ਜਨੇਵਾ (ਸਮਾਜ ਵੀਕਲੀ) : ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਦੀ ਪਹਿਲੀ ਅਫਰੀਕੀ ਤੇ ਮਹਿਲਾ ਮੁਖੀ ਨਗੋਜ਼ੀ ਓਕੋਂਜੋ ਇਵੇਅਲਾ ਅੱਜ ਪਹਿਲੇ ਦਿਨ ਜਨੇਵਾ ਸਥਿਤ ਡਬਲਿਊਟੀਓ ਦੇ ਹੈੱਡਕੁਆਰਟਰ ਪਹੁੰਚੀ। ਇਸ ਦੌਰਾਨ ਉਨ੍ਹਾਂ ਮੱਛੀ ਪਾਲਣ ਦੇ ਧੰਦੇ ਨੂੰ ਸਬਸਿਡੀ ਦੇਣ ਬਾਰੇ ਸਹਿਮਤੀ ਦਿੱਤੀ ਹੈ। ਡਬਲਿਊਟੀਏ ਦੇ ਮੈਂਬਰ ਦੇਸ਼ਾਂ ਵੱਲੋਂ ਇਸ ਲਈ ਲੰਮੇ ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਲੋੜ ਨਾਲੋਂ ਵੱਧ ਮੱਛੀ ਫੜਨ ਦੇ ਕਾਰੋਬਾਰ ਨੂੰ ਠੱਲ੍ਹ ਪਵੇਗੀ।
66 ਸਾਲਾ ਨਾਇਜੀਰੀਅਨ ਅਰਥ ਸ਼ਾਸਤਰੀ ਅਤੇ ਸਾਬਕਾ ਮੰਤਰੀ ਨੇ ਡਬਲਿਊਟੀਓ ਦੇ ਹੈੱਡਕੁਆਰਟਰ ਦੇ ਬਾਹਰ ਹੀ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਕੀਤੀ। ਉਨ੍ਹਾਂ ਕਿਹਾ, ‘ਮੈਂ ਦੁਨੀਆਂ ਦੀ ਸਭ ਤੋਂ ਅਹਿਮ ਸੰਸਥਾਵਾਂ ’ਚੋਂ ਇੱਕ ਵਿੱਚ ਆ ਰਹੀ ਹਾਂ ਅਤੇ ਸਾਨੂੰ ਇੱਥੇ ਬਹੁਤ ਸਾਰਾ ਕੰਮ ਕਰਨਾ ਹੈ। ਮੈਂ ਖੁਦ ਨੂੰ ਇਸ ਕੰਮ ਲਈ ਤਿਆਰ ਮਹਿਸੂਸ ਕਰ ਰਹੀ ਹਾਂ।’
ਜਨਰਲ ਕੌਂਸਲ ਦੀ ਪਹਿਲੀ ਮੀਟਿੰਗ ’ਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਵੱਲੋਂ ਸੰਸਥਾ ਦੇ ਸਟਾਫ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ। ਜਨਰਲ ਕੌਂਸਲ ਦੀ ਮੀਟਿੰਗ ’ਚ ਕੌਮਾਂਤਰੀ ਸੰਸਥਾ ਦੇ 164 ਮੈਂਬਰ ਸ਼ਾਮਲ ਹੁੰਦੇ ਹਨ। ਕਰੋਨਾਵਾਇਰਸ ਸਬੰਧੀ ਪਾਬੰਦੀਆਂ ਕਾਰਨ ਇਸ ਮੀਟਿੰਗ ’ਚ ਬਹੁਤ ਘੱਟ ਮੈਂਬਰ ਹਿੱਸਾ ਲੈ ਸਕਦੇ ਹਨ ਅਤੇ ਜਨਰਲ ਕੌਂਸਲ ਦੀ ਮੀਟਿੰਗ ਵੀਡੀਓ ਕਾਨਫਰੰਸ ਰਾਹੀਂ ਹੋਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਡੋਨਲਡ ਟਰੰਪ ਦੇ ਕਾਰਜਕਾਲ ਕੌਰਾਨ ਓਕੋਂਜੋ ਦੀ ਨਿਯੁਕਤੀ ’ਚ ਦੇਰੀ ਹੋਈ ਸੀ। ਉਨ੍ਹਾਂ ਦੀ ਨਿਯੁਕਤੀ ਨੂੰ ਪਿਛਲੇ ਮਹੀਨੇ ਬਾਇਡਨ ਪ੍ਰਸ਼ਾਸਨ ਵੱਲੋਂ ਮਨਜ਼ੂਰੀ ਦਿੱਤੀ ਗਈ ਸੀ।