ਰਾਫ਼ਾਲ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਕਰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ 58 ਹਜ਼ਾਰ ਕਰੋੜ ਰੁਪਏ ਦੇ ਇਸ ਸੌਦੇ ਦੀ ਫਾਈਲ ਆਪਣੇ ਕੋਲ ਰੱਖ ਕੇ ਮੋਦੀ ਨੂੰ ਬਲੈਕਮੇਲ ਕਰ ਰਹੇ ਹਨ।
ਗੋਆ ਦੇ ਮੰਤਰੀ ਵਿਸ਼ਵਜੀਤ ਰਾਣੇ ਦੀ ਗੱਲਬਾਤ ਵਾਲੀ ਇਕ ਆਡੀਓ ਟੇਪ ਦਾ ਹਵਾਲਾ ਦਿੰਦਿਆਂ ਸ੍ਰੀ ਗਾਂਧੀ ਨੇ ਕਿਹਾ ਕਿ ਉਹ ਇਹ ਕਹਿੰਦੇ ਹੋਏ ਸਾਫ਼ ਸੁਣੇ ਜਾ ਸਕਦੇ ਹਨ ਕਿ ਪਰੀਕਰ ਨੇ ਆਪਣੀ ਕੈਬਨਿਟ ਦੀ ਮੀਟਿੰਗ ਵਿਚ ਦੱਸਿਆ ਸੀ ਕਿ ਰਾਫ਼ਾਲ ਸੌਦੇ ਬਾਰੇ ਸਾਰੇ ਦਸਤਾਵੇਜ਼ ਉਨ੍ਹਾਂ ਕੋਲ ਪਏ ਹਨ। ਉਨ੍ਹਾਂ ਕਿਹਾ ਕਿ ਇਹ ਆਡੀਓ ਟੇਪ ਬਿਲਕੁਲ ਸਹੀ ਹੈ ਤੇ ਉਨ੍ਹਾਂ ਇਸ਼ਾਰਾ ਕੀਤਾ ਕਿ ਇਹ ਆਖਰੀ ਟੇਪ ਨਹੀਂ ਹੈ।
ਇਸ ਬਾਰੇ ਪ੍ਰਧਾਨ ਮੰਤਰੀ ਤੋਂ ਜਵਾਬ ਮੰਗਦਿਆਂ ਸ੍ਰੀ ਗਾਂਧੀ ਨੇ ਪੁੱਛਿਆ ਕਿ ਕੀ ਇਸੇ ਕਰ ਕੇ ਸਾਂਝੀ ਸੰਸਦੀ ਕਮੇਟੀ ਦੀ ਜਾਂਚ ਦਾ ਹੁਕਮ ਨਹੀਂ ਦਿੱਤਾ ਜਾ ਰਿਹਾ। ਸਮੁੱਚਾ ਦੇਸ਼ ਮੋਦੀ ਤੋਂ ਇਹ ਜਵਾਬ ਮੰਗ ਰਿਹਾ ਹੈ। ਲੋਕ ਸਭਾ ਵਿਚ ਹੋਈ ਬਹਿਸ ਵਿਚ ਹਿੱਸਾ ਲੈਣ ਤੋਂ ਕੁਝ ਘੰਟਿਆਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਗਾਂਧੀ ਨੇ ਕਿਹਾ ‘‘ ਗੋਆ ਦਾ ਮੰਤਰੀ ਸਾਫ਼ ਕਹਿ ਰਿਹਾ ਹੈ ਕਿ ਪਰੀਕਰ ਜੀ ਨੇ ਕੈਬਨਿਟ ਦੀ ਮੀਟਿੰਗ ਵਿਚ ਕਿਹਾ ਸੀ ਕਿ ਉਨ੍ਹਾਂ ਕੋਲ ਰਾਫ਼ਾਲ ਸੌਦੇ ਬਾਰੇ ਮੁਕੰਮਲ ਫਾਈਲ ਹੈ ਜਿਸ ਵਿਚ ਸਾਰੇ ਵੇਰਵੇ ਹਨ, ਉਨ੍ਹਾਂ ਨੂੰ ਛੇੜਿਆ ਨਹੀਂ ਜਾ ਸਕਦਾ। ਇਸ ਤਰ੍ਹਾਂ ਦੀਆਂ ਹੋਰ ਟੇਪਾਂ ਵੀ ਹੋ ਸਕਦੀਆਂ ਹਨ।’’
HOME ਟੇਪ ਆਉਣ ਤੋਂ ਬਾਅਦ ਹੁਣ ਜਵਾਬਦੇਹੀ ਤੋਂ ਭੱਜ ਨਹੀਂ ਸਕਦੇ ਮੋਦੀ: ਰਾਹੁਲ