ਨਵੀਂ ਦਿੱਲੀ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੈਕਸ ਪ੍ਰਬੰਧ ਵਿਚ ਹੋਰ ਸੁਧਾਰ ਲਿਆਉਣ ਦੇ ਇਰਾਦੇ ਨਾਲ ਅੱਜ ‘ਪਾਰਦਰਸ਼ੀ ਟੈਕਸ ਪ੍ਰਬੰਧ- ਇਮਾਨਦਾਰ ਦਾ ਮਾਣ ਪਲੇਟਫਾਰਮ’ ਲਾਂਚ ਕੀਤਾ। ਸਰਕਾਰ ਦੀ ਇਸ ਪੇਸ਼ਕਦਮੀ ਨੂੰ ਟੈਕਸ ਸੁਧਾਰਾਂ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਅੱਗੇ ਵਧ ਕੇ ਇਮਾਨਦਾਰੀ ਨਾਲ ਟੈਕਸ ਅਦਾ ਕਰਨ ਦਾ ਸੱਦਾ ਦਿੰਦਿਆਂ ਭ੍ਰਿਸ਼ਟਾਚਾਰ ਦੀ ਕਿਸੇ ਵੀ ਗੁੰਜਾਇਸ਼ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ। ਸ੍ਰੀ ਮੋਦੀ ਨੇ ਕਿਹਾ ਕਿ ਟੈਕਸ ਭੁਗਤਾਨ ਕਰਨ ਵਾਲਿਆਂ ਲਈ ਚਾਰਟਰ ਵੀ ਲਾਗੂ ਕੀਤਾ ਜਾਵੇਗਾ ਤਾਂ ਕਿ ਪਾਰਦਰਸ਼ੀ ਟੈਕਸ ਵਾਤਾਵਰਨ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਨਵੇਂ ਪ੍ਰਬੰਧ ਨਾਲ ਆਮਦਨ ਕਰ ਨੋਟਿਸਾਂ ਦੇ ਨਿਬੇੜੇ ਲਈ ‘ਜਾਣ ਪਛਾਣ’ ਦੇ ਦੌਰ ਦਾ ਅੰਤ ਹੋਵੇਗਾ।
ਇਥੇ ਵੀਡੀਓ ਕਾਨਫਰੰਸਿੰਗ ਜ਼ਰੀਏ ਪਲੇਟਫਾਰਮ ਦਾ ਆਗਾਜ਼ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੀ 130 ਕਰੋੜ ਲੋਕਾਂ ਦੀ ਆਬਾਦੀ ’ਚੋਂ ਸਿਰਫ 1.5 ਕਰੋੜ ਲੋਕ ਟੈਕਸ ਅਦਾ ਕਰਦੇ ਹਨ। ਉਨ੍ਹਾਂ ਅਪੀਲ ਕੀਤੀ ਕਿ ਲੋਕ ਖੁ਼ਦ ਅੱਗੇ ਆ ਕੇ ਇਮਾਨਦਾਰੀ ਨਾਲ ਆਪਣੇ ਬਣਦੇ ਟੈਕਸ ਦੀ ਅਦਾਇਗੀ ਕਰਕੇ ਦੇਸ਼ ਨਿਰਮਾਣ ਵਿੱਚ ਯੋਗਦਾਨ ਪਾਉਣ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰਦਾਤਿਆਂ ਦਾ ਚਾਰਟਰ ਤੇ ਫੇਸਲੈੱਸ ਸਮੀਖਿਆ ਸਿੱਧੇ ਟੈਕਸ ਸੁਧਾਰਾਂ ਦਾ ਅਗਲਾ ਗੇੜ ਹਨ, ਜਿਸ ਦਾ ਮੁੱਖ ਮੰਤਵ ਇਸ ਪੂਰੇ ਅਮਲ ਨੂੰ ਸੁਖਾਲਾ ਬਣਾਉਣਾ ਤੇ ਇਮਾਨਦਾਰੀ ਨਾਲ ਟੈਕਸ ਦੀ ਅਦਾਇਗੀ ਕਰਨ ਵਾਲਿਆਂ ਨੂੰ ਵਿੱਤੀ ਲਾਭ ਦੇਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮਹਾਮਾਰੀ ਦੀ ਮਾਰ ਝੱਲ ਰਹੇ ਅਰਥਚਾਰੇ ਨੂੰ ਮੁੜ ਪੈਰਾਂ ਸਿਰ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ।
ਸ੍ਰੀ ਮੋਦੀ ਨੇ ਕਿਹਾ ਕਿ ਫੇਸਲੈੱਸ ਸਮੀਖਿਆ ਤਹਿਤ ਕਰਦਾਤੇ ਨੂੰ ਨਾ ਤਾਂ ਕਿਸੇ ਦਫ਼ਤਰ ਤੇ ਨਾ ਹੀ ਕਿਸੇ ਅਧਿਕਾਰੀ ਨੂੰ ਮਿਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਟੈਕਸ ਅਦਾਇਗੀ ਚਾਰਟਰ ਅੱਜ ਤੋਂ ਲਾਗੂ ਹੋ ਗਿਆ ਹੈ ਜਦੋਂਕਿ ਫੇਸਲੈੱਸ ਅਪੀਲ 25 ਸਤੰਬਰ ਤੋਂ ਅਮਲ ਵਿੱਚ ਆਏਗੀ। ਉਨ੍ਹਾਂ ਕਿਹਾ, ‘ਟੈਕਸ ਪ੍ਰਬੰਧ ‘ਫੇਸਲੈੱਸ’ ਹੋ ਰਿਹਾ ਹੈ, ਪਰ ਇਹ ਕਰਦਾਤਿਆਂ ਨੂੰ ਨਿਰਪੱਖਤਾ ਦੇ ਨਾਲ ਖੌਫ਼ਮੁਕਤ ਕਰਨ ਦਾ ਵਾਅਦਾ ਕਰਦਾ ਹੈ।’
ਉਨ੍ਹਾਂ ਕਿਹਾ, ‘ਟੈਕਸ ਮਾਮਲਿਆਂ ਵਿੱਚ ਬਗੈਰ ਆਹਮੋ-ਸਾਹਮਣੇ ਅਪੀਲ ਦੀ ਸਹੂਲਤ ਦੇਸ਼ ਭਰ ਦੇ ਨਾਗਰਿਕਾਂ ਲਈ 25 ਸਤੰਬਰ ਨੂੰ ਦੀਨ ਦਿਆਲ ਉਪਾਧਿਆਏ ਦੇ ਜਨਮਦਿਨ ਤੋਂ ਉਪਲਬੱਧ ਹੋਵੇਗੀ।’ ਇਸ ਮੌਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੀ ਉਨ੍ਹਾਂ ਨਾਲ ਸਨ। ਵਿੱਤ ਮੰਤਰੀ ਨੇ ਅੱਜ ਦੇ ਦਿਨ ਨੂੰ ਟੈਕਸ ਪ੍ਰਬੰਧ ਵਿੱਚ ਇਤਿਹਾਸਕ ਕਰਾਰ ਦਿੱਤਾ ਹੈ।