ਵਾਸ਼ਿੰਗਟਨ (ਸਮਾਜਵੀਕਲੀ) : ਬਰਤਾਨਵੀ ਸਮਾਜ ਸੁਧਾਰਕ ਗ਼ਿਸਲੇਨ ਮੈਕਸਵੈੱਲ ਨੂੰ ਬੀਤੇ ਦਿਨ ਐੱਫਬੀਅਾਈ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ’ਤੇ ਜੈੱਫਰੀ ਐਪਸਟੀਨ ਨੂੰ ਨਾਬਾਲਗ ਲੜਕੀਆਂ ਮੁਹੱਈਆ ਕਰਨ ਦਾ ਦੋਸ਼ ਹੈ। ਇਸ ਸਬੰਧੀ ਜਾਣਕਾਰੀ ਬੀਤੇ ਦਿਨ ਹੀ ਜਨਤਕ ਕੀਤੀ ਗਈ ਹੈ। ਮੈਕਸਵੈੱਲ ਕਈ ਸਾਲ ਤੱਕ ਐਪਸਟੀਨ ਨਾਲ ਰਹਿੰਦੀ ਰਹੀ ਹੈ।
ਮੈਕਸਵੈੱਲ ਐਪਸਟੀਨ ਨੂੰ ਸਰੀਰਕ ਸਬੰਧ ਬਣਾਉਣ ਲਈ 14 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਮੁਹੱਈਆ ਕਰਨ ’ਚ ਮਦਦ ਕਰਦੀ ਸੀ। ਇਸੇ ਮਾਮਲੇ ’ਚ ਗ੍ਰਿਫ਼ਤਾਰ ਐਪਸਟੀਨ ਨੇ ਬੀਤੇ ਸਾਲ ਨਿਊਯਾਰਕ ਦੇ ਡਿਟੈਨਸ਼ਨ ਸੈਂਟਰ ’ਚ ਖੁਦਕੁਸ਼ੀ ਕਰ ਲਈ ਸੀ। ਕਈ ਔਰਤਾਂ ਨੇ ਪਿਛਲੇ ਕਈ ਸਾਲਾਂ ਤੱਕ ਮੈਕਸਵੈੱਲ ’ਤੇ ਦੋਸ਼ ਲਗਾਏ ਸਨ ਕਿ ਉਸ ਨੇ ਉਨ੍ਹਾਂ ਨੂੰ ਜਬਰੀ ਐਪਸਟੀਨ ਨਾਲ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ ਸੀ।
ਇੱਕ ਮਹਿਲਾ ਨੇ ਤਾਂ ਇਹ ਦੋਸ਼ ਵੀ ਲਾਇਆ ਹੈ ਕਿ ਮੈਕਸਵੈੱਲ ਨੇ ਉਸ ਨੂੰ ਬਰਤਾਨੀਆ ਦੇ ਪ੍ਰਿੰਸ ਐਂਡਰਿਊ ਨਾਲ ਸਰੀਰਕ ਸਬੰਧ ਬਣਾਉਣ ਲਈ ਵੀ ਮਜਬੂਰ ਕੀਤਾ ਸੀ ਹਾਲਾਂਕਿ ਪ੍ਰਿੰਸ ਐਂਡਰਿਊ ਵੱਲੋਂ ਇਹ ਦੋਸ਼ ਰੱਦ ਕਰ ਦਿੱਤੇ ਗਏ ਹਨ। ਸੂਤਰਾਂ ਅਨੁਸਾਰ ਅਮਰੀਕਾ ਦੇ ਅਧਿਕਾਰੀਆਂ ਨੇ ਪ੍ਰਿੰਸ ਐਂਡਰਿਊ ਨੂੰ ਵੀ ਜਾਂਚ ’ਚ ਸ਼ਾਮਲ ਹੋਣ ਲਈ ਕਿਹਾ ਹੈ।