ਅੰਮ੍ਰਿਤਸਰ (ਸਮਾਜ ਵੀਕਲੀ): ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਭਾਜਪਾ 73 ਸੀਟਾਂ ’ਤੇ ਚੋਣ ਲੜ ਰਹੀ ਹੈ ਤੇ ਜੇਕਰ ਅੱਧੀਆਂ ਸੀਟਾਂ ਵੀ ਆ ਗਈਆਂ ਤਾਂ ਉਨ੍ਹਾਂ ਦੇ ਗੱਠਜੋੜ ਦੀ ਸਰਕਾਰ ਬਣ ਜਾਵੇਗੀ। ਉਨ੍ਹਾਂ ਕਾਂਗਰਸ ’ਤੇ ਵਿਅੰਗ ਕਸਦਿਆਂ ਕਿਹਾ ਕਿ ਉਨ੍ਹਾਂ ਅੰਦਰ ਤਾਂ ਖਾਨਾਜੰਗੀ ਚੱਲ ਰਹੀ ਹੈ, ਉਹ ਚੋਣਾਂ ਨਹੀਂ ਲੜ ਰਹੇ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੁਰੀ ਨੇ ਕੇਜਰੀਵਾਲ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ‘ਆਪ’ ਦੇ ਖਾਲਿਸਤਾਨੀਆਂ ਨਾਲ ਸਬੰਧ ਹਨ, ਇਸੇ ਲਈ ਅਮਰੀਕਾ ਬੈਠੇ ਖਾਲਿਸਤਾਨੀ ਪੱਖੀ ਗੁਰਪਤਵੰਤ ਸਿੰਘ ਪੰਨੂ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਵੋਟ ‘ਆਪ’ ਨੂੰ ਪਾਉਣ। ਉਨ੍ਹਾਂ ਕਿਹਾ ਕਿ ‘ਆਪ’ ਪੰਜਾਬ ਦਾ ਭਲਾ ਨਹੀਂ ਕਰੇਗੀ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪਰਵਾਸੀਆਂ ਬਾਰੇ ਵਰਤੀ ਗਲਤ ਸ਼ਬਦਾਵਲੀ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਅਸਲ ਵਿਚ ਕਾਂਗਰਸ ਵਿਚਾਲੇ ਖਾਨਾਜੰਗੀ ਚੱਲ ਰਹੀ ਹੈ ਤੇ ਉਨ੍ਹਾਂ ਨੂੰ ਪਤਾ ਨਹੀਂ ਲਗਦਾ ਕਿ ਉਹ ਕੀ ਬੋਲ ਰਹੇ ਹਨ। ਪੁਰੀ ਨੇ ਕਿਹਾ ਕਿ ਭਾਜਪਾ ਸੰਕਲਪ ਲੈ ਕੇ ਆਈ ਹੈ ਕਿ ਪੰਜਾਬ ਦੇ ਹਿੱਤਾਂ ਲਈ ਕੰਮ ਕਰਾਂਗੇ, ਪੰਜਾਬ ਨੂੰ ਇਕ ਵਧੀਆ ਨਮੂਨੇ ਦਾ ਸੂਬਾ ਬਣਾਵਾਂਗੇ ਪਰ ਇਹ ਤਾਂ ਹੀ ਸੰਭਵ ਹੈ, ਜੇ ਪੰਜਾਬ ਦੇ ਲੋਕ ਸਾਥ ਦੇਣ ਅਤੇ ਭਾਜਪਾ ਨੂੰ ਵੋਟਾਂ ਪਾਉਣ। ਪਾਕਿਸਤਾਨ ਨਾਲ ਵਪਾਰ ਖੋਲ੍ਹਣ ਬਾਰੇ ਉਨ੍ਹਾਂ ਕਿਹਾ ਕਿ ਕੇਂਦਰ ਵਪਾਰ ਖੋਲ੍ਹਣ ਲਈ ਤਿਆਰ ਹੈ ਪਰ ਬਸ਼ਰਤੇ ਕਿ ਪਾਕਿਸਤਾਨ ਤੋਂ ਨਸ਼ਾ ਨਾ ਆਵੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly