ਜੌਹੈੱਨਸਬਰਗ (ਸਮਾਜ ਵੀਕਲੀ) : ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਤੇ ਉਨ੍ਹਾਂ ਦੀ ਡਿਪਟੀ ਕਮਲਾ ਹੈਰਿਸ ਅਤੇ ਮੌਜੂਦਾ ਅਮਰੀਕੀ ਸਦਰ ਡੋਨਲਡ ਟਰੰਪ ਨੇ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਮਨਾਉਣ ਵਾਲੇ ਸਾਰੇ ਅਮਰੀਕੀਆਂ ਨੂੰ ਵਧਾਈ ਦਿੱਤੀ ਹੈ। ਉਧਰ ਕਰੋਨਾਵਾਇਰਸ ਮਹਾਮਾਰੀ ਕਰਕੇ ਭਾਰਤੀ ਅਮਰੀਕੀਆਂ ਦੇ ਦੀਵਾਲੀ ਦੇ ਜਸ਼ਨ ਕੁੱਝ ਫਿੱਕੇ ਰਹੇ। ਜ਼ਿਆਦਾਤਰ ਭਾਰਤੀਆਂ ਨੇ ਆਪਣੇ ਘਰਾਂ ਵਿੱਚ ਹੀ ਰਹਿਣ ਨੂੰ ਤਰਜੀਹ ਦਿੱਤੀ ਤੇ ਉਨ੍ਹਾਂ ਆਪਣੇ ਪਰਿਵਾਰ ਤੇ ਯਾਰਾਂ ਦੋਸਤਾਂ ਨਾਲ ਇਕੱਠ ਕਰਨ ਤੋਂ ਵੀ ਪ੍ਰਹੇਜ਼ ਕੀਤਾ। ਭਾਰਤੀ ਭਾਈਚਾਰੇ ਨਾਲ ਜੁੜੇ ਧਾਰਮਿਕ ਅਸਥਾਨਾਂ ਤੇ ਕਮਿਊਨਿਟੀ ਸੈਂਟਰਾਂ ਵਿੱਚ ਵੀ ਰੌਣਕ ਨਜ਼ਰ ਨਹੀਂ ਆਈ।
ਬਾਇਡਨ ਨੇ ਇਕ ਟਵੀਟ ’ਚ ਕਿਹਾ, ‘ਰੌਸ਼ਨੀਆਂ ਦਾ ਤਿਉਹਾਰ ਮਨਾਉਣ ਵਾਲੇ ਲੱਖਾਂ ਹਿੰਦੂਆਂ, ਜੈਨ, ਸਿੱਖ ਤੇ ਬੁੱਧ ਧਰਮ ਨਾਲ ਜੁੜੇ ਲੋਕਾਂ ਨੂੰ ‘ਦੀਵਾਲੀ ਮੁਬਾਰਕ’। ਕਾਮਨਾ ਕਰਦਾ ਹਾਂ ਕਿ ਤੁਹਾਡਾ ਨਵਾਂ ਸਾਲ ਆਸਾਂ, ਖੁਸ਼ੀਆਂ ਤੇ ਖੇੜਿਆਂ ਨਾਲ ਭਰਿਆ ਰਹੇ।’ ਨਵੀਂ ਚੁਣੀ ਉਪ ਰਾਸ਼ਟਰਪਤੀ ਹੈਰਿਸ ਨੇ ਟਵੀਟ ਕੀਤਾ, ‘‘ਹੈਪੀ ਦੀਵਾਲੀ ਤੇ ਨਵਾਂ ਸਾਲ ਮੁਬਾਰਕ! ਡਗਲਸ ਐਮਹੌਫ (ਹੈਰਿਸ ਦੇ ਪਤੀ) ਤੇ ਮੈਂ ਕਾਮਨਾ ਕਰਦੇ ਹਾਂ ਕਿ ਕੁੱਲ ਆਲਮ ਵਿੱਚ ਇਸ ਤਿਉਹਾਰ ਨੂੰ ਮਨਾਉਣ ਵਾਲੇ ਸੁਰੱਖਿਅਤ ਤੇ ਸਿਹਤਮੰਦ ਰਹਿਣ ਤੇ ਆਉਣ ਵਾਲਾ ਨਵਾਂ ਸਾਲ ਖੁ਼ਸ਼ੀਆਂ ਭਰਿਆ ਰਹੇ।’
ਬਾਇਡਨ ਤੇ ਹੈਰਿਸ ਨੇ ਇਕ ਸਾਂਝੇ ਬਿਆਨ ਵਿੱਚ ਅਮਰੀਕਾ, ਭਾਰਤ ਤੇ ਕੁੱਲ ਆਲਮ ਨੂੰ ਰੌਸ਼ਨੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ। ਉਧਰ ਅਮਰੀਕੀ ਸਦਰ ਨੇ ਡੋਨਲਡ ਟਰੰਪ ਨੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਵ੍ਹਾਈਟ ਹਾਊਸ ਵਿੱਚ ਆਪਣੇ ਪ੍ਰਸ਼ਾਸਨ ਦੇ ਭਾਰਤੀ-ਅਮਰੀਕੀ ਮੈਂਬਰਾਂ ਨਾਲ ਦੀਵਾ ਜਗਾਉਂਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ’ਤੇ ‘ਹੈਪੀ ਦੀਵਾਲੀ’ ਲਿਖਿਆ ਸੀ। ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਵੀ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੱਤੀ ਹੈ।
ਭਾਰਤੀ ਅਮਰੀਕੀ ਸਿਆਸਤਦਾਨ ਤੇ ਸੰਯੁਕਤ ਰਾਸ਼ਟਰ ਵਿੱਚ ਸਾਬਕਾ ਅਮਰੀਕੀ ਸਫ਼ੀਰ ਨਿੱਕੀ ਹੇਲੀ ਨੇ ਵੀ ਟਵੀਟ ਕਰਕੇ ਭਾਰਤੀਆਂ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੱਤੀ। ਇਸ ਦੌਰਾਨ ਦੱਖਣੀ ਅਫ਼ਰੀਕਾ ਵਿੱਚ ਵੀ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਭਾਰਤ ਦੇ ਕੌਂਸੁਲੇਟ ਜਨਰਲ ਅੰਜੂ ਰੰਜਨ ਵੱਲੋਂ ਜੌਹੈੱਨਸਬਰਗ ਸਥਿਤ ਇੰਡੀਆ ਹਾਊਸ ਵਿੱਚ ਦੀਵਾਲੀ ਦੇ ਜਸ਼ਨਾਂ ਲਈ ਵਿਉਂਤੇ ਸਮਾਗਮ ਵਿੱਚ ਦੱਖਣੀ ਅਫ਼ਰੀਕਾ ਆਧਾਰਿਤ ਕੂਟਨੀਤਕ ਤੇ ਚੁਣੇ ਹੋਏ ਨੁਮਾਇੰੰਦੇ ਸ਼ਾਮਲ ਹੋਏ।