ਜੰਮੂ ਕਸ਼ਮੀਰ ਬਾਰ ਐਸੋਸੀਏਸ਼ਨ ਵਲੋਂ ਸਾਲਾਨਾ ਚੋਣ ਰੱਦ

ਸ੍ਰੀਨਗਰ (ਸਮਾਜ ਵੀਕਲੀ) : ਜੰਮੂ ਕਸ਼ਮੀਰ ਹਾਈ ਕੋਰਟ ਬਾਰ ਐਸੋਸੀਏਸ਼ਨ (ਜੇਕੇਐੱਚਸੀਬੀਏ) ਨੇ ਅੱਜ ਆਪਣੀ ਸਾਲਾਨਾ ਚੋਣ ਰੱਦ ਕਰ ਦਿੱਤੀ ਹੈ ਅਤੇ ਐਡਹਾਕ ਕਮੇਟੀ ਦਾ ਗਠਨ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਬਾਰ ਐਸੋਸੀਏਸ਼ਨ ਵਲੋਂ ਕਸ਼ਮੀਰ ਨੂੰ ਵਿਵਾਦਿਤ ਖੇਤਰ ਕਰਾਰ ਦਿੱਤਾ ਗਿਆ ਸੀ, ਜਿਸ ਮਗਰੋਂ ਪ੍ਰਸ਼ਾਸਨ ਨੇ ਬਾਰ ਐਸੋਸੀਏਸ਼ਨ ’ਤੇ ਆਪਣੀ ਸਥਿਤੀ ਸਪੱਸ਼ਟ ਕੀਤੇ ਜਾਣ ਤੱਕ ਕਿਸੇ ਵੀ ਤਰ੍ਹਾਂ ਦੀ ਚੋਣ ਕਰਾਊਣ ’ਤੇ ਪਾਬੰਦੀ ਲਾ ਦਿੱਤੀ ਸੀ।

ਸ੍ਰੀਨਗਰ ਜ਼ਿਲ੍ਹਾ ਮੈਜਿਸਟ੍ਰੇਟ ਸ਼ਾਹਿਦ ਚੌਧਰੀ ਨੇ ਸੋਮਵਾਰ ਨੂੰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਤਿੰਨ ਨੋਟਿਸ ਜਾਰੀ ਕਰਕੇ ਆਪਣੇ ਊਸ ਸੰਵਿਧਾਨ ਬਾਰੇ ਸਪੱਸ਼ਟ ਕਰਨ ਲਈ ਆਖਿਆ ਸੀ, ਜੋ ਕਸ਼ਮੀਰ ਨੂੰ ਵਿਵਾਦਿਤ ਖੇਤਰ ਕਰਾਰ ਦਿੰਦਾ ਹੈ। ਚੌਧਰੀ ਨੇ ਬਾਰ ਐਸੋਸੀਏਸ਼ਨ ਊੱਪਰ ਆਪਣੀ ਸਥਿਤੀ ਸਪੱਸ਼ਟ ਕੀਤੇ ਜਾਣ ਤੱਕ ਕੋਈ ਵੀ ਚੋਣ ਕਰਾਊਣ ’ਤੇ  ਪਾਬੰਦੀ ਲਾ ਦਿੱਤੀ ਸੀ ਅਤੇ ਨਾਲ ਹੀ ਢੁਕਵੇਂ ਦਸਤਾਵੇਜ਼, ਜਿਸ ਵਿੱਚ ਐਸੋਸੀਏਸ਼ਨ ਦਾ ਸੰਵਿਧਾਨ ਅਤੇ ਰਜਿਸਟ੍ਰੇਸ਼ਨ ਕਾਗਜ਼ ਸ਼ਾਮਲ ਹਨ, ਸੌਂਪਣ ਲਈ ਆਖਿਆ ਸੀ। ਸ੍ਰੀਨਗਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਇੱਥੇ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਵੀ ਪਾਬੰਦੀ ਦੇ ਆਦੇਸ਼ ਲਾਗੂ ਕੀਤੇ ਹਨ।

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਾਬੰਦੀ ਦੇ ਆਦੇਸ਼ ਲਾਗੂ ਕੀਤੇ ਜਾਣ ਨਾਲ ਜੇਕੇਐੱਚਸੀਬੀਏ ’ਤੇ ਸਾਲ 2020-21 ਲਈ ਚੋਣਾਂ ਕਰਾਊਣ ’ਤੇ ਰੋਕ ਲੱਗ ਗਈ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਬਾਰ ਐਸੋਸੀਏਸ਼ਨ ਦੀ ਜਨਰਲ ਕਮੇਟੀ ਦੀ ਬੈਠਕ ਸੱਦੀ ਗਈ। ਬਾਰ ਐਸੋਸੀਏਸ਼ਨ ਦੇ ਚੋਣ ਕਮਿਸ਼ਨ ਸਕੱਤਰ ਨੇ ਦੱਸਿਆ ਕਿ ਬੈਠਕ ਵਿੱਚ ਐਡਹਾਕ ਕਮੇਟੀ ਬਣਾਊਣ ਦਾ ਫ਼ੈਸਲਾ ਲਿਆ ਗਿਆ। ਇਸ ਕਮੇਟੀ ਵਿੱਚ ਚੋਣਾਂ ਵਿੱਚ ਹਿੱਸਾ ਲੈਣ ਵਾਲੇ ਊਮੀਦਵਾਰ, ਚੋਣ ਕਰਾਊਣ ਵਾਲੀ ਟੀਮ ਅਤੇ ਐਸੋਸੀਏਸ਼ਨ ਦੀ ਚੁਣੀ ਗਈ ਸਾਬਕਾ ਟੀਮ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਕਮੇਟੀ ਦੀ ਅਗਵਾਈ ਐਡਵੋਕੇਟ ਨਜ਼ੀਰ ਅਹਿਮਦ ਰੌਂਗਾ ਕਨਵੀਨਰ ਜਾਂ ਚੇਅਰਮੈਨ ਵਜੋਂ ਕਰਨਗੇ। ਊਨ੍ਹਾਂ ਕਿਹਾ ਕਿ ਐਡਹਾਕ ਕਮੇਟੀ ਬਣਾਏ ਜਾਣ ਨਾਲ ਚੋਣਾਂ ਕਰਵਾਏ ਜਾਣ ਦਾ ਨੋਟੀਫਿਕੇਸ਼ਨ ਵਾਪਸ ਲਿਆ ਜਾਂਦਾ ਹੈ। ਬੈਠਕ ਵਿੱਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਸੀਨੀਅਰ ਐਡਵੋਕੇਟ ਜ਼ਫ਼ਰ ਅਹਿਮਦ ਸ਼ਾਹ ਦੀ ਅਗਵਾਈ ਵਾਲੀ ਵੱਖਰੀ ਕਮੇਟੀ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚੁੱਕੇ ਮੁੱਦਿਆਂ ਦਾ ਹੱਲ ਕੀਤਾ ਜਾਵੇਗਾ।

Previous articleਭਾਰਤ-ਆਸੀਆਨ ਸਿਖ਼ਰ ਸੰਮੇਲਨ ਅੱਜ, ਮੋਦੀ ਹੋਣਗੇ ਸਹਿ-ਪ੍ਰਧਾਨ
Next articleਨਿਤੀਸ਼ ਵੱਲੋਂ ਬਿਹਾਰ ਚੋਣਾਂ ’ਚ ਜਿੱਤ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ