ਪਟਿਆਲਾ (ਸਮਾਜ ਵੀਕਲੀ) : ਪੰਜਾਬੀ ਯੂਨੀਵਰਸਿਟੀ ਪਟਿਆਲਾ ਹੁਣ ਬਦਲੀਆਂ ਦੇ ਵੱਡੇ ਸੰਕਟ ’ਚ ਵੀ ਉਲਝਣ ਲੱਗੀ ਹੈ। ਯੂਨੀਵਰਸਿਟੀ ਦੇ ਅਧਿਆਪਕਾਂ ਦੇ ‘ਪ੍ਰੋਗਰੈਸਿਵ ਟੀਚਰਜ਼ ਅਲਾਇੰਸ’ ਨੇ ਯੂਨੀਵਰਸਿਟੀ ਦੇ ਚਾਂਸਲਰ ਕਮ ਪੰਜਾਬ ਦੇ ਗਵਰਨਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪਿਛਲੇ ਰਜਿਸਟਰਾਰ ਡਾ. ਯੋਗਰਾਜ ਦੇ ਹੁਕਮਾਂ ਹੇਠ ਥੋਕ ’ਚ ਹੋਈਆਂ ਬਦਲੀਆਂ ਦੀ ਕਿਸੇ ਨਿਰਪੱਖ ਧਿਰ ਤੋਂ ਪੜਤਾਲ ਕਰਵਾਈ ਜਾਵੇ।
ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਰਜਿਸਟਰਾਰ ਨੇ ਆਪਣੀਆਂ ਨਿੱਜੀ ਰੰਜਿਸ਼ਾਂ ਕਰਕੇ ਤੇ ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾਉਣ ਲਈ ਥੋਕ ’ਚ ਬਦਲੀਆਂ ਦਾ ਗੈਰਕਾਨੂੰਨੀ ਸਹਾਰਾ ਲਿਆ ਸੀ। ਜਥੇਬੰਦੀ ਨੇ ਸ਼ਿਕਾਇਤ ਵਿਚ ਦੱਸਿਆ ਹੈ ਕਿ ਡਾ. ਯੋਗਰਾਜ ਨੇ 27 ਜੁਲਾਈ ਨੂੰ ਬਤੌਰ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੀ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਰਜਿਸਟਰਾਰ ਰਹਿੰਦਿਆਂ ਪੰਜਾਬੀ ਯੂਨੀਵਰਸਿਟੀ ’ਚ ਮੁਲਾਜ਼ਮਾਂ ਦੀਆਂ ਤਕਰੀਬਨ 70 ਤੋਂ ਵੱਧ ਬਦਲੀਆਂ ਕੀਤੀਆਂ।
ਇਹ ਬਦਲੀਆਂ 28, 29 ਤੇ 30 ਜੁਲਾਈ ਨੂੰ ਤਿੰਨ ਦਿਨਾਂ ’ਚ ਹੀ ਕੀਤੀਆਂ ਗਈਆਂ। ਇਥੇ ਹੀ ਬੱਸ ਨਹੀਂ ਉਨ੍ਹਾਂ ਯੂਨੀਵਰਸਿਟੀ ਐਕਟ ਦੀ ਉਲੰਘਣਾ ਕਰਕੇ ਵਾਈਸ ਚਾਂਸਲਰ ਦੀਆਂ ਸ਼ਕਤੀਆਂ ਦੀ ਵੀ ਦੁਰਵਰਤੋਂ ਕੀਤੀ। ਉਨ੍ਹਾਂ ਸੁਰੱਖਿਆ ਤੇ ਟਰਾਂਸਪੋਰਟ ਅਫਸਰ ’ਤੇ ਹੋਰ ਅਧਿਕਾਰੀ ਲਾਏ। ਇਸ ਸਬੰਧੀ ਸ਼ਿਕਾਇਤ ਪੂਟਾ ਦੇ ਸਾਬਕਾ ਪ੍ਰਧਾਨ ਪ੍ਰੋ. ਭੁਪਿੰਦਰ ਸਿੰਘ ਵਿਰਕ, ਪ੍ਰੋ.ਨਿਸ਼ਾਨ ਸਿੰਘ ਦਿਓਲ ਤੇ ਡਾ. ਬਲਰਾਜ ਬਰਾੜ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਤੇ ਸੁਰੱਖਿਆ ਕਰਮਚਾਰੀਆਂ ਦੇ ਰੋਸ ਨੂੰ ਦੇਖਦਿਆਂ ਵਾਈਸ ਚਾਂਸਲਰ ਵੱਲੋਂ ਅਮਲਾ ਸ਼ਾਖਾ ਸ਼ਨਿਚਰਵਾਰ ਅਤੇ ਐਤਵਾਰ 1 ਤੇ 2 ਅਗਸਤ ਨੂੰ ਖੁੱਲ੍ਹਵਾ ਕੇ ਤੇ ਉਨ੍ਹਾਂ ਵੱਲੋਂ ਕੀਤੇ ਸਮੁੱਚੇ ਹੁਕਮਾਂ ਨੂੰ ਤੁਰੰਤ ਰੱਦ ਕੀਤਾ ਗਿਆ।
ਉਧਰ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਵਜੋਂ ਕਾਰਜਸ਼ੀਲ ਡਾ. ਯੋਗਰਾਜ ਨੇ ਦੋਸ਼ਾਂ ਨੂੰ ਝੂਠਾ ਦੱਸਿਆ। ਉਨ੍ਹਾਂ ਕਿਹਾ ਕਿ ਰਜਿਸਟਰਾਰ ਵਜੋਂ 15 ਕੁ ਦਿਨ ਦੇ ਵਰਕਿੰਗ ਪੀਰੀਅਡ ਦੌਰਾਨ ਉਨ੍ਹਾਂ ਸਤਾਰਾਂ ਦੇ ਕਰੀਬ ਹੀ ਬਦਲੀਆਂ ਕੀਤੀਆਂ ਹਨ ਜੋ ਜ਼ਰੂਰੀ ਸਨ। ਜਿਨ੍ਹਾਂ ’ਚੋਂ ਪੰਜ ਸੱਤ ਪੀਏ ਤੇ ਕੁਝ ਸੁਪਰਡੈਂਟ ਰੈਂਕ ਤੇ ਬਾਕੀ ਰੁਟੀਨ ਤੇ ਅਪਾਹਜ ਧਿਰਾਂ ਦੀਆਂ ਬਦਲੀਆਂ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਤਿੰਨ ਅਹਿਮ ਅਹੁਦਿਆਂ ਦੀਆਂ ਬਦਲੀਆਂ ਇਸ ਕਰਕੇ ਕੀਤੀਆਂ ਸਨ ਕਿ ਉਨ੍ਹਾਂ ’ਤੇ ਵਰ੍ਹਿਆਂ ਤੋਂ ਇੱਕੋ ਹੀ ਵਿਅਕਤੀ ਕਾਬਜ਼ ਸਨ, ਲਿਹਾਜ਼ਾ ਯੂਨੀਵਰਸਿਟੀ ਦੇ ਹਿੱਤਾਂ ਤੇ ਵਿਧਾਨ ਲਈ ਅਜਿਹੇ ਕਦਮ ਚੁੱਕਣੇ ਵੀ ਜ਼ਰੂਰੀ ਸਨ।