ਜ਼ਰੂਰੀ ਵਸਤਾਂ ਸੋਧ ਬਿੱਲ ਰਾਜ ਸਭਾ ’ਚੋਂ ਪਾਸ

ਨਵੀਂ ਦਿੱਲੀ (ਸਮਾਜ ਵੀਕਲੀ): ਸੰਸਦ ਨੇ ਅੱਜ ਅਨਾਜ, ਦਾਲਾਂ, ਖਾਣਯੋਗ ਤੇਲ, ਪਿਆਜ਼ ਤੇ ਆਲੂਆਂ ਨੂੰ ਜ਼ਰੂਰੀ ਵਸਤਾਂ ਦੀ ਸੂਚੀ ’ਚੋਂ ਬਾਹਰ ਕੱਢਣ ਦੀ ਤਜਵੀਜ਼ ਵਾਲੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਜ ਸਭਾ ਨੇ ਇਸ ਨਾਲ ਸਬੰਧਤ ਜ਼ਰੂਰੀ ਵਸਤਾਂ (ਸੋਧ) ਬਿੱਲ-2020 ਨੂੰ ਚਰਚਾ ਤੋਂ ਬਾਅਦ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ।

ਇਸ ਬਿੱਲ ਦਾ ਮਕਸਦ ਨਿੱਜੀ ਨਿਵੇਸ਼ਕਾਂ ਦੇ ਕੁਝ ਖਦਸ਼ਿਆਂ ਨੂੰ ਦੂਰ ਕਰਨਾ ਹੈ। ਸਰਕਾਰ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਉਤਪਾਦਨ, ਉਤਪਾਦਾਂ ਨੂੰ ਜਮ੍ਹਾਂ ਕਰਨ, ਟਰਾਂਸਪੋਰਟ, ਵੰਡ ਤੇ ਸਪਲਾਈ ਨੂੰ ਆਜ਼ਾਦੀ ਮਿਲਣ ਨਾਲ ਅਰਥਚਾਰੇ ਨੂੰ ਉਤਸ਼ਾਹ ਮਿਲੇਗਾ ਤੇ ਖੇਤੀ ਖੇਤਰ ’ਚ ਨਿੱਜੀ ਤੇ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਹੁਲਾਰਾ ਮਿਲੇਗਾ। ਖਪਤਕਾਰ ਮਾਮਲੇ ਅਤੇ ਖੁਰਾਕ ਤੇ ਜਨਤਕ ਵੰਡ ਰਾਜ ਮੰਤਰੀ ਰਾਓਸਾਹਿਬ ਦਾਨਵੇ ਨੇ ਕਿਹਾ ਕਿ ਕਾਨੂੰਨ ਰਾਹੀਂ ਭੰਡਾਰਨ ਦੀ ਸੀਮਾ ਥੋਪਣ ਨਾਲ ਖੇਤੀ ਖੇਤਰ ’ਚ ਨਿਵੇਸ਼ ’ਚ ਅੜਿੱਕੇ ਪੈ ਰਹੇ ਹਨ।

ਉਨ੍ਹਾਂ ਕਿਹਾ ਕਿ ਸਾਢੇ ਛੇ ਦਹਾਕੇ ਪੁਰਾਣੇ ਇਸ ਕਾਨੂੰਨ ’ਚ ਸਟਾਕ ਰੱਖਣ ਦੀ ਸੀਮਾ ਕੌਮੀ ਆਫਤ ਤੇ ਸੋਕੇ ਦੇ ਹਾਲਾਤ ’ਚ ਕੀਮਤਾਂ ’ਚ ਭਾਰੀ ਵਾਧੇ ਵਰਗੇ ਹਾਲਾਤ ਪੈਦਾ ਹੋਣ ’ਤੇ ਹੀ ਲਾਗੂ ਕੀਤੀ ਜਾਵੇਗੀ। ਉਨ੍ਹਾਂ ਕਿਹਾ, ‘ਇਸ ਸੋਧਿਆ ਹੋਇਆ ਬਿੱਲ ਕਿਸਾਨਾਂ ਤੇ ਖਪਤਕਾਰਾਂ ਦੋਵਾਂ ਦੇ ਪੱਖ ’ਚ ਹੈ।’

ਇਸੇ ਦੌਰਾਨ ਰਾਜ ਸਭਾ ਨੇ ਜਨਤਕ ਨਿੱਜੀ ਭਾਈਵਾਲੀ ਤਹਿਤ ਚੱਲ ਰਹੀਆਂ ਪੰਜ ਆਈਆਈਟੀ ਸੰਸਥਾਵਾਂ ਨੂੰ ਕੌਮੀ ਮਹੱਤਵ ਦਾ ਦਰਜਾ ਦੇਣ ਬਾਰੇ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਵੱਲੋਂ ਪੇਸ਼ ‘ਭਾਰਤੀ ਸੂਚਨਾ ਤਕਨੀਕ ਸੰਸਥਾ ਕਾਨੂੰਨ (ਸੋਧ) ਬਿੱਲ-2020’ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਬਿੱਲ ਦੇ ਕਾਨੂੰਨ ਬਣਨ ਨਾਲ ਇਹ ਸੰਸਥਾਵਾਂ ਡਿਗਰੀ ਜਾਰੀ ਕਰ ਸਕਣਗੀਆਂ। ਇਹ ਪੰਜ ਆਈਆਈਟੀ ਭਾਗਲਪੁਰ (ਬਿਹਾਰ), ਸੂਰਤ (ਗੁਜਰਾਤ), ਰਾਏਪੁਰ (ਕਰਨਾਟਕ), ਭੋਪਾਲ (ਮੱਧ ਪ੍ਰਦੇਸ਼) ਅਤੇ ਅਗਰਤਲਾ (ਤ੍ਰਿਪੁਰਾ) ’ਚ ਸਥਾਪਤ ਕੀਤੀਆਂ ਜਾ ਚੁੱਕੀਆਂ ਹਨ।

ਰਾਜ ਸਭਾ ਨੇ ਅੱਜ ਕੰਪਨੀ ਕਾਨੂੰਨ ਸੋਧ ਲਈ ਲਿਆਂਦੇ ਇੱਕ ਬਿੱਲ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਹ ਸੋਧ ਬਿੱਲ ਸਜ਼ਾਯੋਗ ਉਲੰਘਣਾਵਾਂ ਨੂੰ ਅਪਰਾਧ ਦੀ ਸੂਚੀ ’ਚੋਂ ਬਾਹਰ ਕੱਢਣ ਤੇ ਦੇਸ਼ ’ਚ ਕਾਰੋਬਾਰ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਲਿਆਂਦਾ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਪੇਸ਼ ਕੀਤੇ ਗਏ ਇਸ ਕੰਪਨੀ (ਸੋਧ) ਬਿੱਲ-2020 ਨੂੰ ਰਾਜ ਸਭਾ ’ਚ ਸੰਖੇਪ ਚਰਚਾ ਤੋਂ ਬਾਅਦ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ।

ਇਸੇ ਤਰ੍ਹਾਂ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਉੱਪਰਲੇ ਸਦਨ ’ਚ ਪੇਸ਼ ਕੀਤੇ ਗਏ ਟੈਕਸੇਸ਼ਨ ਤੇ ਹੋਰ ਕਾਨੂੰਨ (ਰਾਹਤਾਂ ਤੇ ਕੁਝ ਤਜਵੀਜ਼ਾਂ ’ਚ ਸੋਧ) ਬਿੱਲ-2020 ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਬਿੱਲ ਤਹਿਤ ਕਰੋਨਵਾਇਰਸ ਦੇ ਦੌਰ ’ਚ ਸੰਕਟ ਦਾ ਸਾਹਮਣਾ ਕਰਨ ਵਾਲੇ ਕਰਦਾਤਾਵਾਂ ਨੂੰ ਕਈ ਰਾਹਤਾਂ ਦਿੱਤੀਆਂ ਗਈਆਂ ਹਨ।

ਰਾਜ ਸਭਾ ਨੇ ਅੱਜ ਸਦਨ ’ਚ ਪੇਸ਼ ਕੀਤੇ ਕੌਮੀ ਫੋਰੈਂਸਿਕ ਸਾਇੰਸ ਯੂਨੀਵਰਸਿਟੀ ਬਿੱਲ ਤੇ ਰਾਸ਼ਟਰੀ ਰਕਸ਼ਾ ਯੂਨੀਵਰਸਿਟੀ ਬਿੱਲ ਵੀ ਪਾਸ ਕਰ ਦਿੱਤੇ ਹਨ। ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈੱਡੀ ਵੱਲੋਂ ਇਹ ਦੋਵੇਂ ਬਿੱਲ ਰਾਜ ਸਭਾ ’ਚ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ ਹੈ।

Previous articleविशाल ट्रैक्टर रैली ’ के साथ विधायक नवतेज सिंह चीमा ने किया किसानी को बचाने के संगर्ष का आगाज
Next articleਕਰੋਨਾ: ਪੰਜਾਬ ਸਣੇ 7 ਰਾਜਾਂ ਨਾਲ ਮੋਦੀ ਦੀ ਮੀਟਿੰਗ ਅੱਜ