ਨੋਵਾਕ ਜੋਕੋਵਿਚ ਨੇ ਬਿਮਾਰ ਹੋਣ ਦੇ ਬਾਵਜੂਦ ਫਰਾਂਸ ਦੇ ਲਕੀ ਲੂਜਰ ਕੋਰੇਨਟਿਨ ਮੋਤੇਤ ਨੂੰ ਹਰਾ ਕੇ ਪੈਰਿਸ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰ ’ਚ ਥਾਂ ਬਣਾਈ ਜਦਕਿ ਰਾਫੇਲ ਨਡਾਲ ਨੇ ਐਦਰੀਆਂ ਮਨਾਰਿਨੋ ਨੂੰ ਹਰਾਇਆ। ਸਿਖਰਲਾ ਦਰਜਾ ਹਾਸਲ ਜੋਕੋਵਿਚ ਨੇ ਪਹਿਲੇ ਸੈੱਟ ’ਚ ਦੋ ਸੈੱਟ ਪੁਆਇੰਟ ਬਚਾਉਂਦਿਆਂ ਬੀਤੇ ਦਿਨ ਦੁਨੀਆਂ ਦੇ 97ਵੇਂ ਨੰਬਰ ਦੇ ਖਿਡਾਰੀ ਮੋਤੇਤ ਨੂੰ 7-6, 6-4 ਨਾਲ ਹਰਾਇਆ। ਜੋਕੋਵਿਚ ਹੁਣ ਪ੍ਰੀ ਕੁਆਟਰ ਫਾਈਨਲ ’ਚ ਬਰਤਾਨੀਆ ਦਾ ਕਾਇਲ ਐਡਮੰਡ ਨਾਲ ਭਿੜੇਗਾ। ਗਲੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਜੋਕੋਵਿਚ ਨੇ ਕਿਹਾ, ‘ਪਿਛਲੇ ਕੁਝ ਦਿਨਾਂ ਤੋਂ ਸਿਹਤ ਪੱਖੋਂ ਮੈਂ ਪੂਰੀ ਤਰ੍ਹਾਂ ਠੀਕ ਮਹਿਸੂਸ ਨਹੀਂ ਕਰ ਰਿਹਾ।’ ਉਨ੍ਹਾਂ ਕਿਹਾ, ‘ਇਸ ਨਾਲ ਤੁਹਾਡੀ ਉਰਜਾ, ਕੋਰਟ ’ਤੇ ਤੁਹਾਡੀ ਖੇਡ ’ਤੇ ਅਸਰ ਪੈਂਦਾ ਹੈ ਪਰ ਅਜਿਹੇ ਹਾਲਾਤ ’ਚ ਤੁਹਾਨੂੰ ਸਥਿਤੀ ਨੂੰ ਸਵਿਕਾਰ ਕਰਨਾ ਹੁੰਦਾ ਹੈ ਅਤੇ ਇਸ ’ਚੋਂ ਉਭਰਨ ਲਈ ਜੋ ਵੀ ਸੰਭਵ ਹੋਵੇ ਕਰਨਾ ਹੁੰਦਾ ਹੈ।’ ਦੂਜੇ ਪਾਸੇ ਰਾਫੇਲ ਨਡਾਲ ਨੇ ਸਥਾਨਕ ਵਾਈਲਡ ਕਾਰਡ ਧਾਰਕ ਮਨਾਰਿਨੋ ਖ਼ਿਲਾਫ਼ 7-5, 6-4 ਨਾਲ ਜਿੱਤ ਦਰਜ ਕੀਤੀ। ਉਹ ਅਗਲੇ ਦੌਰ ’ਚ ਤਿੰਨ ਵਾਰ ਦੇ ਗਰੈਂਡ ਸਲੈਮ ਜੇਤੂ ਸਟੇਨ ਵਾਵਰਿੰਕਾ ਨਾਲ ਭਿੜੇਗਾ।
Sports ਟੈਨਿਸ: ਪੈਰਿਸ ਮਾਸਟਰਜ਼ ਨੋਵਾਕ ਜੋਕੋਵਿਚ ਤੀਜੇ ਦੌਰ ’ਚ