(ਸਮਾਜ ਵੀਕਲੀ)
ਜੱਗ ਜਣਨੀਏ ਸੋਚ ਜ਼ਰਾ ਖੁਦ ਪੈਰ ਕੁਹਾੜੀ ਮਾਰੇਂ ਨੀ।
ਕੀ ਫ਼ਰਕ ਝਾਂਜਰਾਂ ਬੇੜੀਆਂ’ਚ ਨਾ ਸਮਝੇਂ ਕਦੇ ਵਿਚਾਰੇਂ ਨੀ।
ਚੰਦ ਟਕਿਆਂ ਦੀ ਸ਼ੋਹਰਤ ਲਈ ਅੱਜ ਵਸਤੂ ਵਾਂਗ ਵਿਕੇਂਦੀ ਏਂ,
ਨੱਚ ਨਾਗਨ ਬਣ ਸਟੇਜਾਂ ਤੇ ਕੀ ਦਗਦੇ ਅੰਗਿਆਰੇ ਠਾਰੇਂ ਨੀ।
ਡੱਸ ਕੇ ਕੁੱਝ ਅਯਾਸ਼ੀਆਂ ਨੂੰ ਧਨ ਕੌਰੂ ਦਾ ਲੁੱਟਦੀ ਏਂ,
ਹਿਰਨੀ ਵਾਂਗਰ ਚੁੰਗੀਆਂ ਭਰ ਕੇ ਕਿਓਂ ਲੋਕਾਂ ਨੂੰ ਚਾਰੇਂ ਨੀ।
ਕਿਰਦਾਰ ਨਿਭਾਏਂ ਪਰੀਆਂ ਦਾ ਪੱਲੇ ਦਰਦ ਬੰਨ੍ਹਾ ਕੇ ਤੂੰ,
ਪਾ ਭੜਕੀਲੇ ਬਸਤਰ ਤੂੰ ਕਦੀ ਰੋ -ਰੋ ਇਜ਼ਤਾਂ ਹਾਰੇਂ ਨੀ।
ਮਜਬੂਰਨ ਲੁੱਟਦੇ ਰੂਪ ਤੇਰਾ ਇਨਸਾਫ਼ ਨਾ ਕਿਧਰੇ ਢੋਈ ਏ,
ਤੇਰਾ ਮਾਣ ਵਧਾਇਆ ਨਾਨਕ ਨੇ ਦੱਸ ਕਾਹਤੋਂ ਮਨੋਂ ਵਿਸਾਰੇਂ ਨੀ।
ਰਜਿੰਦਰ ਸਿੰਘ ਰਾਜਨ
ਡੀਸੀ ਕੋਠੀ ਰੋਡ ਸੰਗਰੂਰ।
9653885032