ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਜੋਅ ਬਾਇਡਨ ਹੱਥੋ ਮਿਲੀ ਹਾਰ ਮਗਰੋਂ ਟਰੰਪ ਦੇ ਹਜ਼ਾਰਾਂ ਹਮਾਇਤੀ, ਜੋ ਇਨ੍ਹਾਂ ਚੋਣ ਨਤੀਜਿਆਂ ਨੂੰ ਉਲਟਾਉਣ ਲਈ ਪੱਬਾਂ ਭਾਰ ਹਨ, ਹਫ਼ਤੇ ਦੇ ਆਖਰੀ ਦਿਨਾਂ ’ਚ ਰੈਲੀਆਂ ਲਈ ਵਾਸ਼ਿੰਗਟਨ ਪਰਤ ਆਏ ਹਨ। ਇਕ ਟੀਵੀ ਚੈਨਲ ਦੀ ਰਿਪੋਰਟ ਮੁਤਾਬਕ ਸ਼ਨਿੱਚਵਾਰ ਸ਼ਾਮ ਨੂੰ ਟਰੰਪ ਦੇ ਹਮਾਇਤੀ ਤੇ ਟਰੰਪ ਦੇ ਵਿਰੋਧੀ ਸਮਰਥਕ ਆਪਸ ਵਿੱਚ ਭਿੜ ਗਏ।
ਇਸ ਦੌਰਾਨ ਚਾਰ ਵਿਅਕਤੀ ਚਾਕੂ ਨਾਲ ਕੀਤੇ ਹਮਲੇ ’ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮੈਟਰੋਪਾਲਿਟਨ ਪੁਲੀਸ ਵਿਭਾਗ ਨੇ 23 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਕੱਠ ਵਿੱਚ ਸ਼ਾਮਲ ਵੱਡੀ ਗਿਣਤੀ ਟਰੰਪ ਹਮਾਇਤੀ ਬਿਨਾਂ ਮਾਸਕਾਂ ਤੋਂ ਸਨ ਤੇ ਇਹ ਰੈਲੀਆਂ ਅਜਿਹੇ ਮੌਕੇ ਹੋ ਰਹੀਆਂ ਹਨ ਜਦੋਂ ਅਗਲੇ ਦਿਨਾਂ ’ਚ ਚੋਣ ਮੰਡਲ ਬਾਇਡਨ ਨੂੰ ਅਧਿਕਾਰਤ ਤੌਰ ’ਤੇ ਦੇਸ਼ ਦਾ 46ਵਾਂ ਰਾਸ਼ਟਰਪਤੀ ਨਿਯੁਕਤ ਕਰ ਦੇਵੇਗਾ।
ਟਰੰਪ, ਜਿਨ੍ਹਾਂ ਦਾ ਕਾਰਜਕਾਲ 20 ਜਨਵਰੀ ਨੂੰ ਖ਼ਤਮ ਹੋ ਰਿਹਾ ਹੈ, ਅਹੁਦਾ ਛੱਡਣ ਤੋਂ ਨਾਂਹ ਨੁੱਕਰ ਕੀਤੀ ਜਾ ਰਹੀ ਹੈ। ਅਮਰੀਕੀ ਸਦਰ ਵੱਲੋਂ ਰਾਸ਼ਟਰਪਤੀ ਚੋਣਾਂ ਵਿੱਚ ਧੋਖਾਧੜੀ ਦੇ ਬੇਬੁਨਿਆਦ ਦਾਅਵੇ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਸੂਬਾਈ ਤੇ ਸੰਘੀ ਅਦਾਲਤਾਂ ਪਹਿਲਾਂ ਹੀ ਰੱਦ ਕਰ ਚੁੱਕੀਆਂ ਹਨ, ਜਦੋਂਕਿ ਮੁਲਕ ਦੀ ਸਿਖਰਲੀ ਅਦਾਲਤ ਨੇ ਸ਼ੁੱਕਰਵਾਰ ਨੂੰ ਇਸ ਨੂੰ ਖਾਰਜ ਕਰ ਦਿੱਤਾ ਸੀ।