ਡਗਮਗਾ ਰਹੀ ਸਿਹਤ ਪ੍ਰਣਾਲੀ ਨੂੰ ਸੰਭਾਲਣਾ ਮੌਜੂਦਾ ਸਮੇਂ ਦੀ ਮੱੁਖ ਲੋੜ

ਹਰਪ੍ਰੀਤ ਸਿੰਘ ਬਰਾੜ

(ਸਮਾਜ ਵੀਕਲੀ)

ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੇ ਐਨਾ ਜਿਆਦਾ ਭਿਆਨਕ ਹੋ ਜਾਣ ਬਾਰੇ ਸਰਕਾਰ, ਜਨਤਾ ਅਤੇ ਸਿਹਤ ਮਾਹਿਰਾਂ ਨੇ ਵੀ ਨਹੀਂ ਸੋਚਿਆ ਸੀ। ਫਿਲਹਾਲ ਇਹ ਕਹਿਣਾ ਮੁਸ਼ਕਿਲ ਹੈ ਕਿ ਜੇਕਰ ਵਾਇਰਸ ਦੀ ਐਨੀ ਤੇਜ਼ ਰਫ਼ਤਾਰ ਨਾਲ ਵਧਦੀ ਲਹਿਰ ਦੀ ਜਾਣਕਾਰੀ ਪਹਿਲਾਂ ਤੋਂ ਹੁੰਦੀ ਤਾਂ ਕੀ ਸਿਹਤ ਖੇਤਰ ਅਤੇ ਸਰਕਾਰੀ ਮਸ਼ੀਨਰੀ ਉਨ੍ਹਾਂ ਹਲਾਤਾ ਦਾ ਸਾਹਮਣਾ ਕਰ ਪਾਉਂਦੀ ਅਤੇ ਕੀ ਐਨੇ ਵੱਡੇ ਪੱਧਰ *ਤੇ ਹੋਏ ਜਾਨੀ ਨੁਕਸਾਨ ਨੂੰ ਰੋਕਿਆ ਜਾ ਸਕਦਾ ਸੀ ੈ ਅੱਜ ਹਸਪਤਾਲਾਂ ਵਿੱਚ ਝੰਝੋੜ ਕੇ ਰੱਖ ਦੇਣ ਵਾਲੇ ਦ੍ਰਿਸ਼ ਸੋਸ਼ਲ ਮੀਡੀਆ ਅਤੇ ਟੀਵੀ ਚੈਨਲਾ *ਤੇ ਦੇਖਣ ਨੂੰ ਮਿਲ ਰਹੇ ਹਨ।

ਇੰਝ ਲੱਗਦਾ ਹੈ ਕਿ ਜੇਕਰ ਕਰੋਨਾ ਦੇ ਪਿਛਲੇ ਸਾਲ ਤੋਂ ਹੀ ਇਮਾਨਦਾਰੀ ਨਾਲ ਸਬਕ ਲੈ ਲਿਆ ਜਾਂਦਾ ਤਾਂ ਇਸ ਦੂਜੀ ਲਹਿਰ ਨੂੰ ਭਿਆਨਕ ਹੋਣ ਤੋਂ ਰੋਕਦੇ ਹੋਏ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆ ਸਨ।ਅੱਜ ਸਾਡੇ ਸਾਹਮਣੇ ਸਿਰਫ਼ ਆਕਸੀਜਨ ਦੀ ਹੀ ਕਮੀਂ ਨਹੀਂ ਹੈ, ਜੀਵਨ ਰੱਖਿਅਕ ਦਵਾਈਆਂ ਅਤੇ ਮਰੀਜਾਂ ਲਈ ਬੈੱਡ ਵੀ ਨਾ—ਕਾਫ਼ੀ ਹਨ। ਕੁਝ ਦਵਾਈਆਂ ਦੀ ਕਮੀਂ ਤਾਂ ਇਸ ਲਈ ਹੋ ਗਈ ਕਿਉਂਕਿ ਕਰੋਨਾ ਦੀ ਰਫਤਾਰ ਮੱਠੀ ਪੈਣ ਸਮਂੇ ਇਨ੍ਹਾਂ ਦਾ ਉਤਪਾਦਨ ਹੀ ਬੰਦ ਕਰ ਦਿੱਤਾ ਗਿਆ ਸੀ।

ਹੁਣ ਹਲਾਤ ਇਹ ਹਨ ਕਿ ਮੁਨਾਫ਼ਾਖੋਰਾਂ ਨੇ ਇਨ੍ਹਾ ਦਵਾਈਆਂ ਦੀ ਕਾਲਾਬਜਾਰੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਕੁਝ ਲੋਕਾਂ ਨੇ ਇਨ੍ਹਾਂ ਦੀ ਜਰੂਰਤ ਨਾ ਹੋਣ ਦੇ ਬਾਵਜੁਦ ਵੀ ਇਨ੍ਹਾਂ ਨੂੰ ਖ਼ਰੀਦ ਕੇ ਆਪਣੇ ਕੋਲ ਜਮ੍ਹਾਂ ਕਰ ਰੱਖਿਆ ਹੈ। ਮੌਜੂਦਾ ਸਮੇਂ *ਚ ਆਕਸੀਜਨ ਦੀ ਕਾਫੀ ਕਿੱਲਤ ਹੈ ਅਤੇ ਇਸਦਾ ਕਾਰਨ ਇਹ ਹੈ ਕਿ ਇਸ ਸਮੱਸਿਆ ਬਾਰੇ ਵਿਉੱਤਬੰਦੀਆਂ ਤਾਂ ਬਹੁਤ ਘੜੀਆਂ ਗਈਆਂ ਪਰ ਆਕਸੀਜਨ ਪਲਾਂਟ ਕਿਤੇ ਵੀ ਸਥਾਪਤ ਨਹੀਂ ਕੀਤੇ ਜਾ ਸਕੇ।

ਵਿਦੇਸ਼ਾਂ ਤੋਂ ਆਕਸੀਜਨ ਦੇ ਕੰਟੇਨਰ ਮੰਗਵਾਏ ਜਾ ਰਹੇ ਹਨ ਨਾਲ ਹੀ ਉਦਯੌਗਿਕ ਇਕਾਈਆਂ ਵੀ ਆਪਣੇ ਹਿੱੱਸੇ ਦੀ ਆਕਸੀਜਨ ਹਸਪਤਾਲਾਂ ਨੂੰ ਸਪਲਾਈ ਕਰ ਰਹੀਆਂ ਹਨ। ਇਸ ਤੋਂ ਬਾਅਦ ਵੀ ਆਕਸੀਜਨ ਦੀ ਕਮੀਂ ਦੇਖਣ ਨੂੰ ਮਿਲ ਰਹੀ ਹੈ।ਕਈ ਲੋਕਾਂ ਨੇ ਤਾਂ ਬਿਨਾਂ ਜਰੂਰਤ ਹੀ ਆਕਸੀਜਨ ਸਿਲੈਂਡਰ ਆਪਣੇ ਘਰਾਂ *ਚ ਰੱਖੇ ਹੋਏ ਹਨ।ਇਸ ਤੋਂ ਸਾਫ ਝਲਕਦਾ ਹੈ ਕਿ ਲੋਕ ਸਿਹਤ ਤੰਤਰ *ਤੇ ਭਰੋਸਾ ਨਹੀਂ ਕਰ ਪਾ ਰਹੇ ਹਨ।

ਸਾਡੇ ਦੇਸ਼ ਦਾ ਸਿਹਤ ਢਾਂਚਾ ਪਹਿਲਾਂ ਤੋਂ ਹੀ ਕਮਜ਼ੋਰ ਹੈ। ਸਾਡੇ ਹਸਪਤਾਲਾਂ ਵਿਚ ਮਰੀਜ਼ਾਂ ਦੇ ਨਾਲ ਪਤਾ ਲੈਣ ਵਾਲਿਆਂ ਦੇ ਰੂਪ *ਚ ਵਕੀਲ ਰੂਪੀ ਰਿਸ਼ਤੇਦਾਰ ਵੀ ਹੁੰਦੇ ਹਨ ਜੋ ਮਰੀਜ਼ਾਂ ਬਾਰੇ ਡਾਕਟਰਾਂ ਨੂੰ ਸਵਾਲ ਕਰਦੇ ਰਹਿੰਦੇ ਹਨ। ਕਈ ਵਾਰ ਡਾਕਟਰਾਂ ਕੋਲ ਇਨ੍ਹਾਂ ਮਰੀਜਾਂ ਦੇ ਸਵਾਲਾਂ ਦਾ ਜਵਾਬ ਦੇਣ ਦਾ ਸਮਾਂ ਨਹੀਂ ਹੁੰਦਾ। ਇਸ ਨਾਲ ਇਨ੍ਹਾਂ ਦੇ ਸ਼ਿਕਾਇਤੀ ਸੁਰ ਰੁੱਖੇ ਅਤੇ ਹੋਰ ਤੇਜ਼ ਹੋ ਜਾਂਦੇ ਹਨ। ਆਮ ਦੇਸ਼ ਵਾਸੀਆਂ ਨੂੰ ਹਸਪਤਾਲਾਂ *ਤੇ ਭਰੋਸਾ ਇਸ ਕਰਕੇ ਵੀ ਨਹੀ਼ ਹੈ, ਕਿਉਂਕਿ ਸਿਹਤ ਤੰਤਰ *ਚ ਸੁਧਾਰ ਲਿਆਉਣ ਲਈ ਲੋੜੀਂਦੇ ਯਤਨ ਹੀ ਨਹੀਂ ਕੀਤੇ ਗਏ ।

ਗੱਲ ਕਰੀਏ ਪ੍ਰਾਈਵੇਟ ਹਸਪਤਾਲਾਂ ਦੀ ਤਾਂ ਉਥੇ ਲੋਕ ਅਜਿਹੇ ਤਜ਼ੁਰਬਿਆਂ *ਚੋਂ ਜਰੂਰ ਲੰਘੇ ਹੋਣਗੇ ਕਿ ਮਰੀਜ ਭਾਵੇਂ ਕਿੰਨੀ ਵੀ ਗੰਭੀਰ ਹਾਲਤ *ਚ ਕਿਉ਼ਂ ਨਾ ਹੋਵ ਜਦੋਂ ਤੱਕ ਇਕ ਨਿਸ਼ਚਤ ਰਕਮ ਜਮ੍ਹਾਂ ਨਾ ਕਰਵਾ ਦਿੱਤੀ ਜਾਵੇ ,ਉਦੋਂ ਤੱਕ ਮਰੀਜ ਦਾ ਇਲਾਜ ਸ਼ੁਰੂ ਨਹੀਂ ਹੁੰਦਾ। ਫਿਰ ਸਾਡੇ ਦੇਸ਼ *ਚ ਬੇਲੋੜੇ ਟੈਸਟ ਕਰਵਾਉਣ, ਇਲਾਜ *ਚ ਦੇਰੀ ਕਰਨ, ਗਲਤ ਦਵਾਈਆਂ ਦੇਣ ਜਾਂ ਫਿਰ ਵਧਾ—ਚੜ੍ਹਾ ਕੇ ਬਿੱਲ ਬਣਾਉਣ ਦੀਆਂ ਸ਼ਿਕਾਇਤਾਂ ਵੀ ਆਮ ਹਨ। ਕਈ ਵਾਰ ਇਹ ਸ਼ਿਕਾਇਤਾਂ ਸਹੀ ਵੀ ਹੁੰਦੀਆਂ ਹਨ।ਇਸ ਤਰਾਂ ਦੇ ਹਲਾਤ ਵਿਕਸਤ ਦੇਸ਼ਾਂ ਦੀ ਤਸਵੀਰ ਨਹੀਂ ਹਨ, ਕਿਉਂਕਿ ਉਥੇ ਰਿਸ਼ਤੇਦਾਰ ਜਾਂ ਮੀਡੀਆ ਹਸਪਤਾਲਾਂ ਦੇ ਅੰਦਰ ਖੋਰੂ ਨਹੀਂ ਪੱਟਦੇ।

ਇਨ੍ਹੀ ਦਿਨੀ ਦੇਸ਼ੀ ਵਿਦੇਸ਼ੀ ਮੀਡੀਆ ਦੇਸ਼ ਦੇ ਕਮਜ਼ੌਰ ਸਿਹਤ ਢਾਂਚੇ ਦੀ ਖ਼ਬਰ ਲੈਣ ਦੇ ਨਾਲ —ਨਾਲ ਸਰਕਾਰ ਨੂੰ ਵੀ ਕਟਹਿਰੇ *ਚ ਖੜਾ ਕਰ ਰਿਹਾ ਹੈ। ਅੰਤਰਰਾਸ਼ਟਰੀ ਮੀਡੀਆ ਦਾ ਇਕ ਵਰਗ ਸਰਕਾਰ *ਤੇ ਕੁਝ ਜਿਆਦਾ ਹੀ ਹਮਲਾਵਰ ਹੈ। ਉਹ ਇਸ ਗੱਲ ਦੀ ਅਣਦੇਖੀ ਕਰ ਰਿਹਾ ਹੈ ਕਿ 130 ਕਰੋੜ ਦੀ ਅਬਾਦੀ ਵਾਲੇ ਭਾਰਤ *ਚ ਮੌਤ ਫੀਸਦ ਯੂਰੋਪ ਅਤੇ ਅਮਰੀਕਾ ਤੋਂ ਕਿਤੇ ਘੱਟ ਹੈ। ਜਿੰਨ੍ਹਾਂ ਕਾਰਨਾ ਕਰਕੇ ਵਿਕਸਤ ਦੇਸ਼ਾਂ *ਚ ਕਰੋਨਾ ਮਰੀਜ਼ਾਂ ਦੀ ਮੌਤ ਹੋਈ, ਉਨ੍ਹਾਂ ਕਾਰਨਾ ਨਾਲ ਹੀ ਭਾਰਤ *ਚ ਵੀ ਕਰੋਨਾ ਪੀੜਤਾਂ ਦੀ ਮੌਤ ਹੋ ਰਹੇ ਹਨ। ਪਰ ਵਿਦੇਸ਼ੀ ਮੀਡੀਏ ਨੇ ਭਾਰਤ ਦੇ ਮਾਮਲੇ *ਚ ਕੁਝ ਅਲੱਗ ਹੀ ਮਾਪਦੰਡ ਅਪਣਾਏ ਹੋਏ ਹਨ।

ਜਦੋਂ ਅਮਰੀਕਾ ਅਤੇ ਯੂਰੋਪ *ਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ *ਚ ਕੋਰਨਾ ਮਰੀਜ਼ ਮਰ ਰਹੇ ਸਨ, ਉਦੋਂ ਵਿਦੇਸ਼ੀ ਮੀਡੀਆ ਆਪਣੇ ਹਸਪਤਾਲਾਂ ਦੀ ਬਦਹਾਲੀ ਅਤੇ ਸਰਕਾਰੀ ਤੰਤਰ ਦੀ ਨਕਾਮੀ *ਤੇ ਸਵਾਲ ਚੱਕਣ ਤੋਂ ਬਚ ਰਿਹਾ ਸੀ । ਵਿਦੇਸ਼ੀ ਮੀਡੀਏ ਦੇ ਦੋਹਰੋ ਰਵੱਈਏ ਨਾਲ ਇਹ ਸੱਚ ਲੁਕਣ ਵਾਲਾ ਨਹੀਂ ਹੈ ਕਿ ਇਸ ਸਮੇਂ ਅਮਰੀਕਾ ਅਤੇ ਯੂਰੋਪ *ਚ ਸਿਹਤ ਪ੍ਰਬੰਧ ਨਾ ਕਾਫੀ ਸਿੱਧ ਹੋ ਰਹੇ ਸਨ ਅਤੇ ਇਸੇ ਕਾਰਨ ਹੀ ਉਥੇ ਵੀ ਭੱਗਦੜ ਦਾ ਮਾਹੌਲ ਸੀ।

ਵਿਕਸਤ ਦੇਸ਼ਾਂ ਅਤੇ ਭਾਰਤ *ਚ ਇਕ ਫਰਕ ਇਹ ਵੀ ਹੈ ਕਿ ਇਥੇ ਮਰੀਜਾਂ ਦੇ ਸਿਰ *ਤੇ ਨੱਚਣ ਵਾਲੇ ਸਗੇ —ਸਬੰਧੀ ਅਤੇ ਰਿਸ਼ਤੇਦਾਰ ਆਈਸੀਯੂ ਤੱਕ ਦੀ ਵੀਡੀਓ ਬਣਾਉਣ *ਚ ਕਾਮਯਾਬ ਹੋ ਜਾਂਦੇ ਹਨ। ਇਸੇ ਕਾਰਨ ਸਾਡੇ ਦੇਸ਼ *ਚ ਹਸਪਤਾਲਾਂ *ਚ ਪਏ ਕਰੋਨਾ ਮਰੀਜਾਂ ਦੀਆਂ ਕਹਾਣੀਆਂ ਚਾਰੇ ਪਾਸੇ ਫੈਲ ਰਹੀਆਂ ਹਨ ਜ਼ੋ ਕਿ ਵਿਦੇਸ਼ਾਂ *ਚ ਕਿਤੇ ਦੇਖਣ—ਸੁਣਨ *ਚ ਨਹੀਂ ਆਉਂਦੀਆਂ ਅਤੇ ਨਾ ਹੀ ਵਿਕਸਤ ਦੇਸ਼ਾਂ *ਚ ਮਰੀਜਾਂ ਦੇ ਰਿਸ਼ਤੇਦਾਰ ਸੋਸ਼ਲ ਮੀਡੀਆ *ਤੇ ਭੜਾਸ ਕੱਢਦੇ ਹਨ।

ਭਾਰਤ *ਚ ਮਰੀਜ ਦੀ ਮੌਤ ਤੋਂ ਬਾਅਦ ਡਾਕਟਰਾਂ ਦੀ ਮਾਰਕੁੱਟ ਅਤੇ ਹਸਪਤਾਲ *ਚ ਭੰਨ ਤੋੜ ਦੀਆਂ ਘਟਨਾਵਾਂ ਆਮ ਹਨ।ਕਈ ਵਾਰ ਇ੍ਹਨਾਂ ਘਟਨਾਵਾਂ ਦੀਆਂ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ ਤੋਂ ਲੈਕੇ ਅਦਾਲਤਾਂ *ਚ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ। ਅਜਿਹਾ ਹੋਣ ਨਾਲ ਵੀ ਲੋਕਾਂ ਦਾ ਸਿਹਤ ਵਿਵਸਥਾ *ਤੋਂ ਵਿਸ਼ਵਾਸ ਚੱਕਿਆ ਜਾਂਦਾ ਹੈ।

ਇਹ ਸਵਿਕਾਰ ਲੈਣਾ ਚਾਹੀਦੈ ਕਿ ਭਾਰਤ *ਚ ਕੋਈ ਵੀ ਇਹ ਅੰਦਾਜਾ ਨਹੀਂ ਲਾ ਸਕਿਆ ਕਿ ਕਰੋਨਾ ਦੀ ਦੂਜੀ ਲਹਿਰ ਐਨੀ ਖ਼ਤਰਨਾਕ ਸਿੱਧ ਹੋਵੇਗੀ। ਇਸ ਦੂਜੀ ਲਹਿਰ ਨਾਲ ਨੱਜਿਠਣ ਦੇ ਲਈ ਕੋਈ ਖਾਸ ਤਿਆਰੀ ਨਹੀਂ ਕੀਤੀ ਗਈ। ਜੇਕਰ ਭਾਰਤ ਨੇ ਕਰੋਨਾ ਮਹਾਂਮਾਰੀ ਤੋਂ ਬਚਣਾ ਹੈ ਤਾਂ ਟੀਕਾਕਰਣ ਮੁਹਿੰਮ ਨੂੰ ਹੋਰ ਤੇਜ਼ ਕਰਨਾ ਪਵੇਗਾ। ਬਦਕਿਸਤੀ ਹੈ ਕਿ ਟੀਕੇ *ਤੇ ਵੀ ਸਸਤੀ ਸਿਆਸਤ ਹੋ ਰਹੀ ਹੈ।

ਬਹੁਤੇ ਦਿਨ ਨਹੀਂ ਲੰਘੇ ,ਜਦੋਂ ਕਾਂਗ੍ਰਸ ਦੀ ਸਰਕਾਰ ਵਾਲੇ ਸੂਬੇ ਖਾਸਕਰ ਪੰਜਾਬ ਅਤੇ ਛਤੀਸਗੜ੍ਹ ਵੈਕਸੀਨ ਲੈਣ ਤੋਂ ਇਨਕਾਰ ਕਰ ਰਹੇ ਸੀ। ਕੁਝ ਹੋਰ ਸੂਬੇ ਵੀ ਹਨ ਜੋੋ ਟੀਕਾਕਰਣ ਪ੍ਰਤੀ ਉਤਸ਼ਾਹ ਨਹੀਂ ਦਿਖਾ ਰਹੇ ਹਨ ਜਾਂ ਫਿਰ ਟੀਕੀਆ ਦੇ ਖਰਾਬ ਹੋਣ ਦੀ ਪਰਵਾਹ ਨਹੀਂ ਕਰ ਰਹੇ ਹਨ। ਇਸੇ ਹਫਤਾ ਪੰਜਾਬ ਦੀ ਇਕ ਵੱਡੀ ਮਸ਼ਹੂਰ ਨਹਿਰ ਵਿਚੋਂ ਹਜ਼ਾਰਾਂ ਦੀ ਗਿਣਤੀ ਵਿਚ ਤੈਰਦੇ ਹੋਏ ਟੀਕੇ ਬਰਾਮਦ ਕੀਤੇ ਗਏ ਸਨ।

ਘੱਟੋ ਘੱਟ ਹੁਣ ਤਾਂ ਸਭ ਨੂੰ ਸਚੇਤ ਹੋ ਜਾਣਾ ਚਾਹੀਦਾ ਹੈ, ਕਿਉਂਕਿ ਇਹ ਮਹਾਮਾਰੀ ਲੰਮੇ ਸਮੇਂ ਤੱਕ ਰਹਿ ਸਕਦੀ ਹੈ। ਸਰਕਾਰਾਂ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਅਗਲੇ ਦੋ—ਤਿੰਨ ਮਹfੀਨਆ ਤੱਕ ਘੱਟੋ ਘੱਟ ਦੇਸ਼ ਦੀ ਅੱਧੀ ਅਬਾਦੀ ਨੂੰ ਟੀਕਾ ਲਾ ਦਿੱਤਾ ਜਾਵੇ। ਅਜਿਹਾ ਉਦੋਂ ਹੀ ਸੰਭਵ ਹੋਵੇਗਾ ਜਦੋਂ ਟੀਕਿਆਂ ਦੀ ਸਪਲਾਈ ਵਧਾ ਕੇ ਅਸਲੀਯਤ *ਚ ਜੰਗੀ ਪੱਧਰ *ਤੇ ਟੀਕਾਕਰਣ ਸ਼ੁਰੂ ਕੀਤਾ ਜਾਵੇਗਾ। ਇਸ ਗੱਲ ਦਾ ਵੀ ਖਦਸ਼ਾ ਬਰਕਰਾਰ ਹੈ ਕਿ ਕਰੋਨਾ ਵਾਇਰਸ ਦੀ ਤੀਜੀ ਲਹਿਰ ਦੂਜੀ ਨਾਲੋਂ ਵੀ ਜਿਆਦਾ ਘਾਤਕ ਸਿੱਧ ਹੋ ਸਕਦੀ ਹੈ।

ਇਸ ਲਈ ਇਹ ਜ਼ਰੂਰੀ ਹੈ ਕਿ ਸਾਡਾ ਸਮਾਜ, ਡਾਕਟਰਾਂ ਅਤੇ ਸਿਹਤ ਖੇਤਰ *ਤੇ ਵਿਸ਼ਵਾਸ ਬਣਾ ਕੇ ਰੱਖੇ। ਆਖ਼ਰ ਉਹ ਹੀ ਸਾਨੂੰ ਮੁਸੀਬਤ *ਚੋਂ ਕੱਢਣਗੇ ਅਤੇ ਉਹ ਹੀ ਤੀਜੀ ਲਹਿਰ ਦਾ ਮੁਕਾਬਲਾ ਕਰਣਗੇ। ਮੁਸ਼ਕਿਲ ਦੇ ਇਸ ਦੌਰ *ਚ ਕੁਝ ਅਜਿਹਾ ਕੀਤਾ ਜਾਣਾ ਚਾਹੀਦੈ ,ਜਿਸ ਨਾਲ ਡਾਕਟਰਾਂ ਅਤੇ ਸਿਹਤ ਕਰਮੀਆਂ ਦਾ ਮਨੋਬਲ ਵਧੇੇ।

ਬੇਸ਼ੱਕ ਇਹ ਵੀ ਜਰੂਰੀ ਹੈ ਕਿ ਹਸਪਤਾਲਾਂ *ਚ ਬੈੱਡ, ਆਕਸੀਜਨ ਅਤੇ ਦਵਾਈਆਂ ਦੀ ਸਪਲਾਈ ਵਧਾਉਣ ਦੇ ਨਾਲ —ਨਾਲ ਸਿਹਤ ਕਰਚਾਰੀਆਂ ਦੀ ਗਿਣਤੀ ਵੀ ਵਧਾਈ ਜਾਵੇ। ਸਰਕਾਰ ਨੂੰ ਚਾਹੀਦਾ ਹੈ ਕਿ ਕਰੋਨਾ ਦੇ ਪਹਿਲੇ ਸਾਲ ਦੇ ਦੌਰ *ਚ ਸਥਾਪਤ ਕੀਤੇ ਗਏ ਕੋਵਿਡ ਸੈੱਟਰਾ *ਚ ਰੱਖੇ ਗਏ ਸਟਾਫ ਨੂੰ ਮੁੜ ਕੰਮ *ਤੇ ਲਿਆਂਦਾ ਜਾਵੇ। ਇਨ੍ਹਾਂ ਕਰਮਚਾਰੀਆਂ ਦੀ ਤਨਖਾਹ ਦਾ ਖਰਚਾ ਆਮ ਜਨਤਾ ਦੀ ਜਾਨ ਤੋਂ ਜਿਆਦਾ ਕੀਮਤੀ ਨਹੀਂ ਹੈ। ਜੇਕਰ ਹੁਣ ਵੀ ਸਰਕਾਰ ਵੱਲੋਂ ਇਨ੍ਹਾਂ ਸਾਰੇ ਪਹਿਲੂਆਂ *ਤੇ ਆਪਣੀ ਠੋਸ ਰਣਨੀਤੀ ਅਤੇ ਸੁਚੱਜੀ ਕਾਰਜ਼ਸ਼ੈਲੀ ਨਹੀਂ ਅਪਣਾਈ ਗਈ ਤਾਂ ਹਲਾਤ ਅਤੇ ਸਮਾਂ ਹੱਥੋਂ ਨਿਕੱਲਦੇ ਜਿਆਦਾ ਦੇਰ ਨਹੀਂ ਲੱਗਣੀ ।

ਹਰਪ੍ਰੀਤ ਸਿੰਘ ਬਰਾੜ

ਮੇਨ ਏਅਰ ਫੋਰਸ ਰੋਡ,ਬਠਿੰਡਾ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਲਵੀਨ ਬੰਗੜ ਨੂੰ ਜਨਮ ਦਿਨ ਦੀ ਬਹੁਤ ਬਹੁਤ ਵਧਾਈਆਂ।
Next articleਨਿਮਨ ਵਰਗ ਦੇ ਲੋਕਾਂ ਦੀ ਬੁਲੰਦ ਅਵਾਜ਼- ਪ੍ਰੇਮ ਗੋਰਖੀ