱਲਾਂ ਕਰਨਾਂ ਵੀ ਹੈਰਾਨ ਕਰਨਾ ਵਾਲਾ ਦ੍ਰਿਸ਼ ਸੀ।

ਮੈ ਬੜੇ ਠਰ੍ਹੰਮੇ ਨਾਲ ਪੁੱਛਿਆ ਗੁਰਪ੍ਰੀਤ!ਸਭ ਠੀਕ ਤਾਂ ਹੈ?

ਕੀ ਕਹਿੰਦੇ ਸੀ ਘਰ ਦੇ ?

ਮੇਰੇ ਬਾਪੂ ਦਾ ਹਾਲਤ ਬਹੁਤ ਗੰਭੀਰ ਹੈ,ਅਦੇਸ਼ ਹਸਪਤਾਲ ‘ਚੋਂ ਜਵਾਬ ਮਿਲ ਗਿਆ ਹੈ,ਦੋ ਦਿਨ ਦੇ ਪੀ.ਜੀ.ਆਈ ਲੈ ਕੇ ਗਏ ਸੀ ਪਰ ਕਿਸੇ ਨੇ ਕੋਈ ਬਾਤ ਨਾ ਪੁੱਛੀ।ਅਜ ਸਵੇਰੇ ਹੀ ਕੋਲੰਬੀਆ ਹਸਪਤਾਲ ਬਾਪੂ ਨੂੰ ਲੈ ਕੇ ਆਏ ਆ…ਭੈਣ ਮੇਰੀ ਰੋਈ ਜਾਂਦੀ ਹੈ ਕਿ ਤੂੰ ਛੇਤੀ ਆ ਜਾ…

ਇਹ ਸੁਣ ਮੈ ਦੰਗ ਰਹਿ ਗਿਆ..

ਗੁਰਪ੍ਰੀਤ ਤੈਨੂੰ ਜਾਣਾਂ ਚਾਹੀਦਾ ਹੈ..

ਮੈਂ ਤੇਰੇ ਨਾਲ ਚੱਲਦਾ ਹਾਂ।ਸਾਫਾ ਥੋੜਾ ਠੀਕ ਕਰ ਲਈਏ ਆਪਾਂ…

ਜਸਬੀਰ ਸਰ ਨੇ ਵੀ ਛੁੱਟੀ ਦੇਣ ਲੱਗਿਆ ਦੇਰ ਨਾ ਕੀਤੀ..

ਅਜੇ ਅਸੀਂ ਤੁਰਨ ਹੀ ਲੱਗੇ ਸੀ ਕਿ ਪਿਛੋਂ ਬੂਟਾ ਸਿੰਘ ਦੀ ਅਵਾਜ਼ ਆਈ “ਓਏ! ਅਜ ਸਰ ਦੇ ਘਰ ਕੀਰਤਨ ਕਰਨ ਜਾਣਾਂ ਹੈ, ਚਿੱਟੇ ਕੁੜਤੇ ਤੇ ਨੀਲੀਆਂ ਪੱਗਾਂ ਬੰਨ ਲਿਆ ਜੋ…”

ਅਸੀਂ ਇਨ੍ਹਾਂ ਬੋਲਾਂ ਤੇ ਬਹੁਤੀ ਗੌਰ ਨਾ ਕੀਤੀ।

ਸਾਫੇ ਠੀਕ ਕਰਕੇ ਅਜੇ ਕਮਰੇ ‘ਚੋਂ ਨਿਕਲੇ ਹੀ ਸੀ ਕਿ ਬਚਿੱਤਰ ਨੇ ਬਾਹਰ ਜਾਣ ਦਾ ਕਾਰਨ ਪੁੱਛਿਆ..

ਕਾਹਲੀ-ਕਾਹਲੀ ‘ਚ ਤੁਰਦਿਆਂ ਉਸਨੂੰ ਦੱਸ ਕੇ ਅਸੀਂ ਆਟੋ ਫੜ੍ਹ ਹਸਪਤਾਲ ਵੱਲ ਰਵਾਨਾ ਹੋਏ।

ਰਸਤੇ ‘ਚ ਗੁਰਪ੍ਰੀਤ ਨੂੰ ਹੌਂਸਲਾ ਦਿੰਦੇ ਹੋਏ ਮੈਂ ਆਖ ਰਿਹਾ ਸੀ ਕਿ “ਤੂੰ ਚਿੰਤਾ ਨਾ ਕਰ ਤੇਰੇ ਪਿੰਡ ਵਾਲੇ ਤੇ ਰਿਸ਼ਤੇਦਾਰ ਨਾਲ ਹਨ ।ਤੂੰ ਬੇਫਿਕਰ ਰਹਿ।”

ਆਟੋ ਦੇ ਰੁਕਦਿਆਂ ਸਾਰ ਹੀ ਹਸਪਤਾਲ ਗੇਟ ਦੇ ਬਾਹਰ ਖੜ੍ਹੇ ਗੁਰਪ੍ਰੀਤ ਦੇ ਮੰਮੀ ਸਾਨੂੰ ਦਿਸੇ।

ਫਤਹਿ ਬੁਲਾ ਕੇ ਹਾਲ ਪੁੱਛਣ ਤੇ ਪਤਾ ਲੱਗਿਆ ਕਿ ਅੰਕਲ ਦੀ ਹਾਲਤ ਸਚਮੁੱਚ ਬਹੁਤ ਗੰਭੀਰ ਹੈ।

ਮੈ ਇਹ ਸੋਚ ਕੇ ਹੈਰਾਨ ਹੋ ਰਿਹਾ ਸੀ ਕਿ ਧੰਨ ਜਿਗਰਾ ਹੈ ਮਾਂਵਾਂ ਧੀਆਂ ਦਾ ਜੋ ਪਿੱਛਲੇ ਚਾਰ-ਪੰਜ ਦਿਨਾਂ ਤੋਂ ਇਕ ਅਜਿਹੇ ਮਰੀਜ਼ ਨੂੰ ਲੈ ਕੇ ਘੁੰਮ ਰਹੀਆਂ ਹਨ ਜਿਸਦੇ ਸਿਰਫ ਸਾਹ ਹੀ ਚੱਲਦੇ ਨੇ ,ਨਾ ਉਹ ਬੋਲ ਸਕਦਾ, ਨਾ ਖਾ ਸਕਦਾ ਤੇ ਨਾ ਹੀ ਉੱਠ ਸਕਦਾ।

ਗੁਰਪ੍ਰੀਤ ਦੀ ਬੇਬੇ ਇਹੀ ਵਾਰ-ਵਾਰ ਗੁਹਾਰ ਲਾ ਰਹੇ ਸੀ ਕਿ “ਕਿਸੇ ਤਰ੍ਹਾਂ ਇਨ੍ਹਾਂ ਨੂੰ ਕੋਈ ਦਵਾਈ ਦੇ ਦਿਉ ..ਪਿਛਲੇ ਦੋ ਤਿੰਨ ਦਿਨਾਂ ਤੋਂ ਇਨ੍ਹਾਂ ਕੁਝ ਨਹੀਂ ਖਾਧਾ।”

ਮੇਰੇ ਵੱਲ ਮੂੰਹ ਕਰਕੇ ਕਹਿਣ ਲੱਗੇ “ਪੁੱਤ! ਜਿੱਥੇ ਸਾਨੂੰ ਕੋਈ ਸਲਾਹ ਦਿੰਦਾ ਅਸੀਂ ਮਾਵਾਂ ਧੀਆਂ ਉਥੇ ਹੀ ਲੈ ਤੁਰਦੀਆਂ ਹਾਂ ਪਰ ਛੇਤੀ ਕੋਈ ਹੱਥ ਨਹੀਂ ਪਾ ਰਿਹਾ।”

ਏਨੇ ਨੂੰ ਚਿੱਟੇ ਕੱਪੜੇ ਪਹਿਨੀ ਨਰਸ ਆਈ ਤੇ ਕਹਿਣ ਲੱਗੀ “ਬੈਡ ਨੰਬਰ ਤਿੰਨ ਦੇ ਮਰੀਜ਼ ਨਾਲ ਕੌਣ ਆਇਆ ਹੈ?”

ਆਂਟੀ ਦੇ ਜਵਾਬ ਦੇਣ ਤੇ ਉਨ੍ਹਾਂ ਦੱਸਿਆ ਕਿ ਮਰੀਜ਼ ਦੇ ਇਕ ਦਿਨ ਦਾ ਖਰਚਾ 30,000 ਰੁਪੈ ਹੋਵੇਗਾ।ਕਾਉਂਟਰ ਤੇ ਫੀਸ ਜਮ੍ਹਾਂ ਕਰਵਾ ਦਿਉ।ਅਸੀਂ ਇਲਾਜ ਸ਼ੁਰੂ ਕਰਦੇ ਹਾਂ।

“ਏਨਾ ਖਰਚਾ …ਪੁੱਤ! ਆਪਣੇ ਕੋਲ ਕਿਥੇ ਐਨੇ ਪੈਸੇ ਨੇ ਕਿ ਇਕ ਦਿਨ ਦਾ ਏਨਾਂ ਖਰਚਾ ਭਰ ਦਈਏ।ਫਿਰ ਇਹ ਨਹੀਂ ਪਤਾ ਕਿੰਨੇ ਦਿਨ ਰੱਖਣਗੇ?”

ਭਿੱਜੀਆਂ ਅੱਖਾਂ ਨਾਲ ਗੁਰਪ੍ਰੀਤ ਨੇ ਮੈਨੂੰ ਆਖਿਆ “ਸੁਰਜੀਤ ਆਪਾਂ ਹੁਣ ਕੀ ਕਰੀਏ ?” ਬਾਪੂ ਨੂੰ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ ,ਮੈਂ ਅਣਜਾਣ ਹਾਂ ਮੈਨੂੰ ਆਪ ਨੂੰ ਨਹੀਂ ਕੁਝ ਸੁਝ ਰਿਹਾ।

ਮੈ ਗੁਰਪ੍ਰੀਤ ਨੂੰ ਕਿਹਾ ਕਿ ਪਟਿਆਲਾ ਸ਼ਹਿਰ ਬਾਰੇ ਤਾਂ ਮੈਨੂੰ ਵੀ ਕੋਈ ਬਹੁਤਾ ਪਤਾ ਨਹੀਂ। ਆਪਾਂ ਬਹੁਤਾ ਘੁੰਮੇ ਫਿਰੇ ਵੀ ਨਹੀਂ ।
ਮੇਰੇ ਲਈ ਤਾਂ ਓਪਰੀ ਧਰਤੀ ਤੇ ਓਪਰੇ ਹੀ ਲੋਕ ਨੇ…

ਮੈਨੂੰ ਖੁਦ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਇਨ੍ਹਾਂ ਬੋਲਾਂ ਰਾਹੀ ਮੈ ਉਸਤੋਂ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵਾ..ਪਰ ਜਸਬੀਰ ਸਰ ਦੀ ਕੀਤੀ ਕਥਾ ਦੇ ਬੋਲ ਅੱਗੇ ਪਿੱਛੇ ਘੁੰਮਣ ਲੱਗੇ।”ਸਜਣ ਸੇਈ ਨਾਲ ਮੈ ਚਲਦਿਆ ਨਾਲ ਚਲੰਨ” ਵਾਲੀਆਂ ਬਾਣੀ ਦੀਆਂ ਪੰਕਤੀਆਂ ਵਾਰ-ਵਾਰ ਦਿਲ ਤੇ ਵਾਰ ਕਰਨ ਲੱਗੀਆਂ।ਜ਼ਮੀਰ ਨੇ ਚੀਕਾਂ ਮਾਰਨੀਆਂ ਸ਼ੁਰੂ ਕੀਤੀਆਂ ।ਅਜੇ ਇਹ ਸਭ ਖਿਆਲ ਚਲ ਹੀ ਰਹੇ ਸੀ ਕਿ ਗੁਰਪ੍ਰੀਤ ਨੇ ਕੋਲ ਆ ਕੇ ਇਕ ਵਾਰ ਫਿਰ ਕਿਹਾ “ਹੁਣ ਕਿਥੇ ਲੈ ਕੇ ਜਾਈਏ ਬਾਪੂ ਨੂੰ ?”

ਇਕ ਦਮ ਦਿਮਾਗ ਦੀ ਫਿਰਕੀ ਜਸਬੀਰ ਸਰ ਵੱਲ ਘੁੰਮੀ ..

ਸਰ ਤੋਂ ਸਿਵਾਏ ਹੋਰ ਕੋਈ ਨਹੀਂ ਆਪਣੀ ਇਸ ਵਖਤ ਮਦਦ ਕਰ ਸਕਦਾ।ਮੇਰਾ ਦਿਲ ਕਹਿੰਦਾ ਹੈ ਕਿ ਕੋਈ ਨਾ ਕੋਈ ਹੱਲ ਜਰੂਰ ਹੋਵੂ….
ਸਰ ਵਲੋਂ ਆਏ ਜਵਾਬ ਨੇ ਮੈਨੂੰ ਇਕੱਲਾ ਹੌਸਲਾ ਹੀ ਨਹੀਂ ਸਗੋਂ ਲੋੜ ਪੈਣ ਤੇ ਕੀਤੀ ਮਦਦ ਵਾਲਿਆਂ ਦੀ ਲਿਸਟ ‘ਚ ਆਪਣਾ ਪਹਿਲਾ ਨਾਂ ਦਰਜ ਕੀਤਾ ਜੋ ਹਮੇਸ਼ਾ ਯਾਦ ਰਹੇਗਾ।

ਬਚਿੱਤਰ ਦਾ ਫੋਨ ਆਇਆ ਤੇ ਉਸਦੇ ਬੋਲ ਸੁਣ ਮਨ ਗਦ-ਗਦ ਭਰ ਗਿਆ ਜਦੋਂ ਆਖਣ ਲੱਗਿਆ “ਯਰ ਤੁਸੀਂ ਦੋਵੇ ਉੱਥੇ ਹੋ ਤੇ ਮੈਂ ਇੱਥੇ ਇਕੱਲਾ ਹਾਂ,ਮੇਰਾ ਵੀ ਦਿਲ ਕਰਦਾ ਕਿ ਆ ਕੇ ਗੁਰਪ੍ਰੀਤ ਦੇ ਬਾਪੂ ਦੀ ਸੇਵਾ ‘ਚ ਕੁਝ ਯੋਗਦਾਨ ਪਾਵਾਂ।”

ਸਾਡੇ ਆਉਣ ਤੇ ਪਰਿਵਾਰ ਦੇ ਡਿੱਗੇ ਹੋਏ ਹੌਸਲੇ ਇਕ ਵਾਰ ਫਿਰ ਜਿਉਣ ਦੀ ਆਸ ਜਗਾਉਣ ਲੱਗੇ।ਦੁੱਖ ਓਦੋਂ ਹੋਇਆ ਕੋਲੰਬੀਆ ਹਸਪਤਾਲ ਨੇ ਇਕ ਘੰਟਾ ਮਰੀਜ਼ ਨੂੰ ਬੈੱਡ ਤੇ ਲਿਟਾੳਣ ਦੇ ਚਾਰ ਹਜਾਰ ਰੁਪਏ ਮੰਗ ਲਏ।

ਬੜੀ ਛੇਤੀ ਹੀ ਅਸੀ ਰਜਿੰਦਰਾ ਹਸਪਤਾਲ ਵੱਲ ਰੁਖ ਕੀਤਾ…।

ਰਜਿੰਦਰਾ ਦੇ ਐਮਰਜੈਂਸੀ ਵਾਰਡ ‘ਚ ਆ ਕੇ ਪਤਾ ਲੱਗਿਆ ਕਿ ਮਨੁੱਖੀ ਸਰੀਰ ਦੀ ਕੀ ਅਹਿਮੀਅਤ ਹੈ।ਵੱਢੇ-ਟੁਕੇ ਲੋਕਾਂ ਦੀਆਂ ਚੀਕਾਂ ਮਨ ਨੂੰ ਬੇਚੈਨ ਕਰ ਰਹੀਆਂ ਸੀ।

ਅਸੀਂ ਭੁੱਖੇ ਤਿਹਾਏ ਮਾਪਿਆਂ ਨੂੰ ਅਰਾਮ ਕਰਨ ਲਈ ਆਖਦਿਆਂ ਸਾਰੀ ਜਿੰਮੇਵਾਰੀ ਵਾਰੀ ਆਪਣੇ ਸਿਰ ਲੈ ਲਈ।

ਦਵਾਈਆਂ,ਟੈਸਟ ,ਐਕਸਰੇ ਤੇ ਸੀ.ਟੀ. ਸਕੈਨ ਲਈ ਭੱਜ ਭੱਜ ਜਾਣਾਂ ਵੀ ਸਾਡੇ ਫੁਰਤੀਲੇ ਹੋਣ ਦੀ ਪਰਖ ਲੈ ਰਹੇ ਸੀ। ਰਿਪੋਰਟਾਂ ਦੇ ਆਏ ਨਤੀਜੇ ਇਤਨੇ ਭਿਆਨਕ ਸਨ ਕਿ ਹਰ ਕੋਈ ਡਾਕਟਰ ਕਹਿਣ ਲੱਗ ਪਿਆ ਕਿ ਅੰਕਲ ਜੀ ਅਜੇ ਸਾਹ ਲੈ ਰਹੇ ਨੇ ਇਹ ਸਾਡੇ ਲਈ ਹੈਰਾਨੀਜਨਕ ਹੈ।

ਵਖਤ ਬੀਤਦਾ ਗਿਆ।ਜਿਵੇਂ-ਜਿਵੇ ਸੂਰਜ ਢਲਣ ਲੱਗਿਆ ਮੇਰੇ ਤੇ ਬਚਿੱਤਰ ਦੇ ਦਿਲ ਨੂੰ ਹੌਲ ਪੈਣ ਲੱਗੇ।ਵਾਰਡਨ ਦੀ ਜਿੰਮੇਵਾਰੀ ਸੰਭਾਲਦਿਆਂ ਜਸਬੀਰ ਸਰ ਨੇ ਫੋਨ ਕਰਕੇ ਹਾਲ ਚਾਲ ਪੁੱਛਣ ਤੇ ਗੁਰਪ੍ਰੀਤ ਨੂੰ ਪਰਿਵਾਰ ਕੋਲ ਛੱਡ ਕੇ ਵਾਪਸ ਆਉਣ ਲਈ ਕਿਹਾ।ਬੇਸ਼ੱਕ ਉਹ ਮਾਵਾਂ ਧੀਆਂ ਉਤੋਂ-ਉਤੋਂ ਸਾਡਾ ਧੰਨਵਾਦ ਕਰ ਰਹੀਆਂ ਸਨ ਪਰ ਅੱੱਖਾਂ ਤੇ ਨਮੋਸ਼ੀ ਭਰੇ ਚਿਹਰੇ ਤਰਲਿਆਂ ਨਾਲ ਪੁਕਾਰ ਰਹੇ ਸੀ ਕਿ ਕੁਝ ਸਮਾਂ ਹੋਰ ਰੁਕੋ।

ਸ਼ਾਮ ਨੂੰ ਅਜੇ ਅਸੀਂ ਗੁਰਦੁਆਰਾ ਸਾਹਿਬ ਲਈ ਤਿਆਰ ਹੋ ਹੀ ਰਹੇ ਸੀ ਕਿ ਅਚਾਨਕ ਫਿਰ ਫੋਨ ਆਇਆ ਕਿ ਹਾਲਤ ਬਹੁਤ ਨਾਜ਼ੁਕ ਹੋ ਗਈ ਹੈ ਛੇਤੀ ਹਸਪਤਾਲ ਆ ਜੋ।

ਮੈ ਤੇ ਬਚਿੱਤਰ ਨੇ ਆਪਸੀ ਸਲਾਹ ਕੀਤੀ ਤੇ ਬਚਿੱਤਰ ਗੁਰਪ੍ਰੀਤ ਨਾਲ ਜਾਣ ਲਈ ਤਿਆਰ ਹੋਇਆ।

ਤਕਰੀਬਨ ਰਾਤ ਦੇ ਸਾਢੇ ਦਸ ਕੁ ਵੱਜੇ ਹੋਣੇ ਆ। ਗੁਰਪ੍ਰੀਤ ਦਾ ਫੋਨ ਆਇਆ ਕਿ ਡਾਕਟਰਾਂ ਨੇ ਜਵਾਬ ਦੇ ਦਿੱਤਾ ਕਹਿੰਦੇ ਪੀ.ਜੀ.ਆਈ ਲੈ ਜਾਓ।

ਸੁਰਜੀਤ ਤੈਨੂੰ ਕੋਈ ਉੱਥੇ ਜਾਣਦਾ ਹੈ ?

ਚੰਡੀਗੜ੍ਹ ਸ਼ਹਿਰ ਤਾਂ ਮੈਨੂੰ ਸੱਤ ਸਮੁੰਦਰੋਂ ਪਾਰ ਕਰਕੇ ਗਏ ਵਿਦੇਸ਼ਾਂ ਵਰਗਾ ਲੱਗਦਾ ਸੀ।

ਇਸ ਵਖਤ ਸਰ ਦੀ ਸਲਾਹ ਨਾਲ ਕਿਸੇ ਨੂੰ ਰਾਤ ਸਮੇਂ ਪਰੇਸ਼ਾਨ ਕਰਨਾ ਸਹੀ ਨਹੀਂ ਜਾਪਿਆ।ਜਸਬੀਰ ਸਰ ਦੇ ਬੋਲ ਸਨ ਕਿ ‘ਅਰਦਾਸ’ ਹੀ ਕਰ ਸਕਦੇ ਹਾਂ।

ਅਰਦਾਸ ‘ਚ ਹੀ ਮੇਰਾ ਅਟੁੱਟ ਵਿਸ਼ਵਾਸ ਸੀ ਕਿ “ਜਿੱਥੇ ਦਵਾ ਕੰਮ ਨਾ ਕਰੇ ਉੱਥੇ ਦੁਆ ਕੰਮ ਕਰਦੀ ਹੈ।”

ਮੈਂ ਹੋਸਟਲ ਦੇ ਬਾਹਰ ਖੜਾ ਹੋ ਕੇ ਬਚਿੱਤਰ ਦਾ ਇੰਤਜ਼ਾਰ ਕਰਨ ਲੱਗਿਆ।

ਕਿੰਨਾ ਸਮਾਂ ਮੈ ਤੇ ਬਚਿੱਤਰ ਹੋਸਟਲ ਦੇ ਬਾਹਰ ਬੈਠ ਕੇ ਗੱਲਾਂ ਕਰਦੇ ਰਹੇ।ਗੱਲਾਂ ਕਰਦੇ-ਕਰਦੇ ਸਾਡੇ ਗਲੇ ਭਰ ਆਉਣ।ਬਚਿੱਤਰ ਦੇ ਬੋਲ ਸਨ: “ਮੈ ਉਨ੍ਹਾਂ ਨੂੰ ਕਿਵੇਂ ਛੱਡ ਕੇ ਆਇਆ ਇਹ ਤਾਂ ਮੈਂ ਹੀ ਜਾਣਦਾ ਹਾਂ। ਗੁਰਪ੍ਰੀਤ ਹੁਰੀਂ ਵਾਰ-ਵਾਰ ਮੈਨੂੰ ਨਾਲ ਆਉਣ ਲਈ ਕਹਿੰਦੇ ਰਹੇ।ਮੈਂ ਮਜਬੂਰ ਸੀ।”

ਮੈਂ ਹੌਂਸਲਾ ਦਿੰਦਿਆਂ ਆਖਿਆ ਜੇ ਆਪਣਾ ਸਵੇਰੇ ਪੇਪਰ ਨਾ ਹੁੰਦਾ ਤਾਂ ਆਪਾਂ ਇਸ ਸਮੇਂ ਉਨ੍ਹਾਂ ਨਾਲ ਹੋਣਾਂ ਸੀ।

ਸੌਣ ਤੋਂ ਪਹਿਲਾਂ ਅਸੀਂ ਗੁਰਪ੍ਰੀਤ ਦੇ ਪਿਤਾ ਦੀ ਸਿਹਤਯਾਬੀ ਲਈ ਦਿਲੋਂ ਅਰਦਾਸ ਕੀਤੀ ਤੇ ਕਿਹਾ ਸਵੇਰੇ ਗੁਰਦੁਆਰਾ ਸਾਹਿਬ ਵੀ ਕਰਾਂਗੇ।
ਅਸੀਂ ਬਿਲਕੁਲ ਆਸ ਛੱਡੀ ਬੈਠੇ ਸੀ ਪਰ ਅਜਿਹੇ ਚਮਤਕਾਰ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਜਦੋਂ ਤਿੰਨ ਦਿਨਾਂ ਬਾਅਦ ਗੁਰਪ੍ਰੀਤ ਨੇ ਇਹ ਫੋਨ ਕਰਕੇ ਆਖਿਆ ਕਿ “ਬਾਪੂ ਹੁਣ ਠੀਕ ਹੈ। ਅੱਜ ਛੁੱਟੀ ਮਿਲ ਗਈ ਹੈ ਤੇ ਅਸੀਂ ਘਰ ਵਾਪਸ ਆ ਰਹੇ ਆ।”

ਇਨ੍ਹਾਂ ਬੋਲਾਂ ਤੇ ਯਕੀਨ ਨਹੀਂ ਸੀ ਹੋ ਰਿਹਾ ਪਰ ਇਹ ਸਚਮੁੱਚ ਚਮਤਕਾਰੀ ਲਫ਼ਜ ਸਨ।ਚਮਤਕਾਰ ਕਿਵੇਂ ਹੁੰਦੇ ਆ ਉਹ ਵੀ ਸਾਨੂੰ ਪਤਾ ਲੱਗ ਗਿਆ।

ਅੱਜ ਵੀ ਜਦੋਂ ਗੁਰਪ੍ਰੀਤ ਨੂੰ ਫੋਨ ਕਰਕੇ ਗੱਲਾਂ ਕਰਦੇ ਹਾਂ ਤਾਂ ਉਹ ਦਿਨ ਨਹੀਂ ਭੁੱਲਦੇ ਜੋ ਹਸਪਤਾਲ ‘ਚ ਉਸਦੇ ਬਾਪੂ ਨਾਲ ਬਿਤਾਏ ਸੀ।ਉਹ ਦਿਨ ਬਹੁਤ ਕੁਝ ਸਿਖਾ ਗਏ ਜੋ ਕਦੇ ਬਿਆਨ ਨਹੀਂ ਕੀਤੇ ਜਾ ਸਕਦੇ।

 

 

ਸੁਰਜੀਤ ਸਿੰਘ ‘ਦਿਲਾ ਰਾਮ’

ਸੰਪਰਕ 99147-22933

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

 

Previous articleSri Lanka to halt all passenger arrivals
Next articleਲੌਲੀਪੌਪ