ਸੰਨ 1970 ਦਾ ਦਹਾਕਾ ਕਿਸਾਨੀ ਵਰਗ ਵਿੱਚ ਇੱਕ ਨਵਾਂ ਰੰਗ ਲੈ ਕੇ ਆਇਆ ਸੀ ਭਾਰਤ ਵਰਸ਼ ਆਜ਼ਾਦੀ ਪ੍ਰਾਪਤ ਕਰਨ ਤੋਂ ਬਾਅਦ ਭੁੱਖ ਮਰੀ ਤੇ ਅੰਨ ਦੀ ਤੋਟ ਨੇ ਘੇਰਿਆ ਹੋਇਆ ਸੀ।ਉੱਤਰੀ ਭਾਰਤ ਜਿਨ੍ਹਾਂ ਵਿੱਚੋਂ ਮੁੱਖ ਪੰਜਾਬ ਹੈ,ਖੇਤੀ ਵਿੱਚ ਪ੍ਰਮੁੱਖ ਹੈ ਤੇ ਆਜ਼ਾਦੀ ਦੀ ਵੰਡ ਵੇਲੇ ਲਹਿੰਦੇ ਤੇ ਚੜ੍ਹਦੇ ਪੰਜਾਬ ਵਿਚਲੀ ਵੰਡ ਨੇ ਪੰਜਾਬ ਦਾ ਲੱਕ ਪੂਰਨ ਰੂਪ ਵਿੱਚ ਤੋੜ ਦਿੱਤਾ ਸੀ।
ਪੰਜ ਦਰਿਆਵਾਂ ਦੀ ਧਰਤੀ ਦਰਿਆਵਾਂ ਦੇ ਨਾਲ ਭਾਰਤ ਦੀ ਵੰਡ ਦੀ ਮਾਰ ਥੱਲੇ ਖੇਤੀ ਵਿੱਚ ਯੋਗ ਪ੍ਰਬੰਧ ਨਾ ਹੋਣ ਕਰਕੇ ਖੇਤੀਬਾੜੀ ਜੋ ਮੁੱਖ ਧੰਦਾ ਸੀ ਸਿਰਫ਼ ਕੰਮ ਚਲਾਊ ਹੀ ਰਹਿ ਗਿਆ।ਕਿਸਾਨ ਤੇ ਮਜ਼ਦੂਰ ਮਿਲ ਕੇ ਜੋ ਕਮਾਉਂਦੇ ਸਨ ਉਸ ਨਾਲ ਸਿਰਫ ਆਪਣਾ ਪੇਟ ਭਰਨ ਤੱਕ ਹੀ ਸੀਮਤ ਸੀ। ਭਾਰਤ ਨੂੰ ਖਾਣ ਵਿੱਚ ਜੋ ਮੁੱਖ ਅਨਾਜ ਸੀ, ਉਹ ਵੀ ਵਿਦੇਸ਼ਾਂ ਤੋਂ ਮੰਗਵਾਉਣਾ ਪੈ ਰਿਹਾ ਸੀ। ਭਾਰਤ ਸਰਕਾਰ ਨੇ ਪੰਜ ਸਾਲਾ ਯੋਜਨਾ ਦੇ ਤਹਿਤ ਹਰੀ ਕ੍ਰਾਂਤੀ ਦਾ ਯੁੱਗ ਸ਼ੁਰੂ ਕੀਤਾ, ਅਨਾਜ ਦੀ ਪੈਦਾਵਾਰ ਵਧਾਉਣ ਲਈ ਕਣਕ ਤੇ ਝੋਨੇ ਦੀ ਕੀਮਤ ਸਰਕਾਰ ਵੱਲੋਂ ਕਿਸਾਨਾਂ ਦੀਆਂ ਖੇਤੀ ਲਈ ਜ਼ਰੂਰਤਾਂ ਵੇਖ ਕੇ ਯੋਗ ਕੀਮਤ ਬੰਨ੍ਹਣੀ ਚਾਲੂ ਕਰ ਦਿੱਤੀ।
ਉਸ ਸਮੇਂ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਜਨਮ ਹੋਇਆ,ਖੇਤੀ ਨੂੰ ਵਿਗਿਆਨਕ ਰੰਗ ਚੜ੍ਹਾਉਣ ਦੀ ਵਿਧਾ ਚਾਲੂ ਹੋ ਗਈ। ਕਿਸਾਨਾਂ ਦੇ ਸਹਿਯੋਗ ਜਾਂ ਸਮਝ ਲਵੋ ਸੌਖ ਲਈ ਦੋਗਲੀ ਕਿਸਮ ਦੇ ਬੀਜ ਪੈਦਾ ਕੀਤੇ ਗਏ। ਦੇਸੀ ਖਾਦ ਦੇ ਨਾਲ ਰਸਾਣਿਕ ਖਾਦਾਂ ਦੀ ਉਪਜ ਵਧਾ ਦਿੱਤੀ ਗਈ ਖੇਤੀ ਵਿਗਿਆਨੀਆਂ ਨੇ ਕੀੜੇ ਮਾਰ ਦਵਾਈਆਂ ਦਾ ਪ੍ਰਚਲਨ ਚਾਲੂ ਕਰ ਦਿੱਤਾ।
ਖੇਤੀ ਲਈ ਕਰਜ਼ੇ ਬਹੁਤ ਆਸਾਨ ਕਰ ਦਿੱਤੇ ਗਏ ਆਪਣੇ ਕਾਗਜ਼ ਪੱਤਰ ਬੈਂਕ ਵਿੱਚ ਦਾਖਲ ਕਰੋ, ਤੁਰੰਤ ਤੁਹਾਡੇ ਘਰ ਟਰੈਕਟਰ ਤੇ ਹੋਰ ਖੇਤੀ ਦੇ ਸੰਦ ਆ ਜਾਂਦੇ ਸੀ। ਵਿਉਪਾਰੀ ਵਰਗ ਦੀ ਸੋਚ ਨਾਲ ਕਣਕ ਤੇ ਝੋਨੇ ਦੀ ਫ਼ਸਲ ਉੱਨਤ ਹੋਣੀ ਸ਼ੁਰੂ ਹੋ ਗਈ ਨਹਿਰੀ ਪਾਣੀ ਦੀ ਕਿੱਲਤ ਨੂੰ ਮੁੱਖ ਰੱਖਦੇ ਹੋਏ ਭਾਖੜਾ ਤੋਂ ਪਣ ਬਿਜਲੀ ਘਰ ਰਾਹੀਂ ਪੈਦਾ ਕੀਤੀ ਬਿਜਲੀ ਨਾਲ ਖੇਤਾਂ ਵਿੱਚ ਬਿਜਲੀ ਦੇ ਟਿਊਬਵੈਲ ਧੜਾਧੜ ਸਥਾਪਤ ਕਰ ਦਿੱਤੇ,ਡੀਜਲ ਇੰਜਣਾਂ ਡੀਜ਼ਲ ਲਈ ਵੀ ਕਿਸਾਨਾਂ ਨੂੰ ਰਾਸ਼ਨ ਤੇ ਪਹੁੰਚਾਉਣ ਦਾ ਯੋਗ ਪ੍ਰਬੰਧ ਕਰ ਦਿੱਤਾ ਗਿਆ।
ਸਰਕਾਰ ਦੀ ਸੋਚ ਅਨਾਜ ਦਾ ਮਸਲਾ ਹੱਲ ਕਰਨਾ ਹੀ ਸੀ ਜਿਸ ਲਈ ਵਪਾਰੀ ਵਰਗ ਜੁੜ ਗਿਆ ਹਰੀ ਕ੍ਰਾਂਤੀ ਨਾਲ ਖੇਤੀ ਵਿਗਿਆਨੀਆਂ ਨੇ ਖੇਤੀ ਦੇ ਨਵੇਂ ਢੰਗ ਤਰੀਕੇ ਧਰਤੀ ਹੇਠਲੇ ਪਾਣੀ ਨੂੰ ਬਾਹਰ ਕੱਢਣ ਦੀਆਂ ਤਕਨੀਕਾਂ ਨੂੰ ਪਹਿਲ ਦਿੱਤੀ ਗਈ ਕਣਕ ਤੇ ਝੋਨੇ ਲਈ ਸੀਮਤ ਕੀਮਤ ਨੇ ਕਿਸਾਨਾਂ ਦਾ ਬਹੁਤ ਹੌਸਲਾ ਵਧਾਇਆ ਕਿਸਾਨਾਂ ਦੇ ਟਿੱਬੇ ਤੇ ਸਾਰੀਆਂ ਜ਼ਮੀਨਾਂ ਕਣਕ ਤੇ ਝੋਨੇ ਲਈ ਵੱਖ ਵੱਖ ਤਰੀਕੇ ਨਾਲ ਯੋਗ ਬਣਾ ਦਿੱਤੀਆਂ।
ਦੂਸਰਾ ਪੱਖ ਪਾਣੀ ਹਰ ਖੇਤ ਵਿੱਚ ਲੱਗੇ ਹੋਏ ਟਿਊਬਵੈੱਲ ਤੇ ਡੀਜ਼ਲ ਇੰਜਣਾਂ ਨਾਲ ਉਪਜ ਭਰਪੂਰ ਕਰ ਦਿੱਤੀ ਸਾਲ ਵਿੱਚ ਦੋਨੋਂ ਫ਼ਸਲਾਂ ਮੁੱਖ ਹੋਣ ਕਾਰਨ ਮਜ਼ਦੂਰਾਂ ਦੀ ਘਾਟ ਭਈਆਂ ਨੇ ਪੂਰੀ ਕਰ ਦਿੱਤੀ ਕਿਸਾਨਾਂ ਲਈ ਆੜ੍ਹਤੀਏ ਤੇ ਬੈਂਕਾਂ ਦਾ ਕਰਜ਼ਾ ਦੇਣ ਲਈ ਹਮੇਸ਼ਾ ਮੂੰਹ ਖੁੱਲ੍ਹਾ ਸੀ। ਖਾਦਾਂ ਤੇ ਰਸਾਇਣਿਕ ਦਵਾਈਆਂ ਲਈ ਪਿੰਡ ਪਿੰਡ ਕੋਆਪਰੇਟਿਵ ਸੁਸਾਇਟੀਆਂ ਸਥਾਪਤ ਕਰ ਦਿੱਤੀਆਂ ਮੁੱਕਦੀ ਗੱਲ ਇਸ ਦਹਾਕੇ ਵਿੱਚ ਅੰਨ ਦੀ ਮੰਗ ਪੂਰੀ ਹੋ ਗਈ। ਪਰ ਕੁਦਰਤ ਦਾ ਅਸੂਲ ਗੁਰਬਾਣੀ ਵਿੱਚ ਦਰਜ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਇਸ ਲਈ ਪਾਣੀ ਦਿਨੋਂ ਦਿਨ ਥੱਲੇ ਜਾਣ ਲੱਗਿਆ ਰਸਾਣਿਕ ਖਾਦਾਂ ਨਾਲ ਵਾਤਾਵਰਨ ਤੇ ਪਾਣੀ ਦੂਸ਼ਿਤ ਹੋਣ ਲੱਗਿਆ।
ਜੀਰੀ ਤੇ ਕਣਕ ਨੂੰ ਵੱਢਣ ਲਈ ਮਜ਼ਦੂਰਾਂ ਦੀ ਕਮੀ ਰੜਕਦੀ ਨੂੰ ਹਾਰਵੈਸਟਰ ਕੰਬਾਈਨਾਂ ਨੇ ਕਮਾਂਡ ਸੰਭਾਲ ਲਈ ਮਿੰਟਾਂ ਸਕਿੰਟਾਂ ਵਿੱਚ ਅਨਾਜ ਸੰਭਾਲ ਲਿਆ ਜਾਂਦਾ ਤੇ ਖੇਤਾਂ ਵਿੱਚ ਬਚੀ ਹੋਈ ਰਹਿੰਦ ਖੂੰਹਦ ਨੂੰ ਖਤਮ ਕਰਨ ਲਈ ਕਿਸਾਨਾਂ ਨੇ ਅੱਗ ਲਗਾਉਣੀ ਚਾਲੂ ਕਰ ਦਿੱਤੀ।ਜਿਸ ਨਾਲ ਹਵਾ ਪੂਰਨ ਰੂਪ ਵਿੱਚ ਪ੍ਰਦੂਸ਼ਤ ਹੋਣੀ ਚਾਲੂ ਹੋ ਗਈ। ਹਰ ਹੀਲੇ ਵਸੀਲੇ ਨਾਲ ਅਨਾਜ ਦਾ ਮਸਲਾ ਹੱਲ ਹੋ ਗਿਆ ਫੇਰ ਇਸ ਉੱਨਤ ਖੇਤੀ ਪਿੱਛੇ ਖਰਾਬ ਹੋ ਰਹੇ ਢੰਗਾਂ ਵੱਲ ਸਰਕਾਰ ਦਾ ਧਿਆਨ ਜਾਣਾ ਚਾਲੂ ਹੋਇਆ, ਸਰਕਾਰ ਦੀਆਂ ਹਦਾਇਤਾਂ ਤੇ ਕਾਨੂੰਨ ਬਣਨੇ ਚਾਲੂ ਹੋ ਗਏ।
ਖੇਤਾਂ ਵਿੱਚ ਅੱਗ ਲਗਾਉਣੀ ਜੋ ਕਿ ਸਭ ਤੋਂ ਵੱਧ ਖ਼ਤਰਨਾਕ ਸੀ, ਉਸ ਲਈ ਜੁਰਮਾਨਾ ਤੇ ਸਜ਼ਾਵਾਂ ਵੀ ਬਹਾਲ ਕਰਨੀਆਂ ਚਾਲੂ ਕਰ ਦਿੱਤੀਆਂ ਕਿਸਾਨ ਦੀ ਕੜੀ ਮਿਹਨਤ ਨੇ ਪੂਰੇ ਭਾਰਤ ਵਰਸ਼ ਦਾ ਢਿੱਡ ਭਰ ਦਿੱਤਾ।ਕਿਸਾਨਾਂ ਨੂੰ ਕਮਾਈ ਵਿੱਚ ਵੱਧ ਪੈਸਾ ਮਿਲਣ ਕਰਕੇ ਕੋਠੀਆਂ ਕਾਰਾਂ ਦਾ ਯੁੱਗ ਚਾਲੂ ਹੋ ਗਿਆ। ਕਿਸਾਨਾਂ ਲਈ ਕਣਕ ਦੀ ਸੰਭਾਲ ਬਹੁਤ ਹੀ ਮੁਸ਼ਕਿਲ ਨਹੀਂ ਸੀ ਕਿਉਂਕਿ ਤੂੜੀ ਦੀ ਜ਼ਰੂਰਤ ਲਈ ਕਣਕ ਦੀ ਨਾੜ ਨੂੰ ਸੰਭਾਲਣਾ ਪੈਂਦਾ ਸੀ।
ਪਰ ਜੀਰੀ ਦੀ ਪਰਾਲੀ ਪ੍ਰਦੂਸ਼ਣ ਦਾ ਮੁੱਖ ਪਹਾੜ ਖੜ੍ਹਾ ਹੋ ਗਿਆ, ਜਿਸ ਲਈ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਮੀਡੀਆ ਤੇ ਪਿੰਡਾਂ ਵਿੱਚ ਜਾ ਕੇ ਇਹ ਸਿੱਖਿਆ ਦੇਣੀ ਚਾਲੂ ਕਰ ਦਿੱਤੀ ਕਿ ਪਰਾਲੀ ਨਾ ਸਾੜੋ ਸਾਡੇ ਖੇਤਾਂ ਦੀ ਉਪਜ ਘਟਦੀ ਹੈ ਤੇ ਹਵਾ ਪ੍ਰਦੂਸ਼ਤ ਹੁੰਦੀ ਹੈ। ਪਰ ਜੀਰੀ ਤੋਂ ਬਾਅਦ ਤੁਰੰਤ ਅਗਲੀ ਫਸਲ ਬੀਜਣੀ ਹੁੰਦੀ ਹੈ, ਕਿਸਾਨਾਂ ਕੋਲ ਸੀਮਤ ਸਾਧਨ ਖੇਤੀ ਵਿਗਿਆਨੀਆਂ ਸਰਕਾਰਾਂ ਦੀਆਂ ਸਲਾਹਾਂ ਧਰੀਆਂ ਧਰਾਈਆਂ ਰਹਿ ਗਈਆਂ।ਪੰਜਾਬ ਦਾ ਕਿਸਾਨ ਜੋ ਕੜੀ ਮਿਹਨਤ ਕਰਨੀ ਜਾਣਦਾ ਹੈ, ਕਾਨੂੰਨਾਂ ਦੀ ਥੋੜ੍ਹੀ ਪ੍ਰਵਾਹ ਘੱਟ ਹੀ ਕਰਦਾ ਹੈ।
ਜਿਸ ਦੇ ਨਤੀਜੇ ਸਭ ਦੇ ਸਾਹਮਣੇ ਹਨ ਝੋਨੇ ਦੀ ਫ਼ਸਲ ਦੀ ਵਾਢੀ ਹੁਣ ਸਿਰ ਆ ਪਹੁੰਚੀ ਹੈ,ਪਰਾਲੀ ਨੂੰ ਅੱਗ ਲਗਾਉਣ ਦਾ ਮੁੱਦਾ ਹੁਣ ਆਮ ਚਰਚਾ ਵਿੱਚ ਹੈ। ਪੰਜਾਬ ਹਰਿਆਣਾ ਯੂਪੀ ਸਮੇਤ ਕੁਝ ਹੋਰ ਰਾਜ ਦਿੱਲੀ ਦੇ ਪ੍ਰਦੂਸ਼ਣ ਵਿੱਚ ਵਾਧੇ ਲਈ ਜ਼ਿੰਮੇਵਾਰ ਮੰਨੇ ਜਾ ਰਹੇ ਹਨ।ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਅੱਗ ਲਗਾਉਣ ਤੇ ਰੋਕ ਲਗਾਉਣ ਲਈ ਸਰਕਾਰ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ।
ਅਜਿਹੀਆਂ ਗੱਲਾਂ ਆਮ ਮੀਡੀਆ ਤੇ ਪੜ੍ਹਨ ਸੁਣਨ ਨੂੰ ਮਿਲਦੀਆਂ ਹਨ ਪਰ ਤਣ ਪੱਤਣ ਤੇ ਲੱਗਿਆ ਕੁਝ ਵਿਖਾਈ ਨਹੀਂ ਦੇ ਰਿਹਾ।ਹੁਣ ਮਾਨਯੋਗ ਸੁਪਰੀਮ ਕੋਰਟ ਵਿੱਚ ਇਸ ਮੁੱਦੇ ਤੇ ਸੁਣਵਾਈ ਚੱਲ ਰਹੀ ਹੈ ਸੁਪਰੀਮ ਕੋਰਟ ਦਾ ਨਿਵੇਕਲਾ ਇੱਕ ਸੁਝਾਅ ਤੇ ਵਿਚਾਰ ਕਰਨ ਲਈ ਸਹਿਮਤ ਹੋ ਗਈ ਹੈ,ਜਿਸ ਥੱਲੇ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ ਤਹਿਤ ਕਿਸਾਨਾਂ ਨੂੰ ਦਿੱਤਾ ਜਾਣ ਵਾਲਾ ਕੁਝ ਹਿੱਸਾ ਰੋਕ ਲਿਆ ਜਾਵੇ ਅਤੇ ਹਰ ਕਿਸਾਨ ਨੂੰ ਉਦੋਂ ਜਾਰੀ ਕੀਤਾ ਜਾਵੇ ਜਦੋਂ ਇਹ ਪੁਸ਼ਟੀ ਹੋ ਗਈ ਕਿ ਉਸ ਨੇ ਪਰਾਲੀ ਨੂੰ ਅੱਗ ਨਹੀਂ ਲਗਾਈ ਸੀ।
ਮਾਨਯੋਗ ਸੁਪਰੀਮ ਕੋਰਟ ਨੇ ਇਸ ਸਬੰਧੀ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ, ਝੋਨੇ ਨਾਲ ਸਬੰਧਤ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ 16ਅਕਤੂਬਰ ਨੂੰ ਪੇਸ਼ੀ ਤੇ ਹਾਜ਼ਰ ਹੋਣ ਲਈ ਬੁਲਾਇਆ ਹੈ। ਇਸ ਗੰਭੀਰ ਮਸਲੇ ਤੇ ਪਟੀਸ਼ਨ ਪਾਉਣ ਵਾਲੇ ਵਿਕਰਾਂਤ ਤੋਗੜ ਨੇ ਸੁਝਾਅ ਦਿੱਤਾ ਸੀ, ਕਿ ਅੱਗ ਨਾ ਲਗਾਉਣ ਨੂੰ ਰੋਕਣ ਦਾ ਇਹ ਪ੍ਰਬੰਧ ਕੀਤਾ ਜਾਵੇ।ਕਿਸਾਨਾਂ ਨੂੰ ਸੌ ਰੁਪਏ ਕੁਇੰਟਲ ਤੇ ਵਾਧੂ ਦਿੱਤੇ ਜਾਣ ਪਰ ਇਸ ਦੀ ਅਦਾਇਗੀ ਨੂੰ ਰੋਕ ਲਿਆ ਜਾਵੇ ,ਜਿੰਨੀ ਦੇਰ ਤੱਕ ਅੱਗ ਨਾ ਲਗਾਉਣ ਦੀ ਪੁਸ਼ਟੀ ਨਹੀਂ ਹੁੰਦੀ।
ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਇਸ ਸੁਝਾਅ ਨੂੰ ਕਿਸਾਨਾਂ ਦੇ ਵਿਰੁੱਧ ਮੰਨਿਆ ਹੈ ਕੇਂਦਰ ਸਰਕਾਰ ਅਗਲੀ ਪੇਸ਼ੀ ਤੇ ਆਪਣਾ ਮਾਮਲਾ ਪੇਸ਼ ਕਰੇਗੀ।ਪੰਜਾਬ ਸਰਕਾਰ ਕਹਿ ਰਹੀ ਹੈ ,ਕਿ ਅਸੀਂ 23ਤੋਂ ਵੱਧ ਮਸ਼ੀਨਾਂ ਪੰਜਾਬ ਵਿੱਚ ਦੇਣ ਦਾ ਫ਼ੈਸਲਾ ਕਰ ਲਿਆ ਹੈ ਛੋਟੇ ਕਿਸਾਨਾਂ ਨੂੰ ਮਸ਼ੀਨਾਂ ਮੁਫ਼ਤ ਦਿੱਤੀਆਂ ਜਾਣਗੀਆਂ। ਇੱਥੇ ਵਿਚਾਰਨ ਵਾਲੀ ਗੱਲ ਇਹ ਹੈ ਇਸ ਮਸ਼ੀਨ ਨੂੰ ਚਲਾਉਣ ਲਈ ਵਾਧੂ ਤਾਕਤ ਵਾਲੇ ਟਰੈਕਟਰ ਲੋੜੀਦੇ ਹਨ ,ਜੋ ਕਿ ਛੋਟੇ ਕਿਸਾਨਾਂ ਕੋਲ ਮੌਜੂਦ ਨਹੀਂ, ਮਸ਼ੀਨਾਂ ਦੇ ਨਾਲ ਟਰੈਕਟਰ ਵੀ ਲੋੜੀਂਦੇ ਹਨ ਇਸ ਤੇ ਵੀ ਯੋਗ ਵਿਚਾਰ ਕਰਨਾ ਬਣਦਾ ਹੈ।
ਪੰਜਾਬ ਸਰਕਾਰ ਇੱਕ ਕੁਇੰਟਲ ਝੋਨੇ ਤੇ ਸੌ ਰੁਪਏ ਦਾ ਬੋਨਸ ਅਨੇਕਾਂ ਵਾਰ ਕੇਂਦਰ ਸਰਕਾਰ ਤੋਂ ਮੰਗ ਚੁੱਕੀ ਹੈ। ਕਿਸਾਨਾਂ ਦਾ ਵੀ ਇਹ ਕਹਿਣਾ ਹੈ ਕਿ ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ ਦਾ ਖਰਚਾ ਸਰਕਾਰ ਦੇ ਦੇਵੇ ਤਾਂ ਪਰਾਲੀ ਨੂੰ ਅਸੀਂ ਨਹੀਂ ਸਾੜਾਂਗੇ।ਇਸ ਦੀ ਜ਼ਿੰਮੇਵਾਰੀ ਲੈਂਦੇ ਹਾਂ ਝੋਨੇ ਦਾ ਵਾਧੂ ਪਰਾਲੀ ਅਤੇ ਮੁੱਢ ਕੱਢਣ ਲਈ ਪ੍ਰਤੀ ਏਕੜ ਪੰਜ ਕੁ ਹਜ਼ਾਰ ਰੁਪਏ ਖਰਚਾ ਹੁੰਦਾ ਹੈ। ਇਹ ਗੰਭੀਰ ਮਸਲਾ ਸਰਕਾਰ ਤੇ ਕਿਸਾਨਾਂ ਦੇ ਵਿਚਕਾਰ ਕਈ ਸਾਲਾਂ ਤੋ ਲਟਕਿਆ ਹੋਇਆ ਹੈ।
ਕੇਂਦਰ ਸਰਕਾਰ ਰਾਜ ਸਰਕਾਰ ਤੇ ਕਿਸਾਨਾਂ ਦੀ ਤਿੱਕੜੀ ਦਰਮਿਆਨ ਇਹ ਬਹਿਸ ਸਾਲਾਂ ਤੋਂ ਚੱਲ ਰਹੀ ਹੈ,ਹਰ ਵਰਗ ਆਪਣਾ ਰਾਗ ਅਲਾਪ ਰਿਹਾ ਹੈ। ਅੱਗਾਂ ਲੱਗ ਕੇ ਪ੍ਰਦੂਸ਼ਨ ਜ਼ੋਰ ਫੜਦਾ ਜਾ ਰਿਹਾ ਹੈ।ਅੱਜ ਕੱਲ੍ਹ ਖੇਤੀ ਸਬੰਧੀ ਪਾਸ ਕੀਤੇ ਕੁਝ ਕਾਨੂੰਨਾਂ ਕਾਰਨ ਪੰਜਾਬ ਦੇ ਕਿਸਾਨ ਧਰਨਿਆਂ ਤੇ ਬੈਠੇ ਹਨ।ਅੱਜ ਇੱਕ ਮਸਲੇ ਦੀਆਂ ਲੜੀਆਂ ਦੋ ਹੋ ਗਈਆਂ ਹਨ ਕਿਸਾਨ ਆਪਣੀਆਂ ਮੰਗਾਂ ਲਈ ਜਦੋਂ ਧਰਨਿਆਂ ਤੇ ਬੈਠੇ ਹਨ।
ਅੱਗ ਲਾਉਣੀ ਨਾ ਲਾਉਣੀ ਉੱਥੇ ਵੀ ਉਹ ਆਪਣੀ ਮਰਜ਼ੀ ਤੇ ਚੱਲਣਗੇ ਜੀਰੀ ਦੀ ਕਟਾਈ ਜ਼ੋਰ ਫੜਦੀ ਜਾ ਰਹੀ ਹੈ ਮੀਡੀਆ ਵਿੱਚ ਪੜ੍ਹਨ ਸੁਣਨ ਨੂੰ ਮਿਲ ਰਿਹਾ ਹੈ ਕਿ ਕਿਸਾਨ ਪਰਾਲੀ ਨੂੰ ਅੱਗ ਲਗਾ ਰਹੇ ਹਨ।ਸਰਕਾਰ ਹਰ ਸਾਲ ਅੱਗ ਨਾ ਲਗਾਉਣ ਦਾ ਰਾਗ ਤਾਂ ਅਲਾਪਦੀ ਰਹਿੰਦੀ ਹੈ, ਕਿਉਂਕਿ ਮਾਣਯੋਗ ਸੁਪਰੀਮ ਕੋਰਟ ਹਰ ਸਾਲ ਜਵਾਬ ਮੰਗਦੀ ਹੈ ।ਪਰ ਮੇਲਾ ਖਤਮ ਹੋਣ ਤੋਂ ਬਾਅਦ ਲਿਫ਼ਾਫ਼ੇ ਉੱਡਦੇ ਵੇਖਣ ਕੋਈ ਨਹੀਂ ਜਾਂਦਾ ਇਹੋ ਕੰਮ ਸਾਡੀਆਂ ਸਰਕਾਰਾਂ ਦਾ ਹੈ।
ਭਾਰਤ ਵਿੱਚ ਕਿਸਾਨਾਂ ਦਾ ਜੋ ਬੁਰਾ ਹਾਲ ਹੈ।ਸਾਰੀ ਦੁਨੀਆਂ ਜਾਣਦੀ ਹੈ, ਲੋਕਾਂ ਦਾ ਪੇਟ ਭਰਨ ਵਾਲੇ ਕਿਸਾਨ ਆਪਣੀਆਂ ਖਾਸ ਮੰਗਾਂ ਲਈ ਧਰਨਿਆਂ ਤੇ ਬੈਠੇ ਹਨ।ਸਰਕਾਰ ਨੂੰ ਤੁਰੰਤ ਯੋਗ ਹੱਲ ਕੱਢਣਾ ਚਾਹੀਦਾ ਹੈ, ਕਿਸਾਨਾਂ ਨੂੰ ਪਰਾਲੀ ਨੂੰ ਧਰਨਿਆਂ ਨਾਲ ਜੋੜ ਕੇ ਅੱਗ ਲਗਾਉਣ ਨੂੰ ਇੱਕ ਵਿਖਾਵਾ ਨਹੀਂ ਕਰਨਾ ਚਾਹੀਦਾ, ਕੇ ਅਸੀਂ ਸਰਕਾਰ ਤੋਂ ਡਰਦੇ ਨਹੀਂ ਸਾਡੇ ਕਿਸਾਨਾਂ ਤੇ ਮਜ਼ਦੂਰ ਇਹ ਵੀ ਸੋਚ ਲੈਣ ਕਿ ਤੁਹਾਡਾ ਹਾਲ ਚਾਲ ਪੁੱਛਣ ਲਈ ਕੋਈ ਨੇਤਾ ਨਹੀਂ ਆ ਰਿਹਾ ਪਰਾਲੀ ਨੂੰ ਅੱਗ ਲਗਾਉਣ ਨਾਲ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਨੇਤਾ ਤੇ ਸਰਕਾਰਾਂ ਲਈ ਤਾਂ ਏ ਸੀ ਕੋਠੀਆਂ ਕਾਰਾਂ ਹਨ।
ਖਤਰਾ ਆਪਾਂ ਆਪਣੀ ਜਾਨ ਨੂੰ ਆਪ ਸਹੇੜਦੇ ਹਾਂ ਸਰਕਾਰ ਨੂੰ ਗਲਾਵੇਂ ਤੋਂ ਫੜ ਕੇ ਜੀਰੀ ਦੀ ਰਹਿੰਦ ਖੂੰਹਦ ਨੂੰ ਸਮੇਟਣ ਲਈ ਯੋਗ ਕਾਰਵਾਈ ਕਰਵਾਉਣ ਦਾ ਮੁੱਦਾ ਵੀ ਨਾਲ ਹੀ ਜੋੜ ਲਵੋ।ਜਦੋਂ ਕਿਸੇ ਦੀ ਗਰਦਨ ਤੇ ਗੋਡਾ ਰੱਖ ਲਿਆ ਜਾਵੇ, ਤਾਂ ਸਾਰੀਆਂ ਮੰਗਾਂ ਮਨਵਾਉਣ ਤੋਂ ਬਾਅਦ ਹੀ ਗੋਡਾ ਚੁੱਕਣਾ ਚਾਹੁੰਦਾ ਹੈ, ਨਹੀਂ ਤਾਂ ਫੇਰ ਗੋਡੇ ਥੱਲੋਂ ਨਿਕਲ ਕੇ ਹਰ ਤਰੀਕੇ ਨਾਲ ਬਦਲਾ ਲੈਣ ਦੀ ਕੋਸ਼ਿਸ਼ ਕਰਦਾ ਹੈ। ਪਰਾਲੀ ਨੂੰ ਜਿੱਦ ਨਾਲ ਸਾੜਨਾ ਸਾਡੇ ਲਈ ਖਤਰਾ ਹੈ, ਸਰਕਾਰਾਂ ਤਾਂ ਹਵਾ ਦਾ ਰੁਖ ਵੇਖ ਕੇ ਆਪਣੇ ਰਹਿਣ ਸਹਿਣ ਦਾ ਜੁਗਾੜ ਕਰ ਲੈਂਦੀਆਂ ਹਨ।
ਆਪਾਂ ਨੂੰ ਆਪਣੇ ਭਵਿੱਖ ਨੂੰ ਖਰਾਬ ਨਹੀਂ ਕਰਨਾ ਅੱਜ ਤੁਸੀਂ ਜਿਹੜੀਆਂ ਮੰਗਾਂ ਲਈ ਧਰਨੇ ਲਗਾਏ ਹੋਏ ਹਨ,ਉਸ ਦਾ ਸਬੰਧ ਸਾਡੇ ਭਵਿੱਖ ਨਾਲ ਹੈ। ਅੱਗ ਲਗਾਉਣਾ ਤਾਂ ਸਾਡਾ ਆਉਣ ਵਾਲਾ ਭਵਿੱਖ ਖੁਦ ਹੀ ਖਰਾਬ ਕਰ ਲੈਣ ਦੇ ਸਮਾਨ ਹੈ ਸਾਰੀਆਂ ਕਿਸਾਨ ਯੂਨੀਅਨ ਇਕੱਠੀਆਂ ਹੋ ਕੇ ਬੈਠੀਆਂ ਹਨ। ਸਾਡਾ ਕਿਸਾਨ ਤਾਂ ਲੋਕਾਂ ਦੇ ਪੇਟ ਭਰਨ ਵਾਲਾ ਹੈ ਪ੍ਰਦੂਸ਼ਣ ਫੈਲਾਉਣ ਵਾਲਾ ਨਹੀਂ ਇਸ ਪਾਸੇ ਵੀ ਅੱਜ ਹੀ ਸੋਚ ਲਵੋ ਨਹੀਂ ਤਾਂ ਆਪਣੇ ਪੈਰ ਤੇ ਖੁਦ ਕੁਲਹਾੜੀ ਮਾਰ ਲਵੋਗੇ ਭਵਿੱਖ ਕਦੇ ਮਾਫ ਨਹੀਂ ਕਰੇਗਾ
-ਅੱਪਰਾ ਵਿਖੇ ਬੰਦ ਨੂੰ ਮਿਲਿਆ ਪੂਰਨ ਸਮਰਥਨ
ਸੰਪਰਕ ਨੰਬਰ -9914880392