ਜੇਐੱਨਯੂ ਹਿੰਸਾ ਖ਼ਿਲਾਫ਼ ਪੰਜਾਬ ਯੂਨੀਵਰਸਿਟੀ ’ਚ ਮੁਜ਼ਾਹਰਾ

ਚੰਡੀਗੜ੍ਹ– ਜਵਾਹਰ ਲਾਲ ਯੂਨੀਵਰਸਿਟੀ ’ਚ ਵਿਦਿਆਰਥੀਆਂ ਉਤੇ ਕੀਤੇ ਗਏ ਹਮਲੇ ਅਤੇ ਕੇਂਦਰ ਵਿਚਲੀ ਮੋਦੀ ਸਰਕਾਰ ਵੱਲੋਂ ਬਣਾਏ ਨਾਗਰਿਕਤਾ ਕਾਨੂੰਨ ਸੀਏਏ ਅਤੇ ਐੱਨਆਰਸੀ ਖਿਲਾਫ਼ ਪੀ.ਯੂ. ’ਚ 10 ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਇਨ੍ਹਾਂ ਜਥੇਬੰਦੀਆਂ ਵਿਚ ਵਿਦਿਆਰਥੀ ਜਥੇਬੰਦੀਆਂ ਐੱਸਐੱਫਆਈ, ਏਆਈਐੱਸਐੱਫ, ਏਐੱਸਏ, ਐੱਸਐੱਫਐੱਸ, ਪੀਐੱਸਯੂ (ਲਲਕਾਰ), ਏਆਈਐੱਸਏ, ਏਐੱਫਐੱਸਐੱਸ, ਯੂਥ ਆਫ਼ ਸਵਰਾਜ ਤੇ ਸੱਥ ਅਤੇ ਕਾਂਗਰਸ ਪਾਰਟੀ ਦੀ ਜਥੇਬੰਦੀ ਐੱਨਐੱਸਯੂਆਈ ਸ਼ਾਮਿਲ ਸਨ। ਪੁਲੀਸ ਵੱਲੋਂ ਵੀ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ ਜਿਸ ਦੇ ਚਲਦਿਆਂ ਬਕਾਇਦਾ ਵਾਟਰ ਕੈਨਨ ਆਦਿ ਵੀ ਮੰਗਵਾਈ ਗਈ ਸੀ।
ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ 400 ਦੇ ਕਰੀਬ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ. ਮਨਜੀਤ ਸਿੰਘ, ਐੱਸਐੱਫ਼ਐੱਸ ਤੋਂ ਹਰਮਨ, ਪੀਐੱਸਯੂ (ਲਲਕਾਰ) ਤੋਂ ਅਮਨ, ਏਆਈਐੱਸਏ ਤੋਂ ਵਿਜੇ, ਏਐੱਸ ਤੋਂ ਗੁਰਦੀਪ ਸਿੰਘ, ਐੱਸਐੱਫਆਈ ਤੋਂ ਪ੍ਰਭਪ੍ਰੀਤ ਸਿੰਘ, ਡਾ. ਪਿਆਰੇ ਲਾਲ ਗਰਗ, ਸਚਿਨ ਗਾਲਿਬ, ਜੁਝਾਰ ਸਿੰਘ ਆਦਿ ਨੇ ਕਿਹਾ ਕਿ ਮੋਦੀ ਸਰਕਾਰ ਦੀ ਸ਼ਹਿ ਉਤੇ ਵਿਦਿਆਰਥੀਆਂ ਨਾਲ ਸ਼ਰ੍ਹੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਕਤ ਘਟਨਾ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਸਰਕਾਰ ਦੀ ਸ਼ਹਿ ’ਤੇ ਪੁਲੀਸ ਅਤੇ ਯੂਨੀਵਰਸਿਟੀ ਮੈਨੇਜਮੈਂਟ ਗੁੰਡਿਆਂ ਨਾਲ ਮਿਲੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਲਈ ਯੂਨੀਵਰਸਿਟੀ ਉਪ-ਕੁਲਪਤੀ ਵੀ ਜ਼ਿੰਮੇਵਾਰ ਹਨ ਤੇ ਉਨ੍ਹਾਂ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ।

Previous articleਆਸਟਰੇਲੀਆ ਨੇ ਟੈਸਟ ਲੜੀ ਹੂੰਝੀ
Next articleਜੇਐੱਨਯੂ ’ਚ ਬੁਰਛਾਗਰਦੀ ਖ਼ਿਲਾਫ਼ ਵਰ੍ਹਦੇ ਮੀਂਹ ਵਿੱਚ ਸੜਕਾਂ ’ਤੇ ਆਏ ਲੋਕ