(ਸਮਾਜ ਵੀਕਲੀ)
ਤੁਸੀਂ ਕਹਿੰਦੇ ਜੇ ,ਹੋ ਗਈਆਂ ਮਹਿੰਗੀਆਂ ਪੜਾਈਆਂ ਨੇ,
ਅੱਜ ਹਿੱਸੇ ਗਰੀਬਾਂ ਦੇ ਨਾ ਇਹ ਆਈਆਂ ਨੇ,
ਕਰ ਮਿਹਨਤਾਂ ਦੁੱਗਣੀਆਂ ਜਿਹਨਾਂ ਪਾਈਆਂ ਨੇ,
ਦੱਸੋ ਕੀ ਲਾਭ ਪਾਇਆ ਉਹਨਾਂ ਪੁਜਾਰੀਆਂ ਨੇ,
ਪਈਆਂ ਪੇਟੀਆਂ ‘ਚ ਡਿਗਰੀਆਂ ਨੇ ਕੀ ਢਿੱਡ ਭਰਨੇ,
ਜਦੋਂ ਹੱਥ ਵੱਡੇ ਸਾਡੇ ਬੇਰੁਜ਼ਗਾਰੀਆਂ ਨੇ।
ਕੁੱਝ ਪੱਲੇ ਨਾ ਕਿਰਸਾਨੀ ਸੋਚ ਬਾਪੂ ਸੁਪਨਾ ਸਜਾਇਆ ਏ,
ਚੰਗਾ ਪੜ੍ਹਾ ਪੁੱਤ ਨੂੰ ਪਾੜ੍ਹੂਆਂ ‘ਚ ਨਾਮ ਰੁਸ਼ਨਾਇਆ ਏ,
ਪਰ ਪੁੱਤ ਵਿਹਲਾ ਰਹਿ ਬਾਪੂ ਦਾ ਦਿਲ ਹੀ ਜਲਾਇਆ ਏ,
ਇਹਨਾਂ ਸਰਕਾਰਾਂ ਪਾਈਆਂ ਪੱਲੇ ਸਾਡੇ ਲਾਚਾਰੀਆਂ ਨੇ,
ਪਈਆਂ ਪੇਟੀਆਂ ‘ਚ ਡਿਗਰੀਆਂ ਨੇ ਕੀ ਢਿੱਡ ਭਰਨੇ,
ਜਦੋਂ ਹੱਥ ਵੱਡੇ ਸਾਡੇ ਬੇਰੁਜ਼ਗਾਰੀਆਂ ਨੇ।
ਰੁਜ਼ਗਾਰ ਦੀ ਚਾਹਤ ਲਈ ਭਟਕੇ ਦਰ ਦਰ ਆ,
ਰਿਸ਼ਵਤਾਂ ਨਾਲ ਨਾ ਸਕੇ ਉਹਨਾਂ ਦੇ ਢਿੱਡ ਭਰ ਆ,
ਹੁਣ ਜ਼ਿੰਦਗੀ ਜਿਉਂ ਰਹੇ, ਜਿਵੇਂ ਮਰ ਮਰ ਆ,
ਕਿੰਝ ਸਾਂਭਾਗੇ ਟੱਬਰਾਂ ਦੀਆਂ ਜੋ ਸਿਰ ਜਿੰਮੇਵਾਰੀਆਂ ਨੇ,
ਪਈਆਂ ਪੇਟੀਆਂ ‘ਚ ਡਿਗਰੀਆਂ ਨੇ ਕੀ ਢਿੱਡ ਭਰਨੇ,
ਜਦੋਂ ਹੱਥ ਵੱਡੇ ਸਾਡੇ ਬੇਰੁਜ਼ਗਾਰੀਆਂ ਨੇ।
ਗਲਤੀ ਤਾਂ ਵੈਸੇ ਸਾਡੀ ਹੀ ਬਣ ਗਈ ਏ,
ਭੁੱਖਿਆ ਨੂੰ ਬਣਾ ਹਾਕਮ ਜ਼ਿੰਦਗੀ ਰੁਲ ਗਈ ਏ,
ਬਣ ਨਵੀਆਂ ਸਰਕਾਰਾਂ ਵਾਅਦੇ ਕਰ ਭੁੱਲ ਗਈ ਏ,
ਬਸ ਝੂਠੇ ਹੌਸਲਿਆਂ ਨੇ ਮੱਤਾਂ ਸਾਡੀਆਂ ਮਾਰੀਆਂ ਨੇ,
ਪਈਆਂ ਪੇਟੀਆਂ ‘ਚ ਡਿਗਰੀਆਂ ਨੇ ਕੀ ਢਿੱਡ ਭਰਨੇ,
ਜਦੋਂ ਹੱਥ ਵੱਡੇ ਸਾਡੇ ਬੇਰੁਜ਼ਗਾਰੀਆਂ ਨੇ।
ਮਨਪ੍ਰੀਤ ਕੌਰ
ਫਫੜੇ ਭਾਈ ਕੇ (ਮਾਨਸਾ)
9914737211