ਢਾਕਾ (ਸਮਾਜ ਵੀਕਲੀ) : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ’ਚ ਅੱਜ ਲੱਗਪਗ 300 ਵਿਦਿਆਰਥੀ ਕਾਰਕੁਨਾਂ ਨੇ ਲੇਖਕ ਅਤੇ ਵਿਅੰਗਕਾਰ ਮੁਸ਼ਤਾਕ ਅਹਿਮਦ ਦੀ ਪਿਛਲੇ ਹਫ਼ਤੇ ਜੇਲ੍ਹ ਵਿੱਚ ਦੀ ਮੌਤ ਹੋਣ ਖ਼ਿਲਾਫ਼ ਰੈਲੀ ਕੀਤੀ। ਮੁਸ਼ਤਾਕ ਅਹਿਮਦ (53) ਨੂੰ ਪਿਛਲੇ ਸਾਲ ਡਿਜੀਟਲ ਸੁਰੱਖਿਆ ਕਾਨੂੰਨ ਦੀ ਉਲੰਘਣਾ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਆਲੋਚਕਾਂ ਨੇ ਡਿਜੀਟਲ ਸੁਰੱਖਿਆ ਕਾਨੂੰਨ ਨੂੰ ਪ੍ਰਗਟਾਵੇ ਦੀ ਆਜ਼ਾਦੀ ਦਾ ਗਲਾ ਘੁੱਟਣ ਵਾਲਾ ਕਾਨੂੰਨ ਕਰਾਰ ਦਿੱਤਾ ਹੈ।
ਮੁਜ਼ਾਹਰਾਕਾਰੀਆਂ ਨੇ ਢਾਕਾ ’ਚ ਢਾਕਾ ਯੂਨੀਵਰਸਿਟੀ ਕੈਂਪਸ ਅਤੇ ਦੇਸ਼ ਦੇ ਗ੍ਰਹਿ ਮੰਤਰਾਲੇ ਵੱਲ ਜਾਣ ਵਾਲੀਆਂ ਜਾਣ ਵਾਲੀਆਂ ਸੜਕਾਂ ’ਤੇ ਮਾਰਚ ਕੀਤਾ। ਉਨ੍ਹਾਂ ਨੇ ਡਿਜੀਟਲ ਸੁਰੱਖਿਆ ਕਾਨੂੰਨ ਰੱਦ ਅਤੇ 7 ਵਿਦਿਆਰਥੀ ਕਾਰਕੁਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਮੁਜ਼ਾਹਰਾਕਾਰੀਆਂ ਨੇ ਮੁਸ਼ਤਾਕ ਅਹਿਮਦ ਦੀ ਮੌਤ ਲਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਕਥਿਤ ਜ਼ਿੰਮੇਵਾਰ ਠਹਿਰਾਇਆ। ਉਹ ਬੈਰੀਕੇਡ ਅਤੇ ਕੰਡਿਆਲੀਆਂ ਤਾਰਾਂ ਦੀਆਂ ਰੋਕਾਂ ਹਟਾਉਂਦੇ ਹੋਏ ਗ੍ਰਹਿ ਮੰਤਰਾਲੇ ਦੇ ਦਫ਼ਤਰ ਵੱਲ ਵਧ ਪਰ ਢਾਕਾ ਡਾਊਨਟਾਊਨ ’ਚ ਦਫ਼ਤਰ ਦੇ ਬਾਹਰ ਦੀ ਕੁਝ ਸੈਂਕੜੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕ ਲਿਆ।
ਇੱਕ ਮੁਜ਼ਾਹਰਾਕਾਰੀ ਮਾਹਫੂਜ਼ਾ ਅਖ਼ਤਰ ਨੇ ਕਿਹਾ, ‘ਸਰਕਾਰ ਨੂੰ ਇਸ ਦੀ ਜ਼ਿੰਮੇਵਾਰੀ ਕਬੂਲਣੀ ਚਾਹੀਦੀ ਹੈ। ਉਸ ਦਾ ਕਤਲ ਕੀਤਾ ਗਿਆ ਹੈ, ਇਹ ਕੁਦਰਤੀ ਮੌਤ ਨਹੀਂ ਹੈ। ਅਸੀਂ ਨਿਆਂ ਚਾਹੁੰਦੇ ਹਾਂ।’ ਇਸ ਮਾਰਚ ਦੌਰਾਨ ਹਿੰਸਾ ਵਾਪਰਨ ਦੀ ਕੋਈ ਰਿਪੋਰਟ ਨਹੀਂ ਮਿਲੀ।