(ਸਮਾਜ ਵੀਕਲੀ)
ਲੰਘੀ 26 ਜਨਵਰੀ ਨੂੰ ਕਿਸਾਨਾਂ ਵਲੋਂ ਕੱਢੀ ਗਈ ਟਰੈਕਟਰ ਪਰੇਡ ਦੌਰਾਨ ਸਰਕਾਰੀ ਸ਼ਹਿ ’ਤੇ ਵਾਪਰੀਆਂ ਇੱਕਾ ਦੁੱਕਾ ਮੰਦਭਾਗੀਆ ਘਟਨਾਵਾਂ ਤੋਂ ਬਾਅਦ ਵੀ ਟਿਕਰੀ ਬਾਰਡਰ ’ਤੇ ਪਹੁੰਚੇ ਕਿਸਾਨਾਂ ਦਾ ਜੋਸ਼ ਪਹਿਲਾਂ ਦੀ ਤਰਾਂ ਬਰਕਰਾਰ ਹੈ। ਲਾਲ ਕਿਲੇ ’ਤੇ ਝੰਡਾ ਫਹਿਰਾਉਣ ਵਾਲੀ ਘਟਨਾ ਨੂੰ ਜਿਸ ਤਰਾਂ ਗੋਦੀ ਮੀਡੀਆ ਨੇ ਪੇਸ਼ ਕੀਤਾ ਉਸ ਤੋਂ ਲੱਗਦਾ ਸੀ ਕਿ ਕਿਸਾਨਾਂ ਦਾ ਅੰਦੋਲਨ ਖਿੰਡ ਪੁੰਡ ਜਾਵੇਗਾ। ਪ੍ਰੰਤੂ ਅਸਲੀਅਤ ਹੌਲੀ ਹੌਲੀ ਸਾਹਮਣੇ ਆਉਣ ਲੱਗੀ ਹੈ ਅਤੇ ਹਰ ਕੋਈ ਕੰਧ ’ਤੇ ਲਿਖਿਆ ਸੱਚ ਪੜ ਰਿਹਾ ਹੈ ਕਿ ਉਕਤ ਮੰਦਭਾਗੀਆਂ ਘਟਨਾਵਾਂ ਪਿੱਛੇ ਅਸਲ ਕਿਸਾਨ ਨਹੀਂ ਸਗੋਂ ਸਰਕਾਰ ਦੇ ਘੜੇ ਹੋਏ ਨਕਲੀ ਕਿਸਾਨ ਸਨ।
ਇੰਨਾਂ ਘਟਨਾਵਾਂ ਤੋਂ ਬਾਅਦ ਕਿਸਾਨ ਆਗੂਆਂ ਨੇ ਪੂਰੀ ਸਮਝ ਤੋਂ ਕੰਮ ਲੈਂਦਿਆਂ ਕਿਸਾਨ ਵਿਰੋਧੀ ਅਨਸਰਾਂ ਨੂੰ ਨਾ ਸਿਰਫ ਬਾਹਰ ਦਾ ਰਸਤਾ ਵਿਖਾਇਆ ਸਗੋਂ ਚੱਲ ਰਹੇ ਅੰਦੋਲਨ ਦੀ ਲਗਾਤਾਰਤਾ ਬਣਾਏ ਰੱਖਣ ਦਾ ਫੈਸਲਾ ਵੀ ਕੀਤਾ ਹੈ। 26 ਜਨਵਰੀ ਤੋਂ ਬਾਅਦ ਕਿਸਾਨਾਂ ਦਾ ਜੋਸ਼ ਮੱਠਾ ਨਹੀਂ ਪਿਆ ਸਗੋਂ ਪੋਹ ਦੀਆਂ ਕੜਕ ਠਰੀਆਂ ਰਾਤਾ ਵਿਚ ਦਿੱਲੀ ਦੇ ਨੈਸ਼ਨਲ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਮੋਰਚਾ ਲਾਈ ਬੈਠੇ ਕਿਸਾਨਾਂ ਨੇ ਦਿੱਲੀ ਹਾਈਵੇਅ ਤੋਂ ਟਿਕਰੀ ਬਾਰਡ ਤੱਕ ਵਸਾਇਆ ਆਪਣਾ ਵੱਖਰਾ ਪਿੰਡ ਉਸੇ ਤਰਾਂ ਕਾਇਮ ਹੈ। ਮੋਰਚੇ ਦੇ ਇਸ ਸਥਾਨ ’ਤੋਂ ਵਿਚਰਦਿਆਂ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਪੰਜਾਬ ਦੇ ਕਿਸੇ ਵੱਡੇ ਪਿੰਡ ਵਿਚ ਜਿੰਦਗੀ ਆਪਣੇ ਕਦਮ ਭਰ ਰਹੀ ਹੋਵੇ।
ਇਸ ਸੰਘਰਸ਼ ਦੌਰਾਨ ਦਰਜ਼ਨਾਂ ਟਰਾਲੀਆਂ ਨੂੰ ਤਰਤੀਬ ਵਾਰ ਖੜਾ ਕਰ ਕੇ ਅਤੇ ਉੱਪਰ ਤਰਪਾਲਾਂ ਪਾ ਕੇ ਕਮਰਿਆਂ ਦਾ ਰੂਪ ਦੇ ਦਿੱਤਾ ਹੈ। ਜਿੱਥੇ ਪੰਜਾਬ ਦੀਆਂ ਸੁਆਣੀਆਂ ਚੁੱਲਾਂ ਚੌਕਾ ਕਰਦੀਆਂ ਕਿਸੇ ਤਰਸ ਦਾ ਪਾਤਰ ਨਹੀਂ ਸਗੋਂ ਬੁੰਲਦ ਹੌਂਸਲੇ ਦੀਆਂ ਪਾਤਰ ਲੱਗਦੀਆਂ ਹਨ। ਕਿਸਾਨਾਂ ਨੇ ਆਪਣੀਆਂ ਟਰਾਲੀਆਂ ਤੱਕ ਪੁੱਜਣ ਦੇ ਪਤੇ ਲਈ ਥਾਂ-ਥਾਂ ’ਤੇ ਪਿੰਡ ਦਾ ਨਾਮ ਅਤੇ ਕਿੱਲੋਮੀਟਰ ਦੇ ਬੋਰਡ ਲਾਏ ਹੋਏ। ਕਿਧਰੇ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਕਲਕੱਤੇ ਦਾ ਨਿਪੁੰਨ ਮੂਰਤੀਕਾਰ ਹਰੀ ਓਵਾ ਮਹਾਤਮਾ ਗਾਂਧੀ ਦੇ ਮੋਢੇ ’ਤੇ ਕਿਸਾਨ ਦੀ ਮੂਰਤੀ ਬਣਾ ਰਿਹਾ ਹੈ ਅਤੇ ਕਿਧਰੇ ਆਧੁਨਿਕ ਟੈਟੂ ਕਲਾ ਦੇ ਵਿਚ ਤਬਦੀਲ ਹੋਈ ਮੇਲਿਆਂ ਵਿਚ ਗੁੱਟ ’ਤੇ ਮੋਰਨੀਆਂ ਪਵਾਉਣ ਵਾਲੀ ਕਲਾ ਦਾ ਕਾਰੀਗਰ ਨੌਜਵਾਨਾਂ ਦੇ ਮੁਫ਼ਤ ਟੈਟੂ ਬਣਾ ਰਿਹਾ ਹੈ।
ਹੱਥਾਂ ’ਚ ਲਾਲ ਝੰਡੇ ਫੜ ਕੇ ਸੈਂਕੜੇ ਕਿੱਲੋਮੀਟਰ ਦੀ ਦੂਰੀ ਤੈਅ ਕਰ ਕੇ ਦਿੱਲੀ ਪੁੱਜੇ ਕਰਨਾਟਕ ਸੂਬੇ ਦੇ ਕਿਸਾਨ ਟੁੱਟੀ ਫੁੱਟੀ ਹਿੰਦੀ ’ਚ ਅੰਦੋਲਨ ਦੀ ਹਮਾਇਤ ਕਰਦੇ ਨਜ਼ਰ ਆਏ। ਸਾਂਝੀ ਵਿਰਾਸਤ ਲਾਇਬਰੇਰੀ ਸਮੇਤ ਤਕਰੀਬ ਦਰਜ਼ਨ ਦੇ ਕਰੀਬ ਲਾਇਬਰੇਰੀਆਂ ’ਤੇ ਕਿਸਾਨ ਕਿਤਾਬਾਂ ਪੜਦੇ ਨਜ਼ਰ ਆ ਰਹੇ ਹਨ। ਤਰਤੀਬ ਵਾਰ ਪਈਆਂ ਵਾਸ਼ਿੰਗ ਮਸ਼ੀਨਾਂ ਵਿਚ ਕੱਪੜੇ ਧੋਣ ਦੀ ਸੇਵਾ ਚੱਲ ਰਹੀ ਹੈ। ਪੰਜਾਬੀਆਂ ਦੀ ਸ਼ਾਨ ਦਸਤਾਰ ਨੂੰ ਹਰ ਥਾਂ ਸਤਿਕਾਰ ਮਿਲ ਰਿਹਾ ਹੈ ਜਿਵੇਂ ਦਿੱਲੀ ਬੀਤੇ ਵੇਲਿਆਂ ਦੀ ਭੁੱਲ ਨੂੰ ਬਖ਼ਸ਼ਾ ਰਹੀ ਹੋਵੇ। ਹਰਿਆਣੇ ਅਤੇ ਦਿੱਲੀ ਦੇ ਵਡੇਰੀ ਉਮਰ ਦੇ ਬਜ਼ੁਰਗ ਵੀ ਦਸਤਾਰਧਾਰੀ ਸਰਦਾਰ ਨੂੰ ਵੇਖ ਕੇ ਫ਼ਤਹਿ ਸਾਂਝੀ ਕਰਨੀ ਨਹੀਂ ਭੁੱਲਦੇ। ਖ਼ਾਸਲਾ ਏਡ ਵਲੋਂ ਕਿਸਾਨਾਂ ਨੂੰ ਹਰ ਜ਼ਰੂਰਤ ਦਾ ਸਮਾਨ ਬਿਲਕੁਲ ਮੁਫ਼ਤ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਕਿਸਾਨ ਸਫ਼ਾਈ ਅਤੇ ਅਨੁਸਾਸ਼ਨ ਵਿਵਸਥਾ ਦਾ ਸ਼ਿੱਦਤ ਨਾਲ ਪਾਲਣ ਕਰ ਰਹੇ ਹਨ। ਜੀਓ ਅਤੇ ਰਿਲਾਇੰਸ ਪ੍ਰਤੀ ਕਿਸਾਨਾਂ ਦੇ ਰੋਹ ਨੂੰ ਵੇਖ ਕੇ ਦੂਜੀਆਂ ਕੰਪਨੀਆਂ ਵਾਲਿਆਂ ਨੇ ਸਿਮ ਪੋਰਟ ਕਰਨ ਦੇ ਸਟਾਲ ਲਾ ਰੱਖੇ ਹਨ। ਹਰਿਆਣਵੀ ਅਤੇ ਪੰਜਾਬੀ ਕਿਸਾਨਾਂ ਵਿਚ ਮੋਹ ਦੀਆਂ ਤੰਦਾਂ ਹੋਰ ਮਜਬੂਤ ਹੋ ਰਹੀਆਂ ਹਨ। ਦੋਵੇਂ ਧਿਰਾਂ ਲੰਗਰ ਇਕੱਠੇ ਛਕਦੀਆਂ ਹਨ ਅਤੇ ਸ਼ਾਮ ਨੂੰ ਪੰਜਾਬੀਆਂ ਦੀ ਸੱਥ ਹਰਿਆਣੇ ਦੀ ਚੌਪਾਲ ਵਿਚ ਅਤੇ ਚੌਪਾਲ ਸੱਥ ਵਿਚ ਤਬਦੀਲ ਹੋ ਜਾਂਦੀ ਹੈ। ਜਿੱਥੇ ਨਾ ਸਿਰਫ ਮੌਜੂਦਾ ਹਾਲਾਤਾਂ ’ਤੇ ਨਿਗਰ ਵਿਚਾਰ ਚਰਚਾ ਹੁੰਦੀ ਸਗੋਂ ਮੰਨੋਰੰਜਨ ਦੀਆਂ ਵੱਖੋ ਵੱਖ ਵੰਨਗੀਆਂ ਵੀ ਪੇਸ਼ ਕੀਤੀਆਂ ਜਾਂਦੀਆਂ ਹਨ।
ਹਰਿਆਣੇ ਦੇ ਨੇੜਲੇ ਪਿੰਡਾਂ ਦੇ ਲੋਕ ਸਬਜ਼ੀਆਂ ਦੁੱਧ ਅਤੇ ਹੋਰ ਰਸਦਾਂ ਨਿਰੰਤਰ ਪਹੁੰਚਾ ਰਹੇ ਹਨ। ਕਿਧਰੇ ਪੁੱਤਾਂ ਨਾਲੋਂ ਵੱਧ ਪਿਆਰੇ ਟਰੈਕਟਰ ਦੀ ਦੁਲਾਰਦਾ ਅਤੇ ਪਿਆਰਦਾ ਪੰਜਾਬੀ ਕਿਸਾਨ ਨਜ਼ਰ ਆਉਂਦਾ ਹੈ ਅਤੇ ਕਿਧਰੇ ਹਾਈ ਫਾਈ ਮਿਊਜ਼ਕ ਸਿਸਟਮ ’ਤੇ ਜੋਸ਼ੀਲੇ ਪੰਜਾਬੀ ਗੀਤ ਚੱਲ ਰਹੇ ਹਨ ਜਾਂ ਫਿਰ ਹਰਿਆਣਵੀ ਕਿਸਾਨਾਂ ਦੇ ਆਪਣੇ ਟਰੈਕਟਰਾਂ ’ਤੇ ਹੁੱਕੇ ਫਿੱਟ ਕੀਤੇ ਨਜ਼ਰ ਪੈ ਰਹੇ ਹਨ। ਹਰਿਆਣਵੀ ਕਿਸਾਨਾਂ ਦੀ ਹਰ ਟਰਾਲੀ ’ਤੇ ਕਿਸਾਨਾਂ ਦੇ ਮਰਹੂਮ ਮਸੀਹਾ ਸਰ ਛੋਟੂ ਰਾਮ ਦੀਆਂ ਤਸਵੀਰਾਂ ਵੀ ਲੱਗੀਆਂ ਨਜ਼ਰ ਪੈ ਰਹੀਆਂ ਹਨ। ਟੀਕਰੀ ਬਾਰਡਰ ਦੇ ਐਨ ਨਜ਼ਦੀਕ ਇੱਕ ਵੱਡਾ ਟਾਵਰ ’ਤੇ ਇੱਕੋ ਬਾਂਸ ’ਤੇ ਧਰਮ ਦੇਸ਼ ਪਿਆਰ ਅਤੇ ਕਿਸਾਨੀ ਕਿੱਤੇ ਦੇ ਪ੍ਰਤੀਕ ਝੰਡੇ ਲੱਗੇ ਨਜ਼ਰ ਆਉਂਦੇ ਹਨ।
ਕੁੱਝ ਦਿਨਾਂ ਤੱਕ ਆਉਣ ਵਾਲੇ ਗਣਤੰਤਰ ਦਿਵਸ ਨੂੰ ਮੁੱਖ ਰੱਖਦਿਆਂ ਬਹੁਤ ਸਾਰੇ ਕਿਸਾਨਾਂ ਨੇ ਆਪਣੇ ਟਰੈਕਟਰਾਂ ਅਤੇ ਟੈਂਟਾਂ ’ਤੇ ਤਿਰੰਗੇ ਝੰਡੇ ਵੀ ਫਹਿਰਾਏ ਹੋਏ ਹਨ। ਅੰਦੋਲਨ ਵਾਲੀ ਥਾਂ ’ਤੇ ਲੱਗੇ ਮੈਡੀਕਲ ਕੈਂਪਾਂ ਅਤੇ ਲੰਗਰਾਂ ਦਾ ਕਿਸਾਨਾਂ ਤੋਂ ਇਲਾਵਾ ਨੇੜਲੀਆਂ ਵਸੋਂ ਵਾਲੇ ਲੋਕ ਵੀ ਭਰਪੂਰ ਲਾਹਾ ਪ੍ਰਾਪਤ ਕਰ ਰਹੇ ਹਨ। ਲੰਗਰਾਂ ਵਿਚ ਗੈਰ ਸਿੱਖ ਧਰਮੀ ਲੋਕਾਂ ਤੋਂ ਇਲਾਵਾ ਹਰਿਆਣੇ ਦੇ ਜਾਟ ਵੀ ਸਾਡੀ ਰੀਸ ਵਿਚ ਦਾਲ ਵਾਹਿਗੁਰੂ ਪ੍ਰਸ਼ਾਦਾ ਵਾਹਿਗੁਰੂ ਅਤੇ ਦੁੱਧ ਵਾਹਿਗੁਰੂ ਬੋਲਦੇ ਬੜੇ ਪਿਆਰੇ ਲੱਗਦੇ ਹਨ।
ਪੰਜਾਬੀ ਅਤੇ ਸਿੱਖ ਭਾਈਚਾਰੇ ਦਾ ਪ੍ਰਭਾਵ ਲੋਕਾਂ ’ਤੇ ਇਸ ਕਦਰ ਹਾਵੀ ਹੈ ਕਿ ਸਰਕਾਰ ਵਿਰੋਧੀ ਨਾਅਰਿਆ ਤੋਂ ਬਾਅਦ ਬੋਲੇ ਸੋ ਨਿਹਾਲ ਦਾ ਜੈਕਾਰਾ ਲਾਉਣੇ ਨਹੀਂ ਭੁੱਲਦੇ। ਜਦੋਂ ਤੋਂ ਕਿਸਾਨ ਅੰਦੋਲਨ ਵਿਚ ਆਏ ਹਨ ਉਸ ਦਿਨ ਤੋਂ ਬਹੁਤੇ ਨੇੜਲੇ ਮੱਧਵਰਗੀ ਅਤੇ ਗ਼ਰੀਬ ਲੋਕਾਂ ਨੇ ਚੁੱਲੇ ਵਿਚ ਅੱਗ ਤੱਕ ਨਹੀਂ ਬਾਲੀ। ਨੇੜਲੇ ਗ਼ਰੀਬ ਬੱਚੇ ਕਿਸਾਨਾਂ ਨੂੰ ਆ ਕੇ ਇਹ ਕਹਿ ਰਹੇ ਹਨ ਅੰਕਲ ਜੀ ਜਾਤੇ ਸਮੇਂ ਹਮੇ ਏਕ ਗੱਦਾ ਭੀ ਦੇ ਜਾਨ ਹਮ ਭੀ ਗੱਦੇ ਪਰ ਸੋ ਕੇ ਦੇਖ ਲੇਂਗੇ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਜਿਸ ਬੰਦੇ ਨੇ ਕਿਰਸਾਨੀ ਦੇ ਫੌਜੀ ਸਿੰਘਾਂ ਦੀ ਇਸ ਛਾਉਣੀ ਨੂੰ ਨਹੀਂ ਵੇਖਿਆ ਉਸ ਬੰਦੇ ਨੇ ਕੁੱਝ ਦੇਖਿਆ ਹੀ ਨਹੀਂ।
ਵਿਨੋਦ ਸ਼ਰਮਾ
ਪਿੰਡ ਸ਼ੇਰੋਂ
ਜ਼ਿਲਾ ਸੰਗਰੂਰ।
ਮੋਬਾ. 9815643452