ਟੂਟਿ ਪਰੀਤਿ ਗਈ ਬੁਰ ਬੋਲਿ

(ਸਮਾਜ ਵੀਕਲੀ)

ਮਿੱਠੇ ਬੋਲ ਦੂਸਰਿਆਂ ਨੂੰ ਖ਼ੁਸ਼ੀ ਤੇ ਆਪਣੇ ਆਪ ਨੂੰ ਅਨੰਦ ਦੀ ਅਵਸਥਾ ਵਿੱਚ ਪਹੁੰਚਾਉਂਦੇ ਹਨ। ਸਾਡੇ ਬੋਲਾਂ ਵਿੱਚ ਐਸੀ ਮਿਠਾਸ ਘੁਲੀ ਹੋਵੇ ਜਿਹੜੀ ਹੋਰ ਨਾਂ ਨੂੰ ਸ਼ੀਤਲਤਾ ਬਖ਼ਸ਼ੇ। ਬੋਲਾਂ ਵਿੱਚ ਮਿਠਾਸ ਦੀ ਨਿਸ਼ਾਨੀ ਹੈ ਕਿ ਵਿਅਕਤੀ ਅੰਦਰੋਂ ਸਾਂਤ ਤੇ ਸਹਿਜ ਅਵਸਥਾ ਵਿੱਚ ਗੁਜ਼ਰ ਰਿਹਾ ਹੈ। ਮਨ ਵਿੱਚ ਨਿਮਰਤਾ , ਖ਼ਿਮਾ ਕਰਨ ਦਾ ਗੁਣ ਤੇ ਬੋਲਾਂ ਵਿੱਚ ਸੱਚੀ ਮਿਠਾਸ ਅਜਿਹੇ ਗੁਣ ਹਨ ਜਿੰਨਾਂ ਰਾਹੀਂ ਰੂਹਾਨੀਅਤ ਦੇ ਮਾਰਗ ਤੇ ਚਲਦਿਆਂ ਵਾਹਿਗੁਰੂ ਜੀ ਦੀ ਖ਼ੁਸ਼ੀ ਮਾਣ ਸਕਦੇ ਹਾਂ —-

ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ॥
ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ॥
( ਬਾਬਾ ਫਰੀਦ ਜੀ , ਸਲੋਕ॥੧੨੭॥ ਅੰਗ ੧੩੮੪)

ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਸਾਡਾ ਧਿਆਨ ਧਨ ਦੌਲਤ ਤੇ ਕੇਂਦਰਿਤ ਹੋ ਗਿਆ ਹੈ। ਅਸੀਂ ਧਨ ਦੌਲਤ ਦੀ ਦੌੜ ਵਿੱਚ ਰਿਸ਼ਤਿਆਂ ਦੀ ਛੱਡੋ , ਆਪਣੇ ਆਪ ਨੂੰ ਹੀ ਭੁੱਲ ਗਏ ਹਾਂ। ਦਿਨ ਰਾਤ ਸੈਕੜੇਂ ਟੈਨਸ਼ਨਾਂ ਦਾ ਭਾਰ ਲੱਦੀ ਫਿਰਦੇ ਹਾਂ। ਸਾਡੇ ਮਨਾਂ ਨੂੰ ਕਾਮ , ਕ੍ਰੋਧ , ਲੋਭ, ਮੋਹ, ਹੰਕਾਰ , ਈਰਖਾ , ਨਿੰਦਿਆ ਚੁਗਲੀ , ਦਵੈਤ , ਕੂੜ , ਚੋਰੀ , ਠੱਗੀ , ਯਾਰੀ ਆਦਿ ਤਮੋ ਗੁਣੀ ਵਿਕਾਰਾਂ ਨੇ ਪੂਰੀ ਤਰਾਂ ਜਕੜ ਲਿਆ ਹੈ। ਕਾਲ ਦੇ ਪ੍ਰਭਾਵ ਹੇਠ ਅਸੀਂ ਦਿਨ ਰਾਤ ਇੰਨਾਂ ਵਿਕਾਰਾਂ ਦੀ ਦਲਦਲ ਅੰਦਰ ਧਸਦੇ ਜਾ ਰਹੇਂ ਹਾਂ —-

ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ॥
ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ॥
( ਮ ੧ , ਅੰਗ ੪੭੧ )

ਜਦੋਂ ਅਸੀਂ ਮਾੜੇ ਬੁਰੇ ਬੋਲ ਬੋਲਦੇ ਹਾਂ ਤਾਂ ਸਾਡੇ ਰਿਸ਼ਤਿਆਂ ਵਿੱਚ ਕੜਵਾਹਟ ਆ ਜਾਂਦੀ ਹੈ। ਸਾਡੀ ਪਰੀਤ ਟੁੱਟ ਜਾਂਦੀ ਹੈ। ਸਾਡਾ ਪਿਆਰ ਨਫ਼ਰਤ ਵਿੱਚ ਤਬਦੀਲ ਹੋ ਜਾਂਦਾ ਹੈ। ਵਾਹਿਗੁਰੂ ਜੀ ਦੀ ਖ਼ੁਸ਼ੀ ਲੈਣ ਲਈ ਤੇ ਰਿਸ਼ਤਿਆਂ ਵਿੱਚ ਮਿਠਾਸ ਲਈ ਕਿਸੇ ਨੂੰ ਵੀ ਬੁਰੇ ਬੋਲ ਨਾ ਬੋਲੀਏ। ਹਉਮੈ ਹੰਕਾਰ ਵਿੱਚ ਬੋਲੇ ਅਸੱਭਿਅਕ ਅਪਸ਼ਬਦ ਚਿਰਾਂ ਦੀ ਬਣੀ ਬਣਾਈ ਨੂੰ ਮਿੰਟਾਂ ਸਕਿੰਟਾਂ ਵਿੱਚ ਢਾਹ ਦਿੰਦੇ ਹਨ —-

ਟੂਟਿ ਪਰੀਤਿ ਗਈ ਬੁਰ ਬੋਲਿ॥
( ਮ ੧ , ਅੰਗ ੯੩੩)

ਕਲਯੁਗ ਦੇ ਪ੍ਰਭਾਵ ਹੇਠ ਫਿੱਕੇ ਤੇ ਕੌੜੇ ਬੋਲ ਬੋਲਣ ਕਰਕੇ ਸਾਡਾ ਤਨ ਤੇ ਮਨ ਦੋਨੋ ਫਿੱਕੇ ਹੋ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਉਪਦੇਸ਼ ਦਿੰਦੇ ਹਨ ਕਿ ਫਿੱਕੇ ਸ਼ਬਦ ਬੋਲਣ ਵਾਲੇ ਨੂੰ ਸੱਚੀ ਦਰਗਾਹ ਅੰਦਰ ਕੋਈ ਢੋਈ ਨਹੀਂ , ਫਿੱਕੇ ਬੋਲ ਬੋਲਣ ਵਾਲੇ ਦੀ ਸਜਾ ਮੂੰਹ ਤੇ ਥੁੱਕਣ ਵਾਂਗ ਹੈ ਤੇ ਦਰਗਾਹ ਵਿੱਚੋਂ ਸੁੱਟ ਦਿੱਤਾ ਜਾਂਦਾ ਹੈ। ਫਿੱਕਾ ਬੋਲਣ ਵਾਲਾ ਮੂਰਖ ਹੈ ਤੇ ਸਜ਼ਾ ਗਲ਼ ਜੁੱਤੀਆਂ ਦਾ ਹਾਰ ਪਾਉਣ ਦੇ ਵਾਂਗ ਹੈ —‐

ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥
ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ॥
ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥
ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ ॥
( ਮ੧ ,ਅੰਗ ੪੭੩)

ਜਿਸ ਰਸਨਾ ਨੇ ਪ੍ਰਭੂ ਜੀ ਦਾ ਸਿਮਰਨ ਕਰਨਾ ਸੀ , ਰੂਹਾਨੀਅਤ ਦੇ ਮਾਰਗ ਚਲਦਿਆਂ ਸੱਚੇ ਪੂਰੇ ਗੁਰੂ ਜੀ ਦੀ ਦਇਆ ਮਿਹਰ ਨਾਲ ਰੱਬੀ ਅੰਮ੍ਰਿਤ ਛਕਣਾ ਸੀ , ਉਹ ਬੁਰੇ ਬੋਲ , ਗਾਲ਼ੀ ਗਲੋਚ , ਤਾਹਨੇ ਮਿਹਣੇ , ਕੂੜ ਬੋਲਣ ਲੱਗ ਪਈ ਤੇ ਸੱਚ ਤੋਂ ਦੂਰ ਹੁੰਦੀ ਗਈ। ਵਾਹਿਗੁਰੂ ਜੀ ਦੀ ਅਪਾਰ ਦਇਆ ਮਿਹਰ ਬਖ਼ਸ਼ਿਸ਼ ਨਾਲ ਇਹ ਅਮੋਲਕ ਮਨੁੱਖਾ ਜਨਮ ਨਸੀਬ ਹੋਇਆ ਹੈ , ਗੁਰੂ ਜੀ ਦੀ ਸੱਚੀ ਬਾਣੀ ਗਾਈਏ , ਸੁਣੀਏ , ਮਨ ਵਿੱਚ ਵਸਾਈਏ ਤੇ ਇਸ ਅਨੁਸਾਰ ਚੱਲੀਏ ਜਿਸ ਨਾਲ ਸਾਰੇ ਦੁੱਖ ਦੂਰ ਹੋਣਗੇ ਤੇ ਸੁੱਖ ਘਰ ਆਉਣ ਲੱਗ ਜਾਣਗੇ —–

ਗਾਵੀਐ ਸੁਣੀਐ ਮਨਿ ਰਖੀਐ ਭਾਉ॥
ਦੁਖੁ ਪਰਹਰਿ ਸੁਖੁ ਘਰਿ ਲੈ ਜਾਇ॥
( ਮ ੧ , ਅੰਗ ੨ )

ਜਦੋਂ ਅਸੀਂ ਸੱਚੀ ਬਾਣੀ ਨੂੰ ਸੁਣਨ ਲੱਗ ਜਾਵਾਂਗੇ ਤਾਂ ਸਾਡਾ ਤਨ ਤੇ ਮਨ ਹਰਿਆ ਹੋ ਜਾਵੇਗਾ , ਵਾਹਿਗੁਰੂ ਜੀ ਦੀ ਕਿਰਪਾ ਨਾਲ ਜੀਭ ਦੇ ਅੰਮ੍ਰਿਤ ਰਸ ਆਉਣ ਲੱਗ ਜਾਵੇਗਾ , ਸਾਡੇ ਮੁੱਖ ਤੋਂ ਪਿਆਰ ਭਰੇ ਮਿਠਾਸ ਦੇ ਬੋਲਾਂ ਦੇ ਝਰਨੇ ਆਪ ਮੁਹਾਰੇ ਫੁੱਟਣ ਲੱਗਣਗੇ —-

ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ ॥
ਸਾਚੈ ਸੁਨਣੈ ਨੋ ਪਠਾਇ ਸਰੀਰਿ ਲਾਏ ਸੁਣਹੁ ਸਤਿ ਬਾਣੀ॥
ਜਿਤੁ ਸੁਣੀ ਮਨੁ ਤਨੁ ਹਰਿਆ ਹੋਆ ਰਸਨਾ ਰਸਿ ਸਮਾਣੀ॥
( ਮ ੩ , ਅੰਗ ੯੨੨)

ਸਾਰੇ ਜੀਵਾਂ ਅੰਦਰ ਪਰਮਾਤਮਾ ਵਸ ਰਿਹਾ ਹੈ , ਸਾਰਿਆਂ ਅੰਦਰ ਰੱਬੀ ਜੋਤ ਹੈ। ਜੇ ਸਾਨੂੰ ਰੂਹਾਨੀਅਤ ਦੇ ਮਾਰਗ ਦੀ ਲਾਲਸਾ ਹੈ ਤੇ ਸੱਚ ਦੇ ਮਾਰਗ ਚੱਲ ਕੇ ਵਾਹਿਗੁਰੂ ਜੀ ਨੂੰ ਪਾਉਣ ਦਾ ਚਾਅ ਹੈ ਤਾਂ ਕਿਸੇ ਵੀ ਜੀਵ ਦਾ ਦਿਲ ਨਾ ਦੁਖਾਓ ਭਾਵ ਕਿਸੇ ਜੀਵ ਨੂੰ ਬੁਰੇ ਬੋਲ ਨਾ ਬੋਲੋ ਕਿਉਂਕਿ ਸਭਨਾ ਦੇ ਦਿਲ ਹੀਰੇ ਮੋਤੀਆਂ ਵਾਂਗ ਅਮੋਲਕ ਹਨ –‐-

ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ॥
ਹਿਆਊ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ॥
( ਬਾਬਾ ਫਰੀਦ ਜੀ , ਸਲੋਕ ॥੧੨੯ ,ਅੰਗ ੧੩੬੪)

ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ॥
ਜੇ ਤਉ ਪਿਰੀਆ ਦੀ ਸਿਕ ਹਿਆਊ ਨ ਠਾਹੇ ਕਹੀ ਦਾ ॥
(ਬਾਬਾ ਫਰੀਦ ਜੀ , ਸਲੋਕ ੧੩੦, ਅੰਗ ੧੩੮੪)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਚਨ ਅੰਮ੍ਰਿਤ ਭਰੇ ਮਿੱਠ ਬੋਲੜੇ ਹਨ ਜਦੋਂ ਅਸੀਂ ਪਰਮਾਤਮਾ ਦੀ ਕਿਰਪਾ ਨਾਲ ਬਾਣੀ ਪੜ੍ਹਦੇ , ਸੁਣਦੇ ਤੇ ਕਮਾਉਂਦੇ ਹਾਂ ਤਾਂ ਸੱਚੇ ਰੂਹਾਨੀਅਤ ਦੇ ਮਾਰਗ ਤੇ ਚਲਦੇ ਹਾਂ ਜੋ ਪ੍ਰਭੂ ਮਿਲਾਪ ਦਾ ਲਿਵ ਦਾ ਰਸਤਾ ਹੈ। ਗੁਰਬਾਣੀ ਪੜ੍ਹਨ , ਸੁਣਨ ਨਾਲ ਅੰਦਰ ਸਹਿਜ ਆਵੇਗਾ ਤੇ ਬੋਲਾਂ ਵਿੱਚ ਮਿਠਾਸ । ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨ ਵਾਲੇ ਦੇ ਲੋਕ ਪ੍ਰਲੋਕ ਦੋਵੇਂ ਸੁਹੇਲੇ ਹੋ ਜਾਂਦੇ ਹਨ —

ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ॥
ਜਿਨਿ ਪੀਤੀ ਤਿਸੁ ਮੋਖ ਦੁਆਰ॥

ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤੁ ਪੀਜੈ॥
ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ॥
( ਮ ੧ , ਅੰਗ ੭੬੬ )

ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ॥
ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥
( ਮ ੫ , ਅੰਗ ੭੮੪ )

ਸੋ ਹਮੇਸ਼ਾ ਅਜਿਹੇ ਬੋਲ ਬੋਲੀਏ ਜੋ ਕਿਸੇ ਦੇ ਦਿਲ ਠੂੰ ਠੇਸ ਨਾ ਪਹੁੰਚਾਉਣ , ਹਰ ਕਿਸੇ ਨਾਲ ਮਿੱਠੇ ਬੋਲਾਂ ਦੀ ਸਾਂਝ ਪਾਈਏ , ਦੂਸਰਿਆਂ ਨੂੰ ਖ਼ੁਸ਼ ਰੱਖੀਏ ਤੇ ਆਪ ਆਨੰਦ ਮੰਗਲ ਰਹੀਏ।

ਇਕਬਾਲ ਸਿੰਘ ਪੁੜੈਣ
ਲੈਕਚਰਾਰ ਕਮਰਸ
8872897500

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੈੜ ਮੋਹ ਦੀ
Next articleਸਕਾਚ ਸਿੱਖਿਆ ਕਲਾਸ ਅਤੇ ਖੂਬਸੂਰਤ ਸੈਰ ਸਪਾਟਾ !