ਪਟਨਾ (ਸਮਾਜ ਵੀਕਲੀ) : ਹਿੰਦੁਸਤਾਨੀ ਅਵਾਮ ਮੋਰਚਾ (ਐੱਚੲੇਐੱਮ) ਨੇ ਪਾਰਟੀ ਪ੍ਰਧਾਨ ਜੀਤਨ ਰਾਮ ਮਾਂਝੀ ਨੂੰ ਚਾਰ ਮੈਂਬਰੀ ਵਿਧਾਇਕ ਦਲ ਦਾ ਆਗੂ ਚੁਣ ਲਿਆ ਹੈ। ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਜਿੱਤੇ ਇਹ ਚਾਰੋਂ ਵਿਧਾਇਕ ਅੱਜ ਮਾਂਝੀ ਨੂੰ ਉਨ੍ਹਾ ਦੀ ਰਿਹਾਇਸ਼ ’ਤੇ ਮਿਲੇ ਤੇ ਸਾਬਕਾ ਮੁੱਖ ਮੰਤਰੀ ਨੂੰ ਵਿਧਾਇਕ ਦਲ ਦਾ ਆਗੂ ਚੁਣ ਲਿਆ। ਐੱਚਏਐੱਮ ਦੀ ਬਿਹਾਰ ਚੋਣਾਂ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵਧੀਆ ਕਾਰਗੁਜ਼ਾਰੀ ਹੈ।
ਇਸ ਤੋਂ ਪਹਿਲਾਂ ਮਾਂਝੀ ਬਿਹਾਰ ਵਿਧਾਨ ਸਭਾ ਵਿੱਚ ਪਾਰਟੀ ਦੇ ਇਕੋ ਇਕ ਵਿਧਾਇਕ ਸਨ। ਮਾਂਝੀ ਨੇ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਵਿਧਾਇਕਾਂ ਨੂੰ ਸੂਬੇ ਦੇ ਵਿਕਾਸ ਲਈ ਐੱਨਡੀਏ ਨਾਲ ਹੱਥ ਮਿਲਾਉਣ ਦੀ ਸਲਾਹ ਦਿੱਤੀ। ਮਾਂਝੀ ਨੇ ਕਿਹਾ, ‘ਨਿਤੀਸ਼ ਕੁਮਾਰ ਤੇ ਕਾਂਗਰਸ ਦੀਆਂ ਵਿਕਾਸ ਯੋਜਨਾਵਾਂ ਇਕੋ ਜਿਹੀਆਂ ਹਨ। ਹੋਰ ਤਾਂ ਹੋਰ ਉਹ (ਨਿਤੀਸ਼) ਅਜਿਹੇ ਕਈ ਮੁੱਦਿਆਂ ਤੋਂ ਲਾਂਭੇ ਰਹੇ, ਜੋ ਸੂਬੇ ਦੇ ਹਿੱਤ ਵਿੱਚ ਸਨ। ਲਿਹਾਜ਼ਾ ਤੁਸੀਂ ਐੱਨਡੀਏ ਦਾ ਹਿੱਸਾ ਬਣ ਕੇ ਸੂਬੇ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਦੇ ਹੋ।’ ਅਸਲ ਵਿੱਚ ਮਾਂਝੀ ਅਯੁੱਧਿਆ ਵਿੱਚ ਰਾਮ ਮੰਦਿਰ ਤੇ ਤਿੰਨ ਤਲਾਕ ਜਿਹੇ ਵਿਵਾਦਿਤ ਮੁੱਦਿਆਂ ’ਤੇ ਕੁਮਾਰ ਵੱਲੋਂ ਦੂਰੀ ਬਣਾ ਕੇ ਰੱਖਣ ਵੱਲ ਇਸ਼ਾਰਾ ਕਰ ਰਹੇ ਸਨ।