ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਸੈਨੇਟ ਵਿੱਚ ਮਹਾਦੋਸ਼ ਚਲਾਉਣ ਦੀ ਸੰਵਿਧਾਨਿਕਤਾ ਬਾਰੇ ਹੋਈ ਵੋਟਿੰਗ ਵਿੱਚ ਛੇ ਰਿਪਬਲਿਕਨ ਮੈਂਬਰਾਂ ਨੇ ਆਪਣੀ ਵਿਰੋਧੀ ਡੈਮੋਕਰੈਟਿਕ ਪਾਰਟੀ ਦਾ ਸਾਥ ਦਿੱਤਾ। ਸੈਨੇਟ ਨੇ 44 ਦੇ ਮੁਕਾਬਲੇ 56 ਵੋਟਾਂ ਨਾਲ ਟਰੰਪ ਖ਼ਿਲਾਫ਼ ਮਹਾਦੋਸ਼ ਦੀ ਕਾਰਵਾਈ ਚਲਾਉਣ ਦੀ ਸੰਵਿਧਾਨਿਕਤਾ ’ਤੇ ਮੋਹਰ ਲਾ ਦਿੱਤੀ। ਇਸ ਦੇ ਨਾਲ ਹੀ ਅਮਰੀਕਾ ਦੇ 45ਵੇਂ ਰਾਸ਼ਟਰਪਤੀ ’ਤੇ ਮਹਾਦੋਸ਼ ਦੀ ਕਾਰਵਾਈ ਦੂਜੀ ਵਾਰ ਚਲਾਉਣ ਦਾ ਰਾਹ ਪੱਧਰਾ ਹੋ ਗਿਆ। ਸੈਨੇਟ ਵਿੱਚ ਰਿਪਬਲਿਕਨਾਂ ਤੇ ਡੈਮੋਕਰੈਟਾਂ ਦੇ 50-50 ਮੈਂਬਰ ਹਨ ਤੇ ਟਰੰਪ ਖਿਲਾਫ਼ ਮਹਾਦੇਸ਼ ਦੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਸੈਨੇਟ ਨੂੰ ਸਦਨ ਵਿੱਚ 67 ਵੋਟਾਂ ਦੀ ਲੋੜ ਪੲੇਗੀ।
ਛੇ ਰਿਪਬਲਿਕਨ ਅੱਜ ਪਹਿਲਾਂ ਹੀ ਡੈਮੋਕਰੈਟਾਂ ਦਾ ਸਾਥ ਦੇ ਚੁੱਕੇ ਹਨ ਤੇ ਇਸ ਪੂਰੇ ਅਮਲ ਨੂੰ ਸਿਰੇ ਚਾੜ੍ਹਨ ਲਈ ਡੈਮੋਕਰੈਟਾਂ ਨੂੰ ਘੱਟੋ-ਘੱਟ 11 ਹੋਰ ਰਿਪਬਲਿਕਨਾਂ ਦੀ ਲੋੜ ਪਏਗੀ। ਅਮਰੀਕੀ ਇਤਿਹਾਸ ਵਿੱਚ ਟਰੰਪ ਪਹਿਲੇ ਰਾਸ਼ਟਰਪਤੀ ਹੋਣਗੇ, ਜਿਨ੍ਹਾਂ ਖ਼ਿਲਾਫ਼ ਦੂਜੀ ਵਾਰ ਮਹਾਦੋਸ਼ ਦੀ ਕਾਰਵਾਈ ਚੱਲੇਗੀ। ਉਂਜ ਵੀ ਟਰੰਪ ਪਹਿਲੇ ਅਮਰੀਕੀ ਸਦਰ ਹਨ, ਜਿਨ੍ਹਾਂ ਨੂੰ ਰਾਸ਼ਟਰਪਤੀ ਦਾ ਅਹੁਦਾ ਛੱਡਣ ਮਗਰੋਂ ਮਹਾਦੋਸ਼ ਦੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਨ੍ਹਾਂ ਰਿਪਬਲਿਕਨਾਂ ਨੇ ਡੈਮੋਕਰੈਟਾਂ ਦੇ ਨਾਲ ਵੋਟਾਂ ਪਾਈਆਂ, ਉਨ੍ਹਾਂ ਵਿੱਚ ਸੂਸਨ ਕੌਲਿਨਜ਼, ਲੀਸਾ ਮੁਰਕੋਵਸਕੀ, ਮਿੱਟ ਰੋਮਨੀ, ਬੈੱਨ ਸਾਸੇ, ਬਿੱਲ ਕੈਸਿਡੀ ਤੇ ਪੈਟ ਟੂਮੀ ਸ਼ਾਮਲ ਹਨ।