ਵਾਸ਼ਿੰਗਟਨ (ਸਮਾਜਵੀਕਲੀ) – ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ’ਚ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਉਹ ਹਾਈਡਰੋਕਸੀਕਲੋਰੋਕੁਇਨ ਦੀਆਂ ਗੋਲੀਆਂ ਦੀ ਖੇਪ ਤੁਰੰਤ ਭੇਜਣ। ਜ਼ਿਕਰਯੋਗ ਹੈ ਕਿ ਭਾਰਤ ਨੇ ਇਸ ਦਵਾਈ ਦੀ ਬਰਾਮਦਗੀ ’ਤੇ ਪਾਬੰਦੀ ਲਗਾ ਦਿੱਤੀ ਸੀ।
ਇਹ ਦਵਾਈ ਮਲੇਰੀਆ ਦੇ ਇਲਾਜ ਲਈ ਵਰਤੀ ਜਾਂਦੀ ਹੈ। ਉਂਜ ਅਧਿਕਾਰੀਆਂ ਨੇ ਕਿਹਾ ਸੀ ਕਿ ਇਨਸਾਨੀਅਤ ਦੇ ਨਾਤੇ ਇਸ ਦਵਾਈ ਦੀਆਂ ਕੁਝ ਵਿਸ਼ੇਸ਼ ਖੇਪਾਂ ਬਾਹਰ ਭੇਜੀਆਂ ਜਾ ਸਕਦੀਆਂ ਹਨ। ਟਰੰਪ ਨੇ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨਾਲ ਸ਼ਨਿਚਰਵਾਰ ਸਵੇਰੇ ਇਸ ਬਾਬਤ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਦਿੱਤੇ ਗਏ ਆਰਡਰ ਮੁਤਾਬਕ ਦਵਾਈ ਭੇਜਦਾ ਹੈ ਤਾਂ ਉਹ ਇਸ ਦੀ ਸ਼ਲਾਘਾ ਕਰਨਗੇ।
ਅਮਰੀਕੀ ਰਾਸ਼ਟਰਪਤੀ ਮੁਤਾਬਕ ਇਸ ਦਵਾਈ ਦੇ ਹਾਂ-ਪੱਖੀ ਨਤੀਜੇ ਸਾਹਮਣੇ ਆਏ ਹਨ ਅਤੇ ਜੇਕਰ ਪ੍ਰਯੋਗ ਸਫ਼ਲ ਰਿਹਾ ਤਾਂ ਇਹ ਰੱਬੀ ਦਾਤ ਹੋਵੇਗੀ। ਉਨ੍ਹਾਂ ਕਿਹਾ ਕਿ ਮਲੇਰੀਆ ਪ੍ਰਭਾਵਿਤ ਮੁਲਕਾਂ ’ਚ ਲੋਕ ਹਾਈਡਰੋਕਸੀਕਲੋਰੋਕੁਇਨ ਦਵਾਈ ਲੈਂਦੇ ਹਨ ਜਿਸ ਕਾਰਨ ਬਹੁਤੇ ਲੋਕਾਂ ’ਤੇ ਕਰੋਨਾਵਾਇਰਸ ਦਾ ਕੋਈ ਅਸਰ ਨਹੀਂ ਪਿਆ। ਉਧਰ ਵ੍ਹਾਈਟ ਹਾਊਸ ਨੇ ਕਿਹਾ ਕਿ ਦੋਵੇਂ ਆਗੂਆਂ ਨੇ ਕਰੋਨਾਵਾਇਰਸ ਨਾਲ ਨਜਿੱਠਣ ਅਤੇ ਲੋਕਾਂ ਦੇ ਸਰੀਰਕ ਤੇ ਮਾਨਸਿਕ ਵਿਕਾਸ ’ਚ ਯੋਗ ਅਤੇ ਆਯੁਰਵੈਦ ਦੀ ਮਹੱਤਤਾ ਬਾਰੇ ਵੀ ਚਰਚਾ ਕੀਤੀ ਹੈ।