ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਲੋਂ ਅੱਜ ਜਾਪਾਨ ਅਤੇ ਨੈਦਰਜ਼ਲੈਂਡ ਦੇ ਵਿਦੇਸ਼ ਮੰਤਰੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਦੁਵੱਲੇ ਤੇ ਖੇਤਰੀ ਮੁੱਦਿਆਂ ਬਾਰੇ ਚਰਚਾ ਕੀਤੀ ਗਈ।
ਜੈਸ਼ੰਕਰ ਨੇ ਟਵੀਟ ਕੀਤਾ ਕਿ ਨੈਦਰਜ਼ਲੈਂਡ ਦੇ ਵਿਦੇਸ਼ ਮੰਤਰੀ ਤੇ ਉਪ ਪ੍ਰਧਾਨ ਮੰਤਰੀ ਵੋਪਕੇ ਹੋਏਕਸਤਰਾ ਨਾਲ ਚੰਗੀ ਚਰਚਾ ਹੋਈ। ਉਨ੍ਹਾਂ ਕਿਹਾ, ‘‘ਉਨ੍ਹਾਂ ਦੇ ਕੋਵਿਡ ਤੋਂ ਜਲਦੀ ਉਭਰਨ ਦੀ ਕਾਮਨਾ ਕਰਦਾ ਹਾਂ। ਨਵੇਂ ਸਾਲ ਦੀ ਮੁਬਾਰਬਾਦ। ਅਸੀਂ ਦੁਵੱਲੇ ਸਹਿਯੋਗ, ਯੂਰਪੀ ਸੰਘ ਅਤੇ ਹਿੰਦ ਪ੍ਰਸ਼ਾਂਤ ਬਾਰੇ ਚਰਚਾ ਕੀਤੀ।’’ ਉਨ੍ਹਾਂ ਕਿਹਾ, ‘‘ਅਸੀਂ ਦੋਹਾਂ ਦੇਸ਼ਾਂ ਵਿਚਾਲੇ ਸਿਆਸੀ ਸਬੰਧਾਂ ਦੇ 75 ਸਾਲ ਪੂਰੇ ਹੋਣ ਬਾਰੇ ਵਿਚਾਰ ਸਾਂਝੇ ਕੀਤੇ।’’
ਉੱਧਰ, ਜੈਸ਼ੰਕਰ ਨਾਲ ਗੱਲਬਾਤ ਬਾਰੇ ਹੋਏਕਸਤਰਾ ਨੇ ਟਵੀਟ ਕੀਤਾ, ‘‘ਡਾ. ਜੈਸ਼ੰਕਰ ਨਾਲ ਗੱਲਬਾਤ ਕਰ ਕੇ ਚੰਗਾ ਲੱਗਾ। ਅਸੀਂ ਇਹ ਸਾਲ ਦੋਹਾਂ ਦੇਸ਼ਾਂ ਦੇ ਸਿਆਸੀ ਸਬੰਧਾਂ ਦੇ 75 ਸਾਲ ਪੂਰੇ ਹੋਣ ਦੇ ਮੌਕੇ ਵਜੋਂ ਮਨਾ ਰਹੇ ਹਨ, ਵੱਡੀ ਪ੍ਰਾਪਤੀ।’’ ਉਨ੍ਹਾਂ ਕਿਹਾ, ‘‘ਅਸੀਂ ਆਪਣੇ ਮਜ਼ਬੂਤ ਦੁਵੱਲੇ ਸਬੰਧਾਂ, ਯੂਰਪੀ ਸੰਘ ਵਿਚ ਸਹਿਯੋਗ ਅਤੇ ਖੇਤਰ ਦੇ ਘਟਨਾਕ੍ਰਮ ਬਾਰੇ ਚਰਚਾ ਕੀਤੀ।’’ ਨੈਦਰਜ਼ਲੈਂਡ ਦੇ ਵਿਦੇਸ਼ ਮੰਤਰੀ ਨੇ ਕਿਹਾ, ‘‘ਮੈਂ ਸਾਡੇ ਸ਼ਾਨਦਾਰ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਆਸਵੰਦ ਹਾਂ।’’ ਇਸ ਤੋਂ ਪਹਿਲਾਂ ਜੈਸ਼ੰਕਰ ਨੇ ਕਿਹਾ, ‘‘ ਜਾਪਾਨ ਦੇ ਆਪਣੇ ਹਮਰੁਤਬਾ ਹਾਯਾਸ਼ੀ ਯੋਸ਼ੀਮਾਸਾ ਨਾਲ ਨਵੇਂ ਸਾਲ ਮੌਕੇ ਚਰਚਾ ਕਰ ਕੇ ਖੁਸ਼ ਹਾਂ।’’ ਉਨ੍ਹਾਂ ਟਵੀਟ ਕੀਤਾ, ‘‘ਕੋਵਿਡ ਦੀ ਸਥਿਤੀ, ਯਾਤਰਾ ਸਹੂਲਤ, ਦੁਵੱਲੇ ਪ੍ਰਾਜੈਕਟਾਂ, ਕੁਆਡ, ਮਿਆਂਮਾਰ ਅਤੇ ਉੱਤਰ ਕੋਰੀਆ ਬਾਰੇ ਚਰਚਾ ਕੀਤੀ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly