ਟੋਹਾਣਾ: ਕਿਸਾਨ ਸੰਘਰਸ਼ ਦੀ ਜਿੱਤ, ਤਿੰਨੋਂ ਆਗੂ ਰਿਹਾਅ

ਚੰਡੀਗੜ੍ਹ/ਟੋਹਾਣਾ (ਸਮਾਜ ਵੀਕਲੀ): ਟੋਹਾਣਾ (ਹਰਿਆਣਾ) ਦੇ ਥਾਣੇ ’ਚ ਜਾਰੀ ਧਰਨੇ ਦੇ ਤੀਜੇ ਦਿਨ ਅੱਜ ਪੁਲੀਸ ਵੱਲੋਂ ਗ੍ਰਿਫ਼ਤਾਰ ਕਿਸਾਨ ਮੱਖਣ ਸਿੰਘ ਨੂੰ ਵੀ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਬਾਕੀ ਮੰਗਾਂ ਵੀ ਮੰਨ ਲਈਆਂ ਗਈਆਂ ਹਨ। ਇਸ ਤੋਂ ਪਹਿਲਾਂ ਅੱਧੀ ਰਾਤ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਨੌਜਵਾਨ ਕਿਸਾਨ ਆਗੂਆਂ ਰਵੀ ਆਜ਼ਾਦ ਅਤੇ ਵਿਕਾਸ ਸੀਸਰ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਨੇ ਜੇਜੇਪੀ ਵਿਧਾਇਕ ਦਵਿੰਦਰ ਬਬਲੀ ਨਾਲ ਤਕਰਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਕਿਸਾਨ ਆਗੂਆਂ ਦੀ ਰਿਹਾਈ ਲਈ ਥਾਣਾ ਸਦਰ ਟੋਹਾਣਾ ਮੂਹਰੇ ਧਰਨਾ ਲਾਇਆ ਹੋਇਆ ਸੀ ਤੇ ਇਸ ਦਾ ਅੱਜ ਤੀਜਾ ਦਿਨ ਸੀ। ਪੁਲੀਸ ਨੇ ਵਿਧਾਇਕ ਬਬਲੀ ਨਾਲ ਟਕਰਾਅ ਦੇ ਮਾਮਲੇ ਵਿੱਚ ਦਰਜ ਕੀਤੇ ਕੇਸ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚੜੂਨੀ, ਯੋਗੇਂਦਰ ਯਾਦਵ, ਘਾਸੀ ਰਾਮ ਨੈਨ ਸਣੇ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਸਮੇਤ ਹਜ਼ਾਰਾਂ ਕਿਸਾਨਾਂ ਨੇ 6 ਅਤੇ 7 ਜੂਨ ਦੀ ਵਿਚਕਾਰਲੀ ਰਾਤ ਥਾਣੇ ਵਿਚ ਬਤੀਤ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਸੂਬੇ ਭਰ ’ਚ ਥਾਣਿਆਂ ਦੇ ਘਿਰਾਓ ਦਾ ਪ੍ਰੋਗਰਾਮ ਐਲਾਨਣ ਤੋਂ ਬਾਅਦ ਪ੍ਰਸ਼ਾਸਨ ਨੇ ਅੱਧੀ ਰਾਤ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਨੌਜਵਾਨ ਕਿਸਾਨ ਆਗੂਆਂ ਰਵੀ ਆਜ਼ਾਦ ਅਤੇ ਵਿਕਾਸ ਸੀਸਰ ਨੂੰ ਰਿਹਾਅ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਦੋਵੇਂ ਕਿਸਾਨ ਆਗੂ ਅੱਜ ਸਵੇਰੇ ਟੋਹਾਣਾ ਥਾਣੇ ਵਿਖੇ ਰੋਸ ਪ੍ਰਦਰਸ਼ਨ ਕਰਨ ਪਹੁੰਚੇ।

ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਲਿਆ ਸੀ ਕਿ ਸਿਰਸਾ, ਫਤਿਹਾਬਾਦ, ਜੀਂਦ ਅਤੇ ਹਿਸਾਰ ਜ਼ਿਲ੍ਹਿਆਂ ਤੋਂ ਕਿਸਾਨ ਵੱਡੀ ਗਿਣਤੀ ’ਚ ਟੋਹਾਣਾ ਪਹੁੰਚਣਗੇ। ਕਿਸਾਨਾਂ ਨੇ ਟੈਂਟ ਗੱਡਦਿਆਂ, ਲੰਗਰ ਦੇ ਪੂਰੇ ਪ੍ਰਬੰਧ ਕਰਦਿਆਂ ਪੱਕੇ-ਧਰਨੇ ਦੀ ਤਿਆਰੀ ਵਿੱਢ ਦਿੱਤੀ ਸੀ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਮੋਦੀ ਸਰਕਾਰ ਤਿੰਨੋਂ ਖੇਤੀ ਕਾਨੂੰਨਾਂ ਰਾਹੀ ਖੇਤਾਬਾੜੀ ਨੂੰ ਪੂੰਜੀਪਤੀਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਭਾਜਪਾ ਦੀ ਨਹੀਂ ਮੋਦੀ ਦੀ ਸਰਕਾਰ ਹੈ ਜਿਸ ਨੂੰ ਪੂੰਜੀਪਤੀ ਚਲਾ ਰਹੇ ਹਨ। ਇਸੇ ਕਾਰਨ ਕੇਂਦਰ ਸਰਕਾਰ ਕਿਸਾਨਾਂ ਨਾਲ ਕਾਨੂੰਨਾਂ ਦੇ ਮੁੱਦੇ ’ਤੇ ਗੱਲਬਾਤ ਕਰਨ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉੱਦੋਂ ਤੱਕ ਕਿਸਾਨ ਅੰਦੋਲਨ ਜਾਰੀ ਰਹੇਗਾ।

ਟਿਕੈਤ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਪੈਂਤੜੇ ਖੇਡ ਰਹੀ ਹੈ ਪਰ ਇਹ ਅੰਦੋਲਨ ਕਮਜ਼ੋਰ ਹੋਣ ਵਾਲਾ ਨਹੀਂ ਹੈ। ਉਨ੍ਹਾਂ ਹਰੇਕ ਪਿੰਡ ਵਿੱਚੋਂ ਇਕ ਟਰੈਕਟਰ ’ਤੇ 15 ਲੋਕਾਂ ਨੂੰ 10 ਦਿਨਾਂ ਲਈ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਸੰਘਰਸ਼ ਵਿੱਚ ਪਹੁੰਚਣ ਦੀ ਅਪੀਲ ਕੀਤੀ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਕਿਹਾ ਕਿ ਕਿਸਾਨ ਆਗੂਆਂ ਨੇ ਪੱਛਮੀ ਬੰਗਾਲ ਵਿੱਚ ਭਾਜਪਾ ਵਿਰੁੱਧ ਮੋਰਚਾ ਖੋਲ੍ਹਿਆ ਤਾਂ ਭਾਜਪਾ ਨੇ ਚੋਣ ਨਤੀਜੇ ਦੇਖ ਲਏ ਹਨ। ਹੁਣ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਭਾਜਪਾ ਵਿਰੁੱਧ ਮੋਰਚਾ ਖੋਲ੍ਹਿਆ ਜਾਵੇਗਾ।

ਆਗੂ ਨੇ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਅਤੇ ਜੇਜੇਪੀ ਆਗੂਆਂ ਦੇ ਸਰਕਾਰੀ ਅਤੇ ਰਾਜਨੀਤਕ ਸਮਾਗਮਾਂ ਦਾ ਵਿਰੋਧ ਜਾਰੀ ਰਹੇਗਾ। ਜਦਕਿ ਵਿਆਹ ਸਮਾਗਮ ਅਤੇ ਸਸਕਾਰ ਵਿੱਚ ਆਉਣ ਵਾਲੇ ਰਾਜਸੀ ਆਗੂਆਂ ਦਾ ਵਿਰੋਧ ਨਹੀਂ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਨੇ ਜਨਰਲ ਬਾਡੀ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਹੈ ਕਿ 9 ਜੂਨ ਨੂੰ ਸਾਰੇ ਕਿਸਾਨੀ ਮੋਰਚਿਆਂ ’ਚ ਮੁਗ਼ਲ ਸਾਮਰਾਜ ਦੇ ਅੱਤਿਆਚਾਰ ਵਿਰੁੱਧ ਬਹਾਦਰੀ ਨਾਲ ਲੜਨ ਵਾਲੇ ਸਿੱਖ ਯੋਧਾ ਤੇ ਖਾਲਸਾ ਸੈਨਾ ਦੇ ਕਮਾਂਡਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹਾਦਤ ਦਿਵਸ ਮਨਾਇਆ ਜਾਵੇਗਾ। ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿਚ ਜ਼ਿਮੀਂਦਾਰੀ ਪ੍ਰਣਾਲੀ ਨੂੰ ਖ਼ਤਮ ਕਰ ਦਿੱਤਾ ਸੀ। ਨੌਂ ਜੂਨ, 1716 ਨੂੰ ਉਨ੍ਹਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article28 ਸੂਬਿਆਂ ’ਚ ਕਾਲੀ ਫੰਗਸ ਦੇ 28,252 ਕੇਸ: ਹਰਸ਼ ਵਰਧਨ
Next articleQueen delighted as Prince Harry, Meghan announce birth of baby girl