(ਸਮਾਜ ਵੀਕਲੀ)
66 Years of Panjabis in Leicester – A Socio Analytical Study ਖੋਜ ਪੁਸਤਕ ਰਚਨਾ ਦਾ ਮੁੱਖ ਉਦੇਸ਼
ਮੇਰੇ ਦੁਆਰਾ 2017 ਚ ਲਿਖੀ ਗਈ ਅੰਗਰੇਜ਼ੀ ਦੀ ਇਸ ਵੱਡ ਅਕਾਰੀ ਖੋਜ ਪੁਸਤਕ ਦੇ ਬਾਰੇ ਵਿੱਚ ਬਹੁਤ ਸਾਰੇ ਸਨੇਹੀਆਂ ਨੇ ਅੰਗਰੇਜ਼ੀ ਬੋਲੀ ‘ਤੇ ਬਹੁਤੀ ਤੰਗੀ ਪਕੜ ਨਾ ਹੋਣ ਕਾਰਨ ਪੁਸਤਕ ਰਚਨਾ ਦੇ ਮੁੱਖ ਮਕਸਦ ਬਾਰੇ ਸਵਾਲ ਪੁਛਿਆ ਹੈ । ਉਹਨਾਂ ਦੀ ਜਿਗਿਆਸਾ ਦਾ ਸਤਿਕਾਰ ਕਰਦਿਆਂ, ਪੁਸਤਕ ਰਚਨਾ ਦੇ ਮੰਤਵ ਬਾਰੇ ਸੰਖੇਪ ਵਿੱਚ ਪੰਜਾਬੀ ਭਾਸ਼ਾ ਵਿੱਚ ਪੁਸਤਕ ਰਚਨਾ ਦੇ ਮਨੋਰਥ ਸੰਬੰਧੀ ਜਾਣਕਾਰੀ ਪੇਸ਼ ਕਰ ਰਿਹਾ ਹਾਂ
ਪੰਜਾਬ ਤੋਂ ਪਰਵਾਸ ਦਾ ਰੁਝਾਨ ਬੇਸ਼ੱਕ ਬਹੁਤ ਪੁਰਾਣਾ ਹੈ ਪਰਵੀਹਵੀਂ ਸਦੀ ਦੇ ਦੂਸਰੇ ਅੱਧ ਤੋਂ ਬਾਦ ਇਹ ਰੁਝਾਨ ਬਹੁਤ ਵੱਧ ਗਿਆ ਤੇ ਲਗਾਤਾਰ ਨਿਰੰਤਰ ਵਧਦਾ ਹੀ ਚਲਾ ਗਿਆ । ਅੱਜ ਹਾਲਾਤ ਇਹ ਹਨ ਕਿ ਇਕ ਤਾਜਾ ਸਰਵੇ ਮੁਤਾਬਕ ਪੰਜਾਬ ਦੇ 90 ਫੀਸਦੀ ਨੌਜਵਾਨ, ਪੰਜਾਬ ਛੱਡਕੇ ਵਿਦੇਸ਼ਾਂ ਵਿੱਚ ਵੱਸਣ ਦੇ ਚਾਹਵਾਨ ਹਨ । ਪੰਜਾਬ ਵਿੱਚ ਹਰ ਮੋੜ ਤੇ ਖੁਲੇ ਆਈਲਟ ਕੋਰਸ ਸੈਂਟਰ ਤੇ ਟਰੈਵਲ ਏਜੰਟਾ ਦੇ ਦਫਤਰ ਵੀ ਏਹੀ ਇਸ਼ਾਰਾ ਕਰਦੇ ਹਨ ਕਿ ਪੰਜਾਬ ਵਿੱਚ ਸਭ ਤੋਂ ਲਾਹੇਵੰਦ ਕਿੱਤਾ ਵੀ ਅੱਜ-ਕੱਲ੍ਹ ਏਹੀ ਹੈ ।
ਸਰਕਾਰੀ ਅੰਕੜਿਆ ਮੁਤਾਬਕ ਪੰਜਾਬ ਵਿੱਚ ਚਾਰ ਕੁ ਲੱਖ ਪੜਿਆ ਲਿਖਿਆ ਨੌਜਵਾਨ ਬੇਰੁਜ਼ਗਾਰ ਹੈ ਜਦ ਕਿ ਗ਼ੈਰ ਸਰਕਾਰੀ ਅੰਕੜਿਆ ਮੁਕਾਬਿਕ ਪੌਣੇ ਤਿੰਨ ਕਰੋੜ ਦੀ ਅਬਾਦੀ ਵਿੱਚੋਂ 60 ਲੱਖ ਦੇ ਲਗਭਗ ਨੋਜਵਾਨ ਹੱਥਾਂ ਵਿੱਚ ਉਚ ਡਿਗਰੀਆ ਫੜੀ ਨੌਕਰੀਆਂ ਦੀ ਭਾਲ ਚ ਬੇਕਾਰ ਘੁੰਮਕੇ ਰਾਹਾਂ ਦੀ ਧੂੜ ਫੱਕ ਰਹੇ ਹਨ ।
ਮੇਰੀ ਉਕਤ ਪੁਸਤਕ ਦੀ ਰਚਨਾ ਬੇਸ਼ੱਕ ਯੂ ਕੇ ਦੇ ਇਕ ਸ਼ਹਿਰ ਲੈਸਟਰ ਵਿੱਚ ਪਿਛਲੀ ਅੱਧੀ ਸਦੀ ਤੋਂ ਵੱਧ ਸਮੇ ਵਿੱਚ ਆ ਵਸੇ ਪੰਜਾਬੀਆ ਦੇ ਸਮੁੱਚੇ ਜਨ ਜੀਵਨ ਦਾ ਸਮਾਜ ਵਿਗਿਆਨਕ ਅਧਿਐਨ ਪੇਸ਼ ਕਰਦੀ ਹੈ, ਪਰੰਤੂ ਅਸਲ ਰੂਪ ਵਿੱਚ ਇਹ ਸਮੁੱਚੇ ਸੰਸਾਰ ਵਿੱਚ ਜਾ ਵੱਸੇ ਪੰਜਾਬੀਆ ਦੇ ਉਹਨਾ ਹਾਲਾਤਾਂ ਦਾ ਮੁਲਆੰਕਨ ਹੈ, ਜ਼ਿਹਨਾਂ ਹਾਲਾਤਾਂ ਕਰਕੇ ਉਹਨਾ ਨੂੰ ਵਤਨ/ਪੰਜਾਬ ਛੱਡਣ ਵਾਸਤੇ ਮਜਬੂਰ ਹੋਣਾ ਪਿਆ ।
ਮੇਰੀ ਇਸ ਪੁਸਤਕ ਵਿਚਲੀ ਖੋਜ ਦੌਰਾਨ ਦੋ ਪਹਿਲੂ ਉਭਰਵੇ ਰੂਪ ਵਿੱਚ ਸਾਹਮਣੇ ਆਏ ਹਨ ਜੋ ਪੰਜਾਬ ਵਿੱਚੋਂ ਪਰਵਾਸ ਦੇ ਮੁੱਖ ਕਾਰਨ ਰਹੇ ਹਨ ਤੇ ਅੱਜ ਵੀ ਬੜੀ ਅਹਿਮ ਭੂਮਿਕਾ ਨਿਭਾ ਰਹੇ ਹਨ ਤੇ ਉਹ ਦੋ ਕਾਰਨ ਹਨ – Push and pull factors.
Push factors ਤਹਿਤ ਉਹਨਾ ਕਾਰਨਾਂ ਨੂੰ ਸਾਹਮਣੇ ਲਿਆਂਦਾ ਗਿਆ ਹੈ ਜੋ ਪੰਜਾਬੀਆ ਨੂੰ ਪਰਵਾਸ ਕਰਨ ਵਾਸਤੇ ਮਜਬੂਰ ਕਰਦੇ ਹਨ। ਅਜਿਹੇ ਕਾਰਨਾਂ ਵਿੱਚ ਮੁੱਖ ਤੌਰ ਤੇ ਆਰਥਿਕ, ਸਮਾਜਿਕ, ਭੂਗੋਲਿਕ ਤੇ ਰਾਜਨੀਤਕ ਕਾਰਨ ਲਏ ਗਏ ਹਨ ਜਿਹਨਾਂ ਤਹਿਤ ਮੁੱਖ ਤੌਰ ਤੇ ਹੇਠ ਲਿਖੇ ਪਹਿਲੂ ਪ੍ਰੇਰਿਤ ਬਣਕੇ ਮੁੱਖ ਭੂਮਿਕਾ ਅਦਾ ਕਰਦੇ ਹਨ :
– ਪੰਜਾਬ ਵਿੱਚ ਦਿਨੋ ਦਿਨ ਵੱਧ ਰਹੀ ਬੇਰੁਜਗਾਰੀ
– ਵੱਧ ਰਹੀ ਅਬਾਦੀ
– ਪੀੜੀ ਦਰ ਪੀੜੀ ਵਾਹੀਯੋਗ ਜ਼ਮੀਨੀ ਵੰਡ
– ਪੰਜਾਬ ਦਾ ਸਰਹੱਦੀ ਰਾਜ ਹੋਣਾ
– ਦੇਸ਼ ਵੰਡ ਕਾਰਨ ਪੈਦਾ ਹੋਈ ਰਾਜਨੀਤਕ, ਆਰਥਿਕ ਤੇ ਸਮਾਜਿਕ ਅਸਥਿਰਤਾ
– ਮੌਜੂਦਾ ਆਰਿਥਕ ਕਾਣੀ ਵੰਡ
– ਉਦਯੋਗਿਕ ਅਧੋਗਤੀ
– ਪਰਸ਼ਾਸਨਿਕ ਭਿ੍ਰਸਟ ਤੰਤਰ
– ਗਲਤ ਸਿੱਖਿਅਕ ਨੀਤੀਆੰ
– ਸਮਾਜਿਕ ਸਹੂਲਤਾਂ ਦੀ ਅਣਹੋਂਦ
Pull factors ਵਿੱਚ ਜੋ ਨੁਕਤੇ ਮੇਰੀ ਖੋਜ ਦੌਰਾਨ ਉਭਰਕੇ ਸਾਹਮਣੇ ਆਏ ਹਨ, ਉਹ ਮੁੱਖ ਤੌਰ ਤੇ ਉਹ ਕਾਰਨ ਹਨ, ਜੋ ਪੰਜਾਬ ਦੀ ਨੌਜਵਾਨੀ ਨੂੰ ਪਰਵਾਸੀ ਹੋਣ ਵਾਸਤੇ ਅਕਰਸ਼ਿਤ ਕਰਦੇ ਹਨ ਜਿਵੇਂ:
– ਸ਼ਾਤਮਈ ਸਮਾਜਿਕ ਵਾਤਾਵਰਨ
– ਢੁਕਵੇਂ ਰੋਜਗਾਰ ਦੀ ਸਹੂਲਤ ਤੇ ਬੇਰੁਜ਼ਗਾਰੀ ਦੀ ਹਾਲਤ ਵਿੱਚ ਢੁਕਵਾਂ ਭੱਤਾ ਤੇ ਨੋਕਰੀ ਲੱਭਣ ਵਿੱਚ ਸਰਕਾਰੀ ਸਹਾਇਤਾ ।
– ਸਾਫ਼ ਸੁਥਰਾ ਪਰਸਾਸਨਿਕ ਵਾਤਾਵਰਨ
– ਭਰਿਸ਼ਟਾਚਾਰ ਮੁਕਤ ਵਾਤਾਵਰਨ
– ਸਾਫਸੁਥਰਾ ਕੁਦਰਤੀ ਵਾਤਾਵਰਨ
– ਉਤਮ ਦਰਜੇ ਦਾ ਯਾਤਾਯਾਤ ਪਰਬੰਧ
– ਜੀਵਨ ਸੁਰੱਖਿਆ ਤੇ ਗਰੰਟੀ ਆਦਿ
ਇਸ ਖੋਜ ਪੁਸਤਕ ਵਿੱਚ ਜਿੱਥੇ ਲੈਸਟਰ ਦੇ ਉਹਨਾ ਪੰਜਾਬੀਆ ਦਾ ਸੰਖੇਪ ਜੀਵਨ ਵੇਰਵਾ ਦਰਜ ਕੀਤਾ ਗਿਆ ਹੈ ਜਿਹਨਾਂ ਨੇ ਆਪਣੀ ਸਖ਼ਤ ਮਿਹਨਤ ਸਦਕਾ ਬਹੁਤ ਉਚਾ ਮੁਕਾਮ ਪ੍ਰਾਪਤ ਕੀਤਾ ਤੇ ਸਮੁੱਚੇ ਸੰਸਾਰ ਦੇ ਪੰਜਾਬੀਆ ਦਾ ਸਿਰ ਮਾਣ ਨਾਲ ਉਚਾ ਕੀਤਾ, ਉਥੇ ਉਹਨਾਂ ਵੱਲੋਂ ਆਪਣੀ ਬੋਲੀ, ਵਿਰਸੇ ਤੇ ਸੱਭਿਆਚਾਰ ਨੂੰ ਪਰਫੁਲਤ ਕਰਨ ਲਈ ਕੀਤੇ ਗਏ ਉਹਨਾਂ ਦੇ ਅਣਥੱਕ ਯਤਨਾਂ ਦਾ ਮੁਲਾਂਕਣ ਵੀ ਦਰਜ ਕੀਤਾ ਗਿਆ ਹੈ । ਲੈਸਟਰ ਵਿਖੇ ਭਲਾਈ ਕਾਰਜਾਂ ਵਾਸਤੇ ਚਲ ਰਹੀਆ ਪੰਜਾਬੀ ਜਥੇਬੰਦੀਆ ਤੇ ਉਹਨਾ ਦੀ ਕਾਰਜਸ਼ੈਲੀ ਸੰਬੰਧੀ ਵੇਰਵਾ ਵੀ ਪੁਸਤਕ ਵਿੱਚ ਪੂਰੀ ਤਫ਼ਸੀਲ ਨਾਲ ਦਰਜ ਹੈ।
ਕੁਲ ਮਿਲਾ ਕੇ ਇਸ ਖੋਜ ਕਾਰਜ ਦਾ ਮੁੱਖ ਮਕਸਦ ਹੇਠ ਲਿਖੇ ਟੀਚਿਆਂ ਦੀ ਪ੍ਰਾਪਤੀ ਵਾਸਤੇ ਕੀਤਾ ਗਿਆ :
– ਪਰਵਾਸੀ ਪੰਜਾਬੀਆ ਦੇ ਜੀਵਨ ਬਾਰੇ ਇਕ ਭਰੋਸੇਯੋਗ ਦਸਤਾਵੇਜ਼ ਪੇਸ਼ ਕਰਨਾ
– ਪੀੜੀ ਦਰ ਪੀੜੀ ਵੱਧ ਰਹੇ ਪੀੜੀ ਪਾੜੇ ਨੂੰ ਘੱਟ ਕਰਨ ਦਾ ਯਤਨ ਕਰਨ
– ਪੰਜਾਬ ਵਿੱਚਲੀ ਨੋਜਵਾਨੀ ਵਿੱਚ ਵੱਧ ਰਹੇ ਪਰਵਾਸੀ ਰੂਝਾਨ ਦੇ ਕਾਰਨਾਂ ਦੀ ਖੋਜਕਰਨਾ
– ਪਰਵਾਸੀ ਹੋਣ ਦੀ ਇਛਾ ਰੱਖਣ ਵਾਲੇ ਨੌਜਵਾਨਾਂ ਅੱਗੇ ਪਰਵਾਸੀਆ ਦੀ ਸਹੀ ਤਸਵੀਰ ਪੇਸ਼ ਕਰਨਾ ਤਾਂ ਕੋਈ ਵੀ ਫੈਸਲਾ ਲੈਣ ਤੋਂ ਪਹਿਲਾ ਉਹ ਪੇਸ਼ ਆਉਣ ਵਾਲੀਆ ਸਮੱਸਿਆਵਾ ਨੂੰ ਸਮਝ ਸਕਣ ਤੇ ਸਾਹਮਣਾ ਕਰਨ ਵਾਸਤੇ ਤਿਆਰ ਹੋ ਸਕਣ ।
– ਦੁਸਰੀਆ ਕੌਮਾਂ ਵਾਸਤੇ ਪੰਜਾਬੀਆ ਦੀ ਇਕ ਅਜਿਹੀ ਦਸਤਾਵੇਜ਼ ਤਿਆਰ ਕਰਨਾ ਤਾਂ ਕਿ ਉਹਨਾ ਅੱਗੇ ਪੰਜਾਬੀ ਸੱਭਿਆਚਾਰ ਦੀ ਸਹੀ ਤਸਵੀਰ ਪੇਸ਼ ਕੀਤੀ ਜਾ ਸਕੇ ।
– ਵਿਦੇਸ਼ਾਂ ਚ ਸਮਾਜਿਕ, ਧਾਰਮਿਕ ਤੇ ਸੱਭਿਆਚਾਰਕ ਸਰਗਰਮੀਆਂ ਲੇਖਾ-ਜੋਖਾ ਤੇ ਉਹਨਾਂ ਦਾ ਨਵੀਂਆਂ ਨਸਲਾਂ ਉੱਤੇ ਪ੍ਰਭਾਵ ।
ਇਹ ਪੁਸਤਕ ਯੂ ਕੇ ਦੀ ਨਾਮਵਰ ਸੰਸਥਾ ਪੰਜਾਬੀ ਆਰਟਸ ਐੰਡ ਲਿਟਰੇਰੀ ਅਕਾਦਮੀ ਵੱਲੋਂ ਪਰਕਾਸ਼ਤ ਕੀਤੀ ਗਈ ਤੇ ਇਸ ਦਾ ਆਰਟ ਵਰਕ ਤੇ ਡੀਜਾਈਨਿੰਗ ਸਾਹਿਬਦੀਪ ਪਬਲੀਕੇਸ਼ਨ ਭੀਖੀ ਵੱਲੋਂ ਤਿਆਰ ਕੀਤਾ ਗਿਆ ਹੈ ।
ਉਕਤ ਖੋਜ ਕਾਰਜ ਸਾਢੇ ਚਾਰ ਸਾਲ ਦੇ ਵਕਫ਼ੇ ਵਿੱਚ ਪੂਰਾ ਹੋਇਆ ਹੈ, ਜਿਸ ਪੂਰੇ ਵਿਸ਼ਵ ਵਿੱਚ ਬਹੁਤ ਵੱਡਾ ਹੁੰਗਾਰਾ ਮਿਲਿਆ ਤੇ ਦੂਸਰੇ ਕਈ ਹੋਰਨਾਂ ਮੁਲਕਾਂ ਵਿੱਚ ਵੀ ਇਸ ਤਰਾਂ ਦੇ ਖੋਜ ਕਾਰਜ ਕਰਨ ਦਾ ਰੁਝਾਨ ਪੈਦਾ ਹੋਇਆ।
ਮੇਰੀ ਇਹ ਪੁਸਤਕ ਯੂ ਕੇ ਦੀਆਂ ਨਾਮਵਰ ਯੂਨੀਵਰਸਿਟੀਆਂ ਜਿਵੇਂ ਕਿ Cambridge Uni, Oxford Uni, Leicester Uni, De mont Ford Uni, Loughborough Uni ਅਤੇ London Uni ਆਦਿ ਵਿਸ਼ਵ ਪ੍ਰਸਿੱਧ ਵਿੱਦਿਅਕ ਅਦਾਰਿਆਂ ਵਿੱਚ ਉਚ ਕਲਾਸਾਂ ਦੇ ਵਿਦਿਆਰਥੀਆ ਵੱਲੋਂ ਹਵਾਲਾ ਪੁਸਤਕ ਵਜੋਂ ਵਰਤੀ ਜਾਣ ਵਾਸਤੇ ਪਰਵਾਨ ਹੋਈ। ਇਸ ਦੇ ਨਾਲ ਹੀ House of Commons, House of Lords, British library, Scotland national library, Vales national library, Trinity college, Dublin’s Library & Meiji University, Tokyo, Japan’s Library ਆਦਿ ਦਾ ਸ਼ਿੰਗਾਰ ਵੀ ਬਣੀ।
ਇਸ ਪੁਸਤਕ ਦੇ ਨਾਲ ਮੈਨੂੰ ਸਮੁੱਚੇ ਪੰਜਾਬੀ ਭਾਈਚਾਰੇ ਵੱਲੋਂ ਜਿੱਥੇ ਅਥਾਹ ਪਿਆਰ ਤੇ ਸਤਿਕਾਰ ਮਿਲਿਆ, ਉੱਥੇ ਇਸ ਦੇ ਨਾਲ ਹੀ ਸੰਸਾਰ ਦੀਆ ਨਾਮਵਰ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ, ਪ੍ਰੋਫੈਸਰਾਂ ਤੇ ਹੋਰ ਬੁੱਧੀ-ਜੀਵੀਆਂ ਵੱਲੋਂ ਪ੍ਰਸੰਸਾ ਪੱਤਰ ਵੀ ਪ੍ਰਾਪਤ ਹੋਏ।
ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਪੁਸਤਕ ਪੜ੍ਹਨੀ ਜ਼ਰੂਰੀ ਹੈ । ਧੰਨਵਾਦ
ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ
29/05/2020