ਜ਼ਿੰਦਗੀ

(ਸਮਾਜ ਵੀਕਲੀ)

ਜ਼ਿੰਦਗੀ ਵਿੱਚ ਕਿਸੇ ਵੀ ਚੀਜ਼ ਦੀ ਗੱਠੜੀ ਨਾ ਬੰਨੋ ਫਿਰ ਉਹ ਯਾਦਾਂ ਹੋਣ,ਗੁੱਸੇ ਗਿਲੇ ਹੋਣ ਜਾਂ ਧਨ ਦੌਲਤ। ਅਸੀਂ ਦੁਨੀਆਂ ਵਿੱਚ ਖਾਲੀ ਹੱਥ ਆਏ ਸੀ ਤੇ ਖਾਲੀ ਹੱਥ ਹੀ ਜਾਣਾ ਹੈ।ਇਸ ਸਭ ਕੁਝ ਇਸੇ ਦੁਨੀਆਂ ਦਾ ਸਾਮਾਨ ਹੈ ਅਤੇ ਇੱਥੇ ਹੀ ਛੱਡ ਜਾਣਾ ਹੈ।ਧਨ ਦੌਲਤ ਦਾ ਮਾਣ ਚੰਗਾ ਨਹੀਂ।ਮਾਣ ਉਦੋਂ ਹੀ ਹੋਏਗਾ ਜਦੋਂ ਬੰਨੋਗੇ ਇਨ੍ਹਾਂ ਚੀਜ਼ਾਂ ਨੂੰ।ਧਨ ਤਾਂ ਆਉਣੀ ਜਾਣੀ ਚੀਜ਼ ਹੈ।ਇਹ ਕਦੀ ਕਿਸੇ ਦਾ ਨਹੀਂ ਹੁੰਦਾ।ਸੋਹਣੀ ਜ਼ਿੰਦਗੀ ਜਿਊਣਾ ਚਾਹੁੰਦੇ ਹੋ ਤਾਂ ਚੀਜ਼ਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਨਾ ਕਰੋ। ਇਸ ਕੋਸ਼ਿਸ਼ ਵਿੱਚ ਤੁਸੀਂ ਉਨ੍ਹਾਂ ਚੀਜ਼ਾਂ ਦਾ ਮਜ਼ਾ ਲੈਣਾ ਭੁੱਲ ਜਾਂਦੇ ਹੋ।ਇਸੇ ਤਰ੍ਹਾਂ ਰੋਸਿਆਂ ਦੀ ਗੁੱਸੇ ਗਿਲਿਆਂ ਦੀ ਵੀ ਗੱਠੜੀ ਨਾ ਬੰਨ੍ਹੋ।

ਇਹ ਤੁਹਾਡੇ ਦਿਲ ਦਿਮਾਗ਼ ਤੇ ਬੋਝ ਬਣੇਗੀ।ਗੱਲ ਨੂੰ ਹਊ ਪਰੇ ਕਰ ਦੇਣਾ ਹੀ ਸਭ ਤੋਂ ਵਧੀਆ ਤਰੀਕਾ ਹੈ।ਕੋਈ ਕਿਹੋ ਜਿਹਾ ਵਿਹਾਰ ਕਰ ਰਿਹਾ ਹੈ ਇਹ ਉਸ ਦੀ ਮਜਬੂਰੀ ਵੀ ਹੋ ਸਕਦੀ ਹੈ।ਅਸੀਂ ਆਪਣੇ ਆਪ ਨੂੰ ਹੀ ਬੜੀ ਮੁਸ਼ਕਿਲ ਨਾਲ ਬਦਲਦੇ ਹਾਂ ਫਿਰ ਸਾਹਮਣੇ ਵਾਲੇ ਤੋਂ ਬਦਲਣ ਦੀ ਉਮੀਦ ਕਿਉਂ? ਜਿੱਥੇ ਜੋ ਜਿੰਨਾ ਮਿਲ ਜਾਵੇ ਠੀਕ ਹੈ।ਜ਼ਿੰਦਗੀ ਵਿੱਚ ਆਉਣ ਵਾਲਿਆਂ ਨੂੰ ਜੀ ਆਇਆਂ ਕਹੋ ਤੇ ਜਾਣ ਵਾਲੇ ਨੂੰ ਅਸੀਸ ਦਿਉ।ਬੀਤੇ ਨਾਲ ਜੁੜੇ ਨਾ ਰਹੋ।ਜੋ ਬੀਤ ਗਿਆ ਉਹ ਦੁਬਾਰਾ ਨਹੀਂ ਆਵੇਗਾ।ਭਵਿੱਖ ਤੁਹਾਡੇ ਲਈ ਬਹੁਤ ਕੁਝ ਸਮੋਈ ਬੈਠਾ ਹੈ।ਜ਼ਿੰਦਗੀ ਵਿਚ ਖ਼ੁਸ਼ ਰਹਿਣਾ ਚਾਹੁੰਦੇ ਹੋ ਆਪਣਾ ਵਤੀਰਾ ਗੱਠੜੀ ਨਾ ਬੰਨ੍ਹਣ ਦਾ ਰੱਖੋ।

ਸਿਰ ਤੇ ਪੰਡ ਜਿਉਂ ਜਿਉਂ ਭਾਰੀ ਹੁੰਦੀ ਜਾਂਦੀ ਹੈ ਸਫ਼ਰ ਮੁਸ਼ਕਲ ਹੋ ਜਾਂਦਾ ਹੈ।ਹਰ ਨਵੀਂ ਸਵੇਰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੋ।ਕਿਸੇ ਨੇ ਤੁਹਾਡੇ ਨਾਲ ਕੀ ਕੀਤਾ ਤੇ ਕਿਉਂ ਕੀਤਾ ਇਸ ਪਿੱਛੇ ਉਸ ਦੀ ਕੀ ਮਜਬੂਰੀ ਹੈ ਇਹ ਤੁਸੀਂ ਨਹੀਂ ਜਾਣਦੇ।ਭੁੱਲ ਜਾਣਾ ਇੱਕ ਵਰਦਾਨ ਹੈ ਜੇਕਰ ਅਸੀਂ ਅਤੀਤ ਦੀਆਂ ਮਾੜੀਆਂ ਗੱਲਾਂ ਨੂੰ ਭੁੱਲ ਜਾਣਾ ਚਾਹੀਏ।ਜ਼ਿੰਦਗੀ ਦਾ ਸਫ਼ਰ ਕਰਨ ਲਈ ਹਲਕੇ ਫੁਲਕੇ ਰਹਿਣ ਦਾ ਯਤਨ ਕਰੋ।ਜਿਸ ਨੂੰ ਨਜ਼ਰਅੰਦਾਜ਼ ਕਰ ਦੇਈਏ ਉਹ ਆਪਣੇ ਆਪ ਖ਼ਤਮ ਹੋ ਜਾਂਦਾ ਹੈ। ਆਓ ਭਾਰ ਮੁਕਤ ਜ਼ਿੰਦਗੀ ਜਿਊਣ ਦਾ ਅਹਿਦ ਕਰੀਏ।

ਹਰਪ੍ਰੀਤ ਕੌਰ ਸੰਧੂ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਕਵਿਤਾ