ਜਿਲਾ ਸਿਹਤ ਸੋਸਾਇਟੀ ਦੀ ਮੀਟਿੰਗ
ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ): ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਅੱਜ ਜਿਲਾ ਸਿਹਤ ਸੋਸਾਇਟੀ ਦੀ ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਤੇ ਹੋਰ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਐਸ ਡੀ ਐਮ ਕਪੂਰਥਲਾ ਸ੍ਰੀ ਵਰਿੰਦਰਪਾਲ ਸਿੰਘ ਬਾਜਵਾ, ਐਸ ਡੀ ਐਮ ਭੁਲੱਥ ਟੀ ਬੈਨਿਥ, ਸਿਵਲ ਸਰਜਨ ਡਾ ਸੁਰਿੰਦਰ ਕੁਮਾਰ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਵੱਲੋਂ ਪੀ.ਐਨ.ਡੀ.ਟੀ. ਪ੍ਰੋਗਰਾਮ, ਹੈਲਥ ਐਂਡ ਵੈਲਨੈਸ ਸੈਂਟਰ, ਡੈਪੋ, ਬਾਇਓ ਮੈਡੀਕਲ ਵੇਸਟ, ਯੂ.ਡੀ.ਆਈ.ਡੀ., ਨਸ਼ਾ ਛੁਡਾਊ ਕੇਂਦਰ, ਸਰਬਤ ਸਿਹਤ ਬੀਮਾ ਯੋਜਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ ਗਈ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ ਦੀ ਆਉਣ ਵਾਲੀ ਵੈਕਸੀਨ ਲਈ ਵਿਭਾਗ ਵੱਲੋਂ ਪੂਰੀ ਤਿਆਰੀ ਰੱਖੀ ਜਾਏ ਅਤੇ ਪੰਜਾਬ ਸਰਕਾਰ ਵਲੋਂ ਪ੍ਰਾਪਤ ਹੋਣ ਵਾਲੀਆਂ ਹਦਾਇਤਾਂ ਦੇ ਅਨੁਸਾਰ ਇਸਨੂੰ ਪੜਾਅਵਾਰ ਲਾਇਆ ਜਾਵੇਗਾ ।
ਇਸ ਮੌਕੇ ਕੋਵਿਡ ਵੈਕਸੀਨ ਮੈਨੇਜਮੈਂਟ ਤੇ ਨੈਸ਼ਨਲ ਐਕਸਪਰਟ ਗਰੁੱਪ ਆਨ ਵੈਕਸੀਨ ਐਡਮਿਨਿਸਟ੍ਰੇਸ਼ਨ ਫਾਰ ਕੋਵਿਡ -19 ਵਿਸ਼ੇ ‘ਤੇ ਇੱਕ ਪੇਸ਼ਕਾਰੀ ਵੀ ਦਿਖਾਈ ਗਈ । ਡਿਪਟੀ ਕਮਿਸ਼ਨਰ ਵੱਲੋਂ ਕਿਹਾ ਗਿਆ ਕਿ ਕੋਵਿਡ ਦੀ ਸੈਂਪਲਿੰਗ ਵੱਧ ਤੋਂ ਵੱਧ ਕੀਤੀ ਜਾਵੇ ਅਤੇ ਸਿਹਤ ਵਿਭਾਗ ਰੋਜ਼ਾਨਾ 2000 ਸੈਪਲਿੰਗ ਯਕੀਨੀ ਬਣਾਏ । ਉਨਾਂ ਜ਼ੋਰ ਦਿੱਤਾ ਕਿ ਵਿਦਿਆਰਥੀਆਂ ਦੇ ਇਮਤਿਹਾਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਕੂਲਾਂ ਵਿਚ ਸੈਂਪਲਿੰਗ ਕੀਤੀ ਜਾਵੇ ਤੇ ਇਸ ਕੰਮ ਲਈ ਸਕੂਲ ਸਿੱਖਿਆ ਵਿਭਾਗ ਤੇ ਜਿਲਾ ਪ੍ਰੋਗਰਾਮ ਦਫਤਰ ਦਾ ਸਹਿਯੋਗ ਲਿਆ ਜਾਵੇ। ਉਨਾਂ ਇਹ ਵੀ ਕਿਹਾ ਕਿ ਬਿਮਾਰੀਆਂ ਤੋਂ ਪੀੜਤ ਕੋਈ ਵੀ ਵਿਅਕਤੀ ਸੈਂਪਲਿੰਗ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ।
ਇਸ ਤੋਂ ਇਲਾਵਾ ਜਨਵਰੀ ਵਿਚ ਸ਼ੁਰੂ ਹੋਣ ਵਾਲੀ ਨੈਸ਼ਨਲ ਪਲਸ ਪੋਲੀਓ ਮੁਹਿੰਮ ਨੂੰ ਸਫਲ ਕਰਨ ਵਾਸਤੇ ਵੀ ਉਨਾਂ ਵੱਲੋਂ ਵੱਖ ਵੱਖ ਵਿਭਾਗਾਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਇਸ ਮੁਹਿੰਮ ਤਹਿਤ 87579 ਬੱੱਚਿਆਂ ਨੂੰ ਕਵਰ ਕੀਤਾ ਜਾਵੇਗਾ ਜਿਸ ਲਈ 103 ਸੁਪਰਵਾਈਜ਼ਰ ਤਾਇਨਾਤ ਕੀਤੇ ਗਏ ਹਨ। ਸਰਬਤ ਸਿਹਤ ਬੀਮਾ ਯੋਜਨਾ ਦੇ ਸਬੰਧ ਵਿਚ ਉਨਾਂ ਕਿਹਾ ਕਿ ਇਸ ਦਾ ਲਾਭ ਵੱਧ ਤੋਂ ਵੱਧ ਲਾਭਪਤਾਰੀਆਂ ਨੂੰ ਮਿਲਣਾ ਚਾਹੀਦਾ ਹੈ ਤਾਂ ਉਹ ਨਕਦੀ ਰਹਿਤ ਇਲਾਜ ਦੀ ਸਹੂਲਤ ਲੈ ਸਕਣ। ਜਿਲੇ ਅੰਦਰ ਇਸ ਯੋਜਨਾ ਤਹਿਤ2.89 ਲੱਖ ਕਾਰਡ ਬਣਾਏ ਜਾਣਗੇ। ਜ਼ਿਕਰਯੋਗ ਹੈ ਕਿ ਇਸ ਯੋਜਨਾ ਦੇ ਤਹਿਤ ਹਰ ਯੋਗ ਪਰਿਵਾਰ ਨੂੰ 5 ਲੱਖ ਰੁਪਏ ਤੱਕ ਦੀ ਕੈਸ਼ਲੈਸ ਇਲਾਜ ਦੀ ਸਹੂਲਤ ਦਿੱਤੀ ਜਾਣੀ ਹੈ।
ਇਸ ਤੋਂ ਇਲਾਵਾ ਫੂਡ ਸੇਫਟੀ ਪ੍ਰੋਗਰਾਮ ਦੇ ਤਹਿਤ ਮਠਿਆਈ ਦੀਆਂ ਦੁਕਾਨਾਂ ਅਤੇ ਉਨਾਂ ਦੇ ਬਣੇ ਪਦਾਰਥਾਂ ‘ਤੇ ਪ੍ਰੋਡਕਸ਼ਨ ਡੇਟ ਤੇ ਐਕਸਪਾਇਰੀ ਡੇਟ (ਮਿਆਦ ਦੀ ਤਰੀਕ) ਦੀ ਜਾਂਚ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ, ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ,ਡਾ. ਰਾਜੀਵ ਭਗਤ, ਡਾ. ਸੁਖਵਿੰਦਰ ਕੌਰ, ਡਾ. ਨਵਪ੍ਰੀਤ ਕੌਰ, ਡਾ. ਸ਼ੁਭਰਾ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ।