ਨੌਕਰੀ ਦੀ ਤਲਾਸ਼ ਵਿੱਚ ਲੱਖਾਂ ਖਰਚ ਕੇ ਗੈਰਕਾਨੂੰਨੀ ਤਰੀਕੇ ਨਾਲ ਪੁੱਜੇ ਸੀ ਅਮਰੀਕਾ
ਗੈਰਕਾਨੂੰਨੀ ਤਰੀਕੇ ਅਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰ ਕੇ ਅਮਰੀਕਾ ਪੁੱਜੇ 150 ਭਾਰਤੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਟੁੱਟੇ ਸੁਫ਼ਨਿਆਂ ਨਾਲ ਉਹ ਅੱਜ ਵਤਨ ਪਰਤ ਆਏ। ਇਹ ਸਾਰੇ ਭਾਰਤੀ ਵੱਡੀਆਂ ਰਕਮਾਂ ਖਰਚ ਕੇ ਅਮਰੀਕਾ ਗਏ ਸਨ।
ਇਕ ਤੋਂ ਬਾਅਦ ਇਕ ਜਿਵੇਂ ਇਹ ਸਾਰੇ ਹਵਾਈ ਅੱਡੇ ਤੋਂ ਬਾਹਰ ਨਿਕਲੇ, ਉਨ੍ਹਾਂ ਦੇ ਚਿਹਰਿਆਂ ’ਤੇ ਮਾਯੂਸੀ ਸਾਫ਼ ਦੇਖੀ ਜਾ ਸਕਦੀ ਸੀ। ਕੁਝ ਨੇ ਕਿਹਾ ਕਿ ਉਹ ਬਹੁਤ ਨਿਰਾਸ਼ ਹਨ ਕਿਉਂਕਿ ਕਈ ਕੋਸ਼ਿਸ਼ਾਂ ਦੇ ਬਾਅਦ ਵੀ ਉਨ੍ਹਾਂ ਦੀ ਅਮਰੀਕਾ ਵਿੱਚ ਵੱਸਣ ਦੀ ਕੋਸ਼ਿਸ਼ ਅਸਫ਼ਲ ਰਹੀ ਹੈ।
ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਜਬਰਜੰਗ ਸਿੰਘ ਨੇ ਕਿਹਾ ਕਿ ਉਸ ਨੂੰ ਚੌਥੀ ਵਾਰ ਅਮਰੀਕਾ ਤੋਂ ਵਾਪਸ ਭੇਜਿਆ ਗਿਆ ਹੈ। ਉਸ ਨੇ ਕਿਹਾ ਕਿ ਉਹ ਨੌਕਰੀ ਦੀ ਤਲਾਸ਼ ਵਿੱਚ ਉਥੇ ਗਿਆ ਸੀ ਤੇ ਉਥੇ ਹੀ ਵੱਸਣਾ ਚਾਹੁੰਦਾ ਸੀ। ਉਸਨੇ ਦੱਸਿਆ ਕਿ ਪਹਿਲੀ ਵਾਰ ਉਸ ਨੇ ਮੈਕਸਿਕੋ ਜਾਣ ਦੀ ਯੋਜਨਾ ਬਣਾਈ ਪਰ ਉਹ ਬੈਂਕਾਕ ਪੁੱਜ ਗਿਆ ਤੇ ਮੈਕਸਿਕੋ ਦਾ ਵੀਜ਼ਾ ਨਾ ਮਿਲਣ ’ਤੇ ਭਾਰਤ ਪਰਤ ਆਇਆ। ਉਸੇ ਸਾਲ ਉਸ ਨੇ ਮੁੜ ਕੋਸ਼ਿਸ਼ ਕੀਤੀ ਤੇ ਉਹ ਇਕੁਆਡੋਰ ਪੁੱਜ ਗਿਆ, ਜਿਥੋਂ ਉਸ ਨੂੰ 20 ਦਿਨਾਂ ਬਾਅਦ ਮੁੜ ਭਾਰਤ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਉਹ ਕਿਸੇ ਤਰ੍ਹਾਂ ਮੈਕਸਿਕੋ ਪੁੱਜ ਗਿਆ ਪਰ ਸੁਰੱਖਿਆ ਏਜੰਸੀਆਂ ਨੇ ਉਸ ਨੂੰ ਹਵਾਈ ਅੱਡੇ ਤੋਂ ਬਾਹਰ ਨਹੀਂ ਜਾਣ ਦਿੱਤਾ ਤੇ ਉਸ ਨੂੰ ਵਾਪਸ ਭੇਜ ਦਿੱਤਾ। ਜਬਰਜੰਗ (24) ਨੇ ਦੱਸਿਆ ਕਿ ਉਸ ਨੇ ਮਕੈਨੀਕਲ ਇੰਜਨੀਅਰਿੰਗ ਕੀਤੀ ਹੋਈ ਹੈ। ਉਸਨੇ ਦੱਸਿਆ ਕਿ ਚੌਥੀ ਵਾਰ ਉਹ ਮਾਸਕੋ ਤੇ ਪੈਰਿਸ ਰਾਹੀਂ ਮੁੜ ਮੈਕਸਿਕੋ ਪੁੱਜਿਆ ਜਿਥੋਂ ਕੈਲੀਫੋਰਨੀਆ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਐਰੀਜ਼ੋਨਾ ਤੋਂ ਵਾਪਸ ਭੇਜ ਦਿੱਤਾ। ਉਸ ਨੇ ਦੱਸਿਆ ਕਿ ਇਨ੍ਹਾਂ ਚਾਰ ਕੋਸ਼ਿਸ਼ਾਂ ਦੌਰਾਨ ਉਸ ਨੇ ਪੰਚਕੂਲਾ ਦੇ ਇਕ ਟਰੈਵਲ ਏਜੰਟ ਨੂੰ 24 ਲੱਖ ਰੁਪਏ ਦਿੱਤੇ। ਜਬਰਜੰਗ ਨੇ ਕਿਹਾ ਕਿ ਉਹ ਉਦਾਸ ਹੈ ਪਰ ਨਿਰਾਸ਼ ਨਹੀਂ। ਉਸ ਨੇ ਕਿਹਾ ਕਿ ਹੁਣ ਉਹ ਨੌਕਰੀ ਲਈ ਕਿਸੇ ਹੋਰ ਮੁਲਕ ਜਾਣ ਦੀ ਕੋਸ਼ਿਸ਼ ਕਰੇਗਾ।
ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਅੱਜ ਸਵੇਰੇ 6 ਵਜੇ ਇਹ ਨੌਜਵਾਨ ਟਰਮੀਨਲ ਤਿੰਨ ’ਤੇ ਪੁੱਜੇ। ਇਹ ਜਹਾਜ਼ ਬੰਗਲਾਦੇਸ਼ ਰਾਹੀਂ ਭਾਰਤ ਪੁੱਜਿਆ। ਇਮੀਗਰੇਸ਼ਨ ਵਿਭਾਗ ਦੀ ਕਾਗਜ਼ੀ ਕਾਰਵਾਈ ਪੂਰੀ ਕਰਨ ਬਾਅਦ 150 ਭਾਰਤੀ ਹਵਾਈ ਅੱਡੇ ਤੋਂ ਬਾਹਰ ਨਿਕਲੇ। ਇਹ ਭਾਰਤੀਆਂ ਦਾ ਦੂਜਾ ਵੱਡਾ ਜਥਾ ਹੈ ਜਿਸ ਨੂੰ ਵਾਪਸ ਭੇਜਿਆ ਗਿਆ ਹੈ। ਅਕਤੂਬਰ 18 ਨੂੰ ਅਮਰੀਕਾ ਜਾਣ ਦੇ ਉਦੇਸ਼ ਤਹਿਤ ਮੈਕਸਿਕੋ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਏ 300 ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਸੀ ਜਿਨ੍ਹਾਂ ਵਿੱਚ ਇਕ ਔਰਤ ਵੀ ਸੀ।
ਗੁਰਨੇਕ ਸਿੰਘ (24) ਨੇ ਕਿਹਾ ਕਿ ਉਹ 20 ਲੱਖ ਰੁਪਏ ਦੇ ਕੇ ਅਮਰੀਕਾ ਪਹੁੰਚਿਆ ਸੀ। ਪਰ ਪੁਲੀਸ ਨੇ ਗੈਰਕਾਨੂੰਨੀ ਤਰੀਕੇ ਨਾਲ ਉਥੇ ਰਹਿਣ ਦੇ ਦੋਸ਼ ਹੇਠ ਉਸ ਨੂੰ ਕਾਬੂ ਕਰ ਲਿਆ। ਅਦਾਲਤ ਦੇ ਹੁਕਮਾਂ ’ਤੇ ਉਸ ਨੂੰ ਵਾਪਸ ਭੇਜ ਦਿੱਤਾ ਗਿਆ। ਗੁਰਨੇਕ ਨੇ ਕਿਹਾ ਕਿ ਉਹ ਹੁਣ ਕੈਨੇਡਾ ਜਾਣ ਦੀ ਕੋਸ਼ਿਸ਼ ਕਰੇਗਾ।
ਲਖਵਿੰਦਰ ਨੇ ਕਿਹਾ ਕਿ ਅਮਰੀਕਾ ਜਾਣ ਲਈ ਉਸ ਨੇ ਅੰਮਿ੍ਤਸਰ ਦੇ ਇਕ ਏਜੰਟ ਨੂੰ 25 ਲੱਖ ਰੁਪਏ ਦਿੱਤੇ ਸਨ। ਉਹ ਮਾਸਕੋ ਅਤੇ ਪੈਰਿਸ ਰਾਹੀਂ 2 ਮਈ ਨੂੰ ਮੈਕਸਿਕੋ ਪੁੱਜਿਆ, ਜਿਥੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਨੂੰ ਫੜ ਲਿਆ ਤੇ ਐਰੀਜ਼ੋਨਾ ਤੋਂ ਵਾਪਸ ਭੇਜ ਦਿੱਤਾ। ਇਸੇ ਤਰ੍ਹਾਂ ਸੁਲਤਾਨਪੁਰ ਦੇ ਮਨਪ੍ਰੀਤ ਸਿੰਘ (25) ਨੇ ਕਿਹਾ ਕਿ ਉਸ ਨੇ 25 ਲੱਖ ਰੁਪਏ ਖਰਚੇ। ਉਹ ਦਸੰਬਰ 2017 ਨੂੰ ਮੈਕਸਿਕੋ ਪੁੱਜਾ ਤੇ ਇਕ ਮਹੀਨੇ ਬਾਅਦ ਉਸ ਨੂੰ ਅਮਰੀਕੀ ਸੁਰੱਖਿਆ ਏਜੰਸੀਆਂ ਨੇ ਕਾਬੂ ਕਰ ਲਿਆ। ਕੈਲੀਫੋਰਨੀਆ ਦੀ ਅਦਾਲਤ ਨੇ ਉਸ ’ਤੇ 5 ਲੱਖ ਅਮਰੀਕੀ ਡਾਲਰ ਦਾ ਜੁਰਮਾਨਾ ਲਾਇਆ ਜਿਸ ਨੂੰ ਭਰਨ ਵਿੱਚ ਉਸ ਨੇ ਅਸਮਰਥਾ ਜਤਾਈ, ਜਿਸ ਕਾਰਨ ਉਸ ਨੂੰ ਭਾਰਤ ਭੇਜ ਦਿੱਤਾ ਗਿਆ। ਮਨਪ੍ਰੀਤ ਨੇ ਕਿਹਾ ਕਿ ਹੁਣ ਉਸ ਨੇ ਕੈਨੇਡਾ ਜਾਣ ਦੀ ਯੋਜਨਾ ਬਣਾਈ ਹੈ।