ਜੇ ਟੀਕੇ ਸਾਰਿਆਂ ਲਈ ਮੁਫ਼ਤ ਤਾਂ ਨਿੱਜੀ ਹਸਪਤਾਲ ਪੈਸੇ ਕਿਉਂ ਲੈਣਗੇ: ਰਾਹੁਲ

ਨਵੀਂ ਦਿੱਲੀ (ਸਮਾਜ ਵੀਕਲੀ): ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਦੇ ਸੰਬੋਧਨ ਮਗਰੋਂ ਸਵਾਲ ਕੀਤਾ ਕਿ ਜੇਕਰ ਸਾਰਿਆਂ ਲਈ ਟੀਕੇ ਮੁਫ਼ਤ ਹਨ ਤਾਂ ਫਿਰ ਨਿੱਜੀ ਹਸਪਤਾਲਾਂ ਨੂੰ ਪੈਸਾ ਕਿਉਂ ਲੈਣਾ ਚਾਹੀਦਾ ਹੈ। ਉਨ੍ਹਾਂ ਟਵੀਟ ਕੀਤਾ, ‘ਇਸ ਸਧਾਰਾਨ ਸਵਾਲ: ਜੇਕਰ ਟੀਕੇ ਸਾਰਿਆਂ ਲਈ ਮੁਫ਼ਤ ਹਨ ਤਾਂ ਫਿਰ ਨਿੱਜੀ ਹਸਪਤਾਲਾਂ ਨੂੰ ਪੈਸੇ ਕਿਉਂ ਲੈਣੇ ਚਾਹੀਦੇ ਹਨ।’

ਇਸੇ ਦੌਰਾਨ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਇਹ ‘ਦੇਰ ਆਏ, ਪਰ ਪੂਰੀ ਤਰ੍ਹਾਂ ਦਰੁਸਤ ਨਹੀਂ ਆਏ’ ਦੀ ਤਰ੍ਹਾਂ ਹੈ ਕਿਉਂਕਿ ਮੁਫ਼ਤ ਟੀਕਾਕਰਨ ਦੀ ਮੰਗ ਨੂੰ ਸਰਕਾਰ ਨੇ ਅੰਸ਼ਕ ਤੌਰ ’ਤੇ ਮੰਨ ਲਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨੇ ਮੁਲਕ ਵਿੱਚ ਪਹਿਲਾਂ ਦੇ ਟੀਕਾਕਰਨ ਪ੍ਰੋਗਰਾਮਾਂ ਬਾਰੇ ਟਿੱਪਣੀ ਕਰ ਕੇ ਚੁਣੀਆਂ ਹੋਈਆਂ ਸਰਕਾਰਾਂ ਅਤੇ ਵਿਗਿਆਨੀਆਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘‘ਮਨਮੋਹਨ ਸਿੰਘ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਬੀਤੇ ਕੁਝ ਮਹੀਨਿਆਂ ਵਿੱਚ ਕਈ ਵਾਰ ਇਹ ਮੰਗ ਕੀਤੀ ਕਿ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਮੁਫ਼ਤ ਟੀਕਾ ਲਗਾਇਆ ਜਾਣਾ ਚਾਹੀਦਾ ਹੈ, ਪਰ ਮੋਦੀ ਸਰਕਾਰ ਨੇ ਇਸ ਨੂੰ ਨਹੀਂ ਮੰਨਿਆ।

ਇਸ ਮਗਰੋਂ ਸੁਪਰੀਮ ਕੋਰਟ ਨੇ ਮੋਦੀ ਜੀ ਅਤੇ ਉਨ੍ਹਾਂ ਦੀ ਸਰਕਾਰ ਨੂੰ ਸਵਾਲਾਂ ਦੇ ਘੇਰੇ ’ਚ ਖੜ੍ਹਾ ਕੀਤਾ। ਉਨ੍ਹਾਂ ਕਿਹਾ, ‘ਫਿਲਹਾਲ ਖੁਸ਼ੀ ਦੀ ਗੱਲ ਹੈ ਕਿ ਹਰ ਨਾਗਰਿਕ ਨੂੰ ਮੁਫ਼ਤ ਟੀਕਾ ਮੁਹੱਈਆ ਕਰਾਉਣ ਦੀ ਮੰਗ ਸਰਕਾਰ ਨੇ ਅੰਸ਼ਕ ਤੌਰ ’ਤੇ ਮੰਨ ਲਈ ਹੈ। ਪ੍ਰਧਾਨ ਮੰਤਰੀ ਨੇ ਅੱਜ ਵੀ ਆਪ ਆਪਣੀ ਤਾਰੀਫ਼ ਕੀਤੀ। ਦੇਰ ਨਾਲ ਆਏ, ਪਰ ਪੂਰੀ ਤਰ੍ਹਾਂ ਦਰੁਸਤ ਨਹੀਂ ਆਏ।’’ ਉਨ੍ਹਾਂ ਸਵਾਲ ਕੀਤਾ ,‘‘ਛੇ ਮਹੀਨਿਆਂ ਵਿੱਚ ਟੀਕਾਕਰਨ ਦੀਆਂ ਨੀਤੀਆਂ ਵਿੱਚ ਤਿੰਨ ਵਾਰ ਬਦਲਾਅ ਕਰਕੇ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾਉਣ ਲਈ ਮੋਦੀ ਜੀ ਨੂੰ ਜ਼ਿੰਮੇਵਾਰ ਕਿਉਂ ਨਾ ਠਹਿਰਾਇਆ ਜਾਏ?’’

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੀਵਾਲੀ ਤੱਕ ਲੋੜਵੰਦਾਂ ਨੂੰ ਮਿਲੇਗਾ ਮੁਫ਼ਤ ਰਾਸ਼ਨ
Next article‘ਕੋਵੈਕਸੀਨ’ ਦੇ ਟਰਾਇਲ ਲਈ ਏਮਸ ਵੱਲੋਂ ਬੱਚਿਆਂ ਦੀ ਚੋਣ ਸ਼ੁਰੂ