(ਸਮਾਜ ਵੀਕਲੀ)
ਅਪਣੀ ਤਾਂ ਨਿੱਤ ਹੀ ਹੋਲ਼ੀ ਲੋਕਾਂ ਦੀ ਇਕ ਦਿਨ ਦੀ,
ਸਾਡੀ ਤਾਂ ਰੋਜ਼ ਮੁਹੱਬਤ ਤੇਰਾ ਕੱਦ ਹੈ ਮਿਣਦੀ ,
ਸੱਤੇ ਰੰਗਾਂ ਨੂੰ ਮਿਲਾ ਕੇ ਇੱਕ ਥਾਂ ‘ਤੇ ਘੋਲ਼ੀ ਦਾ ।
ਪੱਕਾ ਰੰਗ ਜ਼ਿੰਦਗ਼ੀ ਦਾ ਤੇ ਕੱਚਾ ਰੰਗ ਹੋਲ਼ੀ ਦਾ ।
ਪਹਿਲਾ ਰੰਗ ਉਮਰਾਂ ਦਾ ਤੇ ਬਚਪਨ ਦੀਆਂ ਖੇਡਾਂ ਦਾ।
ਗੁੱਸਾ ਕੋਈ ਕਦੇ ਨਾ ਕੀਤਾ ਤੇਰੀਆਂ ਚਹੇਡਾਂ ਦਾ ।
ਤੇਰਾ ਤੇ ਮੇਰਾ ਸਾਥ ਸੀ ਦਾਮਨ ਤੇ ਚੋਲੀ ਦਾ ।
ਪੱਕਾ ਰੰਗ ਜ਼ਿੰਦਗ਼ੀ ਦਾ ਤੇ ਕੱਚਾ ਰੰਗ ਹੋਲੀ ਦਾ ।
ਦੂਜਾ ਤੇ ਤੀਜਾ ਰੰਗ ਸੀ ਇੱਕੋ ਥਾਂ ‘ਤੇ ਪੜ੍ਦਿਆਂ ਦਾ।
ਚੌਥਾ ਤੇ ਪੰਜਵਾਂ ਪੌੜੀਆਂ ਜਿਦ ਜਿਦ ਕੇ ਚੜ੍ਦਿਆਂ ਦਾ।
ਜੀਵਨ ਦੀ ਹਰ ਮੁਸ਼ਕਲ ਨੂੰ ਪੈਰਾਂ ਵਿੱਚ ਰੋਲ਼ੀ ਦਾ ।
ਪੱਕਾ ਰੰਗ ਜ਼ਿੰਦਗ਼ੀ ਦਾ ਤੇ ਕੱਚਾ ਰੰਗ ਹੋਲ਼ੀ ਦਾ ।
ਛੇਵਾਂ ਰੰਗ ਪਿਆਰ ਮੁਹੱਬਤ ਤੇਰੇ ਨਾਲ਼ ਕੀਤੀ ਦਾ।
ਉਮਰਾਂ ਤੱਕ ਨਸ਼ਾ ਰਹੂ ਤੇਰੇ ਨੈਣਾਂ ‘ਚੋਂ ਪੀਤੀ ਦਾ ।
ਅੱਖੀਆਂ ਦੀ ਤੱਕੜੀ ਨਾਲ਼ ਨਿੱਤ ਭਾਰ ਤੇਰਾ ਤੋਲੀ ਦਾ ।
ਪੱਕਾ ਰੰਗ ਜ਼ਿੰਦਗ਼ੀ ਦਾ ਤੇ ਕੱਚਾ ਰੰਗ ਹੋਲੀ ਦਾ ।
ਇੱਕੋ ਰੰਗ ਰਹਿੰਦੈ ਹਾਨਣੇ ਰਲ਼ ਮਿਲ ਕੇ ਪੂਰਾ ਕਰੀਏ।
ਹੁਣ ਤੱਕ ਹਾਂ ਜਿਤਦੇ ਆਏ ਹੁਣ ਨਾ ਕਿਸੇ ਗੱਲੋਂ ਹਰੀਏ।
ਜਾਊ ਜਿਹੜੀ ਪਿੰਡ ਰੰਚਣਾਂ ਸੱਤਵਾਂ ਰੰਗ ਡੋਲੀ ਦਾ ।
ਪੱਕਾ ਰੰਗ ਜ਼ਿੰਦਗ਼ੀ ਦਾ ਤੇ ਕੱਚਾ ਰੰਗ ਹੋਲੀ ਦਾ ।
ਨਿੱਤ ਹੀ ਅਸੀਂ ਹੋਲ਼ੀ ਖੇਡਣੀ———
ਮੂਲ ਚੰਦ ਸ਼ਰਮਾ
ਪਿੰਡ ਰਜਿੰਦਰਾ ਪੁਰੀ(ਰੰਚਣਾਂ) ਡਾਕ . ਭਸੌੜ
ਜਿਲਾ੍ ਸੰਗਰੂਰ148024
9478408898