ਜ਼ਿੰਦਗੀ

(ਸਮਾਜ ਵੀਕਲੀ)

ਜ਼ਿੰਦਗੀ ਇਕ ਛੋਟਾ ਜਿਹਾ ਸ਼ਬਦ ਆਪਣੇ ਆਪ ’ਚ ਬਹੁਤ ਡੂੰਘੇ ਅਰਥ ਸਮੋਈ ਬੈਠਾ ਹੈ। ਜ਼ਿੰਦਗੀ ਨਾਂ ਹੈ ਦੁੱਖਾਂ ਤੇ ਸੁੱਖਾਂ ਦਾ, ਪਿਆਰ ਅਤੇ ਤਕਰਾਰ ਦਾ, ਦੋਸਤੀ ਅਤੇ ਚਾਹਤ ਦਾ, ਖ਼ੁਸ਼ੀਆਂ ਪਾਉਣ ਅਤੇ ਗ਼ਮੀਆਂ ਗਵਾਉਣ ਦਾ, ਰੁੱਸਣ ਤੇ ਮਨਾਉਣ ਦਾ, ਆਸ ਅਤੇ ਨਿਰਾਸ਼ ਦਾ। ਆਪਣੇ ਕੌੜੇ ਮਿੱਠੇ ਅਨੁਭਵਾਂ ਤੋਂ ਸਿੱਖਿਆ ਲੈ ਅੱਗੇ ਵਧਣ ਦਾ ਨਾਮ ਹੈ ਜ਼ਿੰਦਗੀ। ਜ਼ਿੰਦਾਦਿਲੀ ਨਾਲ ਜਿਓਣ ਦਾ ਨਾਮ ਹੈ ਜ਼ਿੰਦਗੀ। ਸਾਡਾ ਨਜ਼ਰੀਆ ਹੀ ਜ਼ਿੰਦਗੀ ਹੈ।

ਜ਼ਿੰਦਗੀ ਵੀ ਇਕ ਅਜੀਬ ਜਿਹੀ ਸ਼ੈਅ ਹੈ। ਇਸ ਨੂੰ ਜਿਉਣਾ ਇਕ ਕਲਾ ਹੈ। ਇਹ ਕਿਤਾਬ ਦੇ ਪੰਨਿਆਂ ਤਰ੍ਹਾਂ ਹੁੰਦੀ ਹੈ। ਜਿਸ ਤਰ੍ਹਾਂ ਕਿਤਾਬ ਵਿੱਚ ਪੰਨੇ ਅਤੇ ਅਧਿਆਇ ਹੁੰਦੇ ਹਨ, ਉਸੇ ਤਰ੍ਹਾਂ ਹੀ ਜ਼ਿੰਦਗੀ ਵਿੱਚ ਵੀ ਹਰ ਦਿਨ ਇਕ ਪੰਨੇ ਤਰ੍ਹਾਂ ਅਤੇ ਅਧਿਆਇ ਵਾਂਗੂੰ ਬਚਪਨ, ਜਵਾਨੀ ਅਤੇ ਬੁਢਾਪਾ ਬੀਤਦੇ ਹਨ। ਜ਼ਿੰਦਗੀ ਇਕ ਖ਼ੂਬਸੂਰਤ ਅਹਿਸਾਸ ਦਾ ਨਾਮ ਹੈ। ਇਸ ਦੀਆਂ ਰਾਹਵਾਂ ਸਾਡੇ ਲਈ ਬੜੀਆਂ ਹੀ ਅਨਮੋਲ ਹੁੰਦੀਆਂ ਹਨ। ਆਪਣੇ ਚੁਣੇ ਗਏ ਰਾਹਾਂ ’ਤੇ ਸਾਡੀ ਸਫ਼ਲਤਾ ਜਾਂ ਅਸਫ਼ਲਤਾ ਨਿਰਭਰ ਕਰਦੀ ਹੈ। ਜ਼ਿੰਦਗੀ ਨੇ ਇਨ੍ਹਾਂ ਰਾਹਵਾਂ ਦੇ ਆਧਾਰ ’ਤੇ ਵੱਖ ਵੱਖ ਮੋੜ ਲੈ ਕੇ ਆਪਣਾ ਸਫ਼ਰ ਤੈਅ ਕਰਨਾ ਹੁੰਦਾ ਹੈ।

ਜ਼ਿੰਦਗੀ ਜਿਊਣਾ ਵੀ ਇਕ ਕਲਾ ਹੈ, ਕਲਾ ਹੀ ਨਹੀਂ ਸਗੋਂ ਇਕ ਤਪੱਸਿਆ ਹੈ। ਜੀਵਨ ਵਿਕਾਸ ਦਾ ਸਿਧਾਂਤ ਹੈ, ਸਥਿਰ ਰਹਿਣ ਦਾ ਨਹੀਂ। ਜ਼ਿੰਦਗੀ ਜਿਊਣਾ ਹੋਰ ਗੱਲ ਹੈ ਤੇ ਭੋਗਣਾ ਹੋਰ। ਜ਼ਿੰਦਗੀ ਜਿਊਣ ਵਾਲੇ ਬੰਦੇ ਉਹ ਹੁੰਦੇ ਹਨ ਜੋ ਆਪਣੀ ਜ਼ਿੰਦਗੀ ਦੇ ਮਾਲਕ ਆਪ ਹੁੰਦੇ ਹਨ। ਆਪ ਇਸ ਨੂੰ ਸੇਧ ਦਿੰਦੇ ਹਨ, ਮਕਸਦ ਦਿੰਦੇ ਹਨ, ਇਸ ਦੇ ਵਿੱਚ ਰੰਗ ਭਰਦੇ ਹਨ। ਜ਼ਿੰਦਗੀ ਭੋਗਣ ਜਾਂ ਕੱਟਣ ਵਾਲੇ ਬੰਦੇ ਉਹ ਹੁੰਦੇ ਹਨ ਜਿਨ੍ਹਾਂ ਨੂੰ ਜ਼ਿੰਦਗੀ ਆਪ ਚਲਾਉਂਦੀ ਹੈ। ਕਦੇ ਰੁਆਉਂਦੀ, ਕਦੇ ਹਸਾਉਂਦੀ ਹੈ। ਉਹ ਜ਼ਿੰਦਗੀ ਦੇ ਗ਼ੁਲਾਮ ਬਣੇ ਰਹਿੰਦੇ ਹਨ। ਆਪਣੀ ਮੰਦਹਾਲੀ ਲਈ ਕਰਮਾਂ ਨੂੰ ਜਾਂ ਰੱਬ ਨੂੰ ਬੁਰਾ ਭਲਾ ਕਹਿੰਦੇ ਰਹਿੰਦੇ ਹਨ।

ਜ਼ਿੰਦਗੀ ਵਿਚ ਦੁੱਖ-ਸੁੱਖ ਨਾਲ- ਨਾਲ ਚੱਲਦੇ ਹਨ। ਦੁੱਖਾਂ ਵਿਚ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਸਗੋਂ ਹਿੰਮਤ ਤੇ ਦਲੇਰੀ ਨਾਲ ਜ਼ਿੰਦਗੀ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਕ ਵਾਰ ਕਿਸੇ ਬੰਦੇ ਨੇ ਇਕ ਸਾਧੂ ਨੂੰ ਸਵਾਲ ਕੀਤਾ ਕਿ ਕੋਈ ਅਜਿਹਾ ਵਚਨ ਕਰੋ ਜਿਸ ਨਾਲ ਆਤਮ-ਵਿਸ਼ਵਾਸ ਮਜ਼ਬੂਤ ਹੋਵੇ ਤਾਂ ਉਸ ਸਿੱਧ ਪੁਰਖ ਨੇ ਜਵਾਬ ਦਿੱਤਾ,‘ਇਹ ਸਮਾਂ ਵੀ ਗੁਜ਼ਰ ਜਾਵੇਗਾ।’ ਸੱਚਮੁੱਚ ਉਸ ਭਲੇ ਪੁਰਸ਼ ਦਾ ਜਵਾਬ ਬਹੁਤ ਕਮਾਲ ਦਾ ਸੀ।

ਸੁੱਖ ਵਿਚ ਵਿਅਕਤੀ ਨੂੰ ਆਪਣੇ ਪੈਰ ਨਹੀਂ ਛੱਡਣੇ ਚਾਹੀਦੇ ਅਤੇ ਦੁੱਖ ਵਿਚ ਹਿੰਮਤ। ਚੰਗਾ ਅਤੇ ਮਾੜਾ ਸਮਾਂ ਨਾਲ-ਨਾਲ ਚੱਲਦਾ ਹੈ ਜਾਂ ਇੰਜ ਕਹਿ ਲਵੋ ਕਿ ਦੁੱਖ- ਸੁੱਖ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਸੋ ਵਕਤ ਚੰਗਾ ਹੋਵੇ ਜਾਂ ਮਾੜਾ ਉਹ ਕਦੇ ਵੀ ਸਥਿਰ ਨਹੀਂ ਹੁੰਦਾ। ਇਹ ਤਾਂ ਹਮੇਸ਼ਾ ਬਦਲਦਾ ਰਹਿੰਦਾ ਹੈ। ਸਾਨੂੰ ਕਦੇ ਵੀ ਜ਼ਿੰਦਗੀ ਵਿਚ ਹਾਰ ਨਹੀਂ ਮੰਨਣੀ ਚਾਹੀਦੀ। ਜੋ ਵੀ ਇਨਸਾਨ ਸਾਡਾ ਮਾੜੇ ਵਕਤ ਵਿਚ ਸਾਥ ਦਿੰਦਾ ਹੈ ਉਸਦਾ ਦੇਣ ਵੀ ਕਦੀ ਭੁੱਲਣਾ ਨਹੀਂ ਚਾਹੀਦਾ ਅਤੇ ਹਰ ਪਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਵਿਚ ਰਾਜੀ ਰਹਿਣਾ ਚਾਹੀਦਾ ਹੈ।

ਅਰਸ਼ਪ੍ਰੀਤ ਕੌਰ ਸਰੋਆ
ਅਸਿਸਟੈਂਟ ਪ੍ਰੋਫੈਸਰ (ਰਿਸਰਚ ਸਕਾਲਰ)
ਪਿੰਡ- ਜਲਾਲਾਬਾਦ ਪੂਰਬੀ
ਮੋਗਾ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁੜੀਆਂ ਤੇ ਹਾਲਾਤ
Next articleਕੌੜੀਆਂ ਯਾਦਾਂ