ਨਵੀਂ ਦਿੱਲੀ (ਸਮਾਜ ਵੀਕਲੀ):ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਨਵੀਂ ਬਣੀ ‘ਜਾਗੋ’ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਖ਼ਿਲਾਫ਼ ਧੋਖਾਧੜੀ ਤੇ ਹੋਰ ਧਾਰਾਵਾਂ ਹੇਠ ਦਿੱਲੀ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ (ਈਓਡਬਲਿਊ) ਵੱਲੋਂ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲੀਸ ਮੁਤਾਬਕ ਜੀਕੇ ਖ਼ਿਲਾਫ਼ ਸਾਲ 2013 ਤੋਂ 2019 ਦਰਮਿਆਨ ਕਰੋੜਾਂ ਰੁਪਏ ਦੇ ਗਬਨ ਦਾ ਦੋਸ਼ ਲੱਗਾ ਹੈ।
ਇਸ ਮਾਮਲੇ ਵਿੱਚ ਸ੍ਰੀ ਜੀਕੇ ਸਮੇਤ ਉਨ੍ਹਾਂ ਦੇ ਤਤਕਾਲੀ ਪੀਏ ਤੇ ਇੱਕ ਹੋਰ ਅਹੁਦੇਦਾਰ ਦੇ ਨਾਂ ਵੀ ਸ਼ਾਮਲ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੀਗਲ ਸੈੱਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਨੇ ਸ਼ਿਕਾਇਤ ਵਿੱਚ ਕਿਹਾ ਸੀ ਕਿ ਪ੍ਰਧਾਨ ਰਹਿੰਦੇ ਹੋਏ ਸ੍ਰੀ ਜੀਕੇ ਨੇ ਦਾਨ ਵਜੋਂ ਮਿਲੇ ਡਾਲਰਾਂ ਸਮੇਤ 50 ਲੱਖ ਅਤੇ 30 ਲੱਖ ਰੁਪਏ ਦੀ ਕਥਿਤ ਹੇਰਾਫੇਰੀ ਕੀਤੀ। ਇਸ ਤੋਂ ਪਹਿਲਾਂ ਆਜ਼ਾਦ ਮੈਂਬਰ ਗੁਰਮੀਤ ਸਿੰਘ ਸ਼ੰਟੀ ਵੱਲੋਂ ਪਟਿਆਲਾ ਹਾਊਸ ਅਦਾਲਤ ਵਿੱਚ ਕੇਸ ਪਾਇਆ ਗਿਆ ਸੀ।
ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਕਾਰਕੁਨ ਵੱਲੋਂ ਵੀ ਦਿੱਲੀ ਕਮੇਟੀ ਖ਼ਿਲਾਫ਼ ਸ਼ਿਕਾਇਤ ਮਗਰੋਂ ਕੇਸ ਦਰਜ ਹੋਇਆ ਤੇ ਉਹ ਮਾਮਲਾ ਵੀ ਸ੍ਰੀ ਜੀਕੇ ਦੇ ਕਾਰਜਕਾਲ ਦੌਰਾਨ ਟੈਂਟਾਂ ਦੇ ਪੇਸ਼ ਕੀਤੇ ਗਏ ਬਿੱਲਾਂ ਨਾਲ ਸਬੰਧਤ ਹੈ ਜੋ ਧਾਰਮਿਕ ਸੰਸਥਾ ਦਿੱਲੀ ਕਮੇਟੀ ਖ਼ਿਲਾਫ਼ ਇਸ ਤਰ੍ਹਾਂ ਦਾ ਇਹ ਪਹਿਲਾ ਕੇਸ ਦਰਜ ਹੋਇਆ ਸੀ। ਇਨ੍ਹਾਂ ਕੁੱਲ ਤਿੰਨ ਮੁਕੱਦਮਿਆਂ ਮਗਰੋਂ ਦਿੱਲੀ ਦੀ ਸਿੱਖ ਰਾਜਨੀਤੀ ਗਰਮਾਈ ਹੋਈ ਹੈ।