ਅਹਿਮਦਾਬਾਦ (ਸਮਾਜ ਵੀਕਲੀ):ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਥਿਤ ਜਾਂਚ ਏਜੰਸੀਆਂ ਤੋਂ ਛਾਪੇ ਮਰਵਾ ਕੇ ਵਸੂਲੀ ਕੀਤੀ ਜਾ ਰਹੀ ਹੈ ਤੇ ਇਨ੍ਹਾਂ ਛਾਪਿਆਂ ਦਾ ਮਕਸਦ ਭ੍ਰਿਸ਼ਟਾਚਾਰ ਦਾ ਖਾਤਮਾ ਨਹੀਂ ਹੈ। ‘ਤਿੰਨ ਪੁਲੀਸ ਮੁਲਾਜ਼ਮਾਂ’ ਵੱਲੋਂ ਮਾਰੇ ਛਾਪਿਆਂ ਦੇ ਹਵਾਲੇ ਨਾਲ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਪੁਲੀਸ ਵਾਲੇ ਪੈਸੇ ਮੰਗ ਰਹੇ ਸਨ। ਉਨ੍ਹਾਂ ਕਿਹਾ, ‘‘ਅਸੀਂ ਗਰੀਬ ਪਾਰਟੀ ਹਾਂ, ਜਿਸ ਕੋਲ ਪੈਸਾ ਨਹੀਂ ਹੈ। ਪੁਲੀਸ ਕਰਮੀਆਂ ਨੇ ਦੋ ਘੰਟੇ ਤੱਕ ਸਾਡੇ ਦਫ਼ਤਰ ਦੀ ਫਰੋਲਾ-ਫਰਾਲੀ ਕੀਤੀ ਤੇ ਚਲੇ ਗਏ। ਉਹ ਸਾਡੇ ਲੋਕਾਂ ਕੋਲੋਂ ਪੈਸੇ ਮੰਗ ਰਹੇ ਸਨ। ਜਦੋਂ ਅਸੀਂ ਕਿਹਾ ਕਿ ਕੋਈ ਪੈਸਾ ਨਹੀਂ ਹੈ ਤਾਂ ਉਹ ਚਲੇ ਗਏ। ਅੱਜ ਅਹਿਮਦਾਬਾਦ ਪੁਲੀਸ ਕਹਿ ਰਹੀ ਹੈ ਕਿ ਕੋਈ ਛਾਪਾ ਨਹੀਂ ਮਾਰਿਆ। ਦੇਸ਼ ਵਿੱਚ ਹੋ ਕੀ ਰਿਹੈ? ਕੀ ਪੁਲਸੀਆ ਸਰਕਾਰ ਇੰਜ ਕੰਮ ਕਰਦੀ ਹੈ? ਪੁਲੀਸ ਬਿਨਾਂ ਵਾਜਬ ਦਸਤਾਵੇਜ਼ਾਂ ਦੇ ਕਿਸੇ ਦੀ ਘਰ ਜਾਂ ਦਫ਼ਤਰ ਵਿੱਚ ਵੜ ਜਾਂਦੀ ਹੈ।’’