ਜੰਮੂ ਕਸ਼ਮੀਰ ਦੀਆਂ ਚੋਣਾਂ ਨੇ ਨਵੀਂ ਇਬਾਰਤ ਲਿਖੀ: ਮੋਦੀ

ਨਵੀਂ ਦਿੱਲੀ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ’ਚ ਜ਼ਿਲ੍ਹਾ ਵਿਕਾਸ ਪਰਿਸ਼ਦ (ਡੀਡੀਸੀ) ਚੋਣਾਂ ਨੇ ਖ਼ਿੱਤੇ ’ਚ ਨਵੀਂ ਇਬਾਰਤ ਲਿਖ ਦਿੱਤੀ ਹੈ। ਉਨ੍ਹਾਂ ਪਾਰਦਰਸ਼ੀ ਚੋਣ ਅਮਲ ਅਤੇ ਵੋਟਰਾਂ ਵੱਲੋਂ ਪੂਰੇ ਜੋਸ਼ ਨਾਲ ਉਸ ’ਚ ਹਿੱਸਾ ਲੈਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਭਾਰਤ ਲਈ ‘ਮਾਣ ਵਾਲੀ ਗੱਲ’ ਹੈ।

ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਆਯੂਸ਼ਮਾਨ ਭਾਰਤ ਯੋਜਨਾ ਦਾ ਵੀਡੀਓ ਕਾਨਫਰੰਸ ਰਾਹੀਂ ਉਦਘਾਟਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਾਂਗਰਸ ਨੂੰ ਭੰਡਦਿਆਂ ਕਿਹਾ ਕਿ ਉਨ੍ਹਾਂ ਨੂੰ ਜਮਹੂਰੀਅਤ ਦਾ ਸਬਕ ਸਿੱਖਣ ਦੀ ਨਸੀਹਤ ਦਿੱਤੀ ਜਾ ਰਹੀ ਹੈ ਜਦਕਿ ਉਹ ਖੁਦ ਲੋਕਤੰਤਰ ਦਾ ਘਾਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਦੇ ਇਕ ਸਾਲ ਦੇ ਅੰਦਰ ਹੀ ਜੰਮੂ ਕਸ਼ਮੀਰ ’ਚ ਪੰਚਾਇਤ ਚੋਣਾਂ ਕਰਵਾ ਲਈਆਂ ਗਈਆਂ। ਕਾਂਗਰਸ ਦਾ ਨਾਮ ਲਏ ਬਿਨਾਂ ਉਨ੍ਹਾਂ ਕਿਹਾ ਕਿ ਦਿੱਲੀ ’ਚ ਬੈਠੇ ਕੁਝ ਲੋਕ ਉਨ੍ਹਾਂ ਨੂੰ ਲੋਕਤੰਤਰ ਦਾ ਸਬਕ ਸਿਖਾਉਣ ਦੀ ਪੇਸ਼ਕਸ਼ ਕਰ ਰਹੇ ਹਨ ਅਤੇ ਭੱਦੀ ਸ਼ਬਦਾਵਲੀ ਵਰਤਦੇ ਹਨ ਪਰ ਉਨ੍ਹਾਂ ਪੁੱਡੂਚੇਰੀ ’ਚ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਪੰਚਾਇਤ ਚੋਣਾਂ ਨਹੀਂ ਕਰਵਾਈਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ ਕਸ਼ਮੀਰ ’ਚ ਚੋਣਾਂ ਦੌਰਾਨ ਉਮੀਦਵਾਰਾਂ ਦੀ ਜਿੱਤ ਉਨ੍ਹਾਂ ਦੇ ਕੰਮ ਦੇ ਆਧਾਰ ’ਤੇ ਹੋਈ ਹੈ ਨਾ ਕਿ ਨਾਮ ਕਾਰਨ ਜਿੱਤ ਮਿਲੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਜੰਮੂ ਕਸ਼ਮੀਰ ’ਚ ਚੌਤਰਫ਼ਾ ਵਿਕਾਸ ਦਾ ਬੀੜਾ ਉਠਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਿਹੜੇ ਲੋਕ ਦਹਾਕਿਆਂ ਤੱਕ ਸੱਤਾ ’ਚ ਰਹੇ, ਉਨ੍ਹਾਂ ਜੰਮੂ ਕਸ਼ਮੀਰ ਅਤੇ ਉੱਤਰ-ਪੂਰਬੀ ਸੂਬਿਆਂ ਸਮੇਤ ਸਰਹੱਦੀ ਖ਼ਿੱਤੇ ਦਾ ਕੋਈ ਵਿਕਾਸ ਨਹੀਂ ਕੀਤਾ ਅਤੇ ਹੁਣ ਉਨ੍ਹਾਂ ਦੀ ਸਰਕਾਰ ਇਸ ਗਲਤੀ ਨੂੰ ਸੁਧਾਰ ਰਹੀ ਹੈ।

Previous articleਦੇਸ਼ ’ਚ ਕਰੋਨਾ ਦੇ 18732 ਨਵੇਂ ਮਾਮਲੇ, ਪੰਜਾਬ ਵਿੱਚ ਮੌਤਾਂ ਦੀ ਕੁੱਲ ਗਿਣਤੀ 5281
Next articleਕਿਸਾਨਾਂ ਵੱਲੋਂ 29 ਨੂੰ ਗੱਲਬਾਤ ਦੀ ਪੇਸ਼ਕਸ਼