(ਸਮਾਜ ਵੀਕਲੀ)
ਮੈਂ, ਸੱਚ ਆਖਦਾਂ ਹਾਂ
ਕਿ ਮੈਂ
ਕਦੇ ਵਫ਼ਾ ਨਹੀਂ ਕਰਦਾ
ਤੂੰ ਮੇਰੇ ਏਸ ਸੱਚ ਤੇ
ਇਤਬਾਰ ਕਰ
ਤੇ ਤੂੰ ਵੀ
ਵਫ਼ਾ ਕਰਨ ਦਾ
ਢੌਗ ਨਾ ਕਰ।
ਬਹੁਤ ਚੰਗਾ ਲਗਦੈ
ਉਂਝ ਤੇ
ਬੈਠਕੇ ਕਿਤੇ ਨਿਵੇਕਲੇ
ਕੁਝ ਪਲ
ਖਾਣੀਆਂ ਕਸਮਾਂ
ਉਮਰ ਭਰ ਨਿਭਾਣ ਦੀਆਂ
ਇੱਕ ਦੂਜੇ ਤੋਂ ਵਿਛੜਕੇ
ਮਰ ਜਾਣ ਦੀਆਂ
ਬਹੁਤ ਚੰਗਾ ਲਗਦੈ
ਉਝ ਤਾਂ
ਚੋਰੀ-ਛਿਪੇ ਮਿਲਣਾ
ਇੱਕ ਦੂਜੇ ਵਾਰੇ ਜਾਨਣਾ ਮੁਸ਼ਕਿਲ ਨਾਲ ਮਿਲੇ
ਇਨ੍ਹਾਂ ਚੋਰੀ ਤੇ ਪਲਾਂ ਨੂੰ
ਮਾਨਣਾ
ਫਿਰ, ਇਕ ਦੂਜੇ ਵਾਰੇ ਅਸੀਂ
ਜਦੋਂ ਕੁਝ ਜਾਣ ਪਾਉਂਦੇ ਹਾਂ
ਆਪਣੇ ਬੋਲੇ ਝੂਠ ਤੇ
ਬੜਾ ਪਛਤਾਉਂਦੇ ਹਾਂ।
ਝੂਠ ਜੋ ਆਪਾਂ
ਕਿੰਨੀਆਂ ਸਦੀਆਂ ਤੋਂ
ਬੋਲ ਰਹੇ ਹਾਂ
ਆਪਣੀਆਂ ਲੋੜਾਂ ਦੀ ਖ਼ਾਤਿਰ
ਵਫ਼ਾ ਨੂੰ ਪੈਰੀ ਰੋਲ ਰਹੇ ਹਾਂ
ਇਕ ਦੂਜੇ ਦੀ ਥਾਹ ਪਾਉਣ ਲਈ
ਤੁਰੇ ਆਪਾਂ ਕਿਤੇ ਨੇੜੇ ਹੀ ਪਰਚ ਜਾਂਦੇ ਹਾਂ
ਨਿਕਲਦੇ ਨਹੀਂ, ਆਪਣੇ ਆਪ ਚੋਂ
ਜ਼ਿਆਦਾ ਦੇਰ
ਅਤੇ ਛੇਤੀ ਹੀ ਪਰਤ ਆਉਂਦੇ ਹਾਂ
ਪਰਤ ਆਉਂਦੇ ਹਾਂ
ਇਕ ਦੂਜੇ ਲਈ
ਗਿਲੇ ਸ਼ਿਕਵੇ ਲੈ ਕੇ
ਤੇ ਉਲਾਂਭੇ ਲੈ ਕੇ
ਫਿਰ ਕਰਦੇ ਹਾਂ ਹਿਸਾਬ ਅਸੀਂ
ਜਮ੍ਹਾਂ ਘਟਾ ਦਾ ਬਹਿਕੇ
ਸੋਚਦੇ ਹਾਂ ਕਿੰਨੀ ਛੇਤੀ
ਭਰ ਗਿਆ ਸਾਡਾ ਇਕ ਦੂਜੇ ਤੋਂ ਦਿਲ
ਹੁਣ ਮਨ ਦਾ ਭਾਰ
ਹੋਰ ਵੱਧ ਜਾਵੇ
ਇੱਕ ਦੂਜੇ ਨੂੰ ਮਿਲ
ਅੱਕ ਕੇ ਫਿਰ ਇਕ ਦੂਜੇ ਤੋਂ
ਗਲਤੀਆਂ ਚਿਤਾਰਨ ਵੱਲ
ਆਉਂਦੇ ਹਾਂ
ਕਤਰਾਉਂਦੇ ਹਾਂ ਕੰਨੀ
ਇੱਕ ਦੂਜੇ ਨੂੰ ਮਿਲਣ ਤੋਂ
ਅੱਖ ਬਚਾਅ
ਅਗਾਂਹ ਲੰਘ ਜਾਂਦੇ ਹਾਂ
ਧਰਕੇ ਹਾਲਾਤ ਦੇ ਸਿਰ
ਇਸ ਰਿਸ਼ਤੇ ਦੇ
ਨਾ ਨਿਭਣ ਦੀ ਮਜ਼ਬੂਰੀ
ਤੇ ਅਸੀਂ
ਇਕ ਦੂਜੇ ਸਿਰ
ਬੇਵਫ਼ਾ ਦਾ ਇਲਜ਼ਾਮ ਲਗਾਉਂਦੇ ਹਾਂ
ਤੇ ਇੰਜ ਅਸੀਂ
ਵਫ਼ਾ ਨਿਭਾਉਂਦੇ ਹਾਂ
ਤੇ ਬੜੀ ਛੇਤੀ ਸੁਰਖੁਰੁੂ ਹੋ ਜਾਂਦੇ ਹਾਂ
ਫ਼ਿਰ ਤੋਂ ਕੋਈ
ਨਵਾਂ ਝੂਠ ਬੋਲਣ ਲਈ
ਜਸਦੇਵ ਜੱਸ
ਖਰੜ
ਮੋਬਾਇਲ 98784-53979
इंस्टॉल करें समाज वीकली ऐप और पाए ताजा खबरें
https://play.google.com/store/apps/details?id=in.yourhost.samajweekly