(ਸਮਾਜ ਵੀਕਲੀ)
ਉਤਰ ਪ੍ਰਦੇਸ ਦੇ ਅਲੀਗੜ੍ਹ ਸ਼ਹਿਰ ਵਿਚ ਜਹਿਰੀਲੀ ਸ਼ਰਾਬ ਪੀਣ ਨਾਲ 70 ਤੋਂ ਵੱਧ ਵਿਆਕਤੀਆਂ ਦੀ ਮੌਤ ਹੋ ਗਈ।ਉਹਨਾਂ ਬੇਗੁਨਾਹ ਲੋਕਾਂ ਨੂੰ ਭਲਾ ਕੀ ਪਤਾ ਸੀ ਕਿ ਉਨਾਂ ਦਾ ਇਹ ਸ਼ੌਕ ਉਨਾਂ ਨੂੰ ਹੀ ਲੈ ਡੁੱਬੇਗਾ,ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦਾ ਅੱਜ ਆਖਰੀ ਦਿਨ ਹੋਵੇਗਾ।ਉਹਨਾਂ ਕੀ ਪਤਾ ਸੀ ਕਿ ਉਸ ਸ਼ਰਾਬ ਦੀ ਬੋਤਲ ਵਿਚ ਨਸ਼ਾਂ ਨਹੀ ਉਸ ਵਿਚ ਯਮਰਾਜ ਹੈ।ਇਹ ਮੌਤਾਂ ਸਿਰਫ ਪੀਣ ਵਾਲਿਆਂ ਦੀਆਂ ਹੀ ਨਹੀ ਹੋਈਆਂ ਸਨ,ਸਗੋਂ ਇਹ ਸਾਰਾ ਕਸੂਰ ਸਾਡੇ ਸਿਸਟਮ ਦਾ ਹੈ,ਪ੍ਰਸ਼ਾਸ਼ਨ ਦਾ ਹੈ ਪਰ ਮਰਦੀ ਤਾਂ ਸਿਰਫ ਇੰਨਸਾਨੀਅਤ ਹੀ ਹੈ।ਏਥੇ ਸ੍ਰੀ ਹਰਬੰਸ਼ ਰਾਏ ਜੀ ਦੀਆਂ ਕੁਝ ਪੰਕਤੀਆਂ ਯਾਦ ਆ ਰਹੀਆਂ ਹਨ,ਕਿ “ਮੰਦਰ ਜਾਣ ਲਈ,ਘਰ ਤੋਂ ਚੱਲਦਾ ਹੈ ਪੀਣੇ ਵਾਲਾ,ਕਿਹੜੇ ਪਾਸੇ ਜਾਵਾਂ,ਇਸ ਚਿੰਤਾਂ ਵਿਚ ਹੈ ਭੋਲਾਭਾਲਾ!!
ਕੋਰੋਨਾ ਮਹਾਂਮਾਰੀ ਨੇ ਅੱਜ ਦੁਨੀਆਂ ਨੂੰ ਬਹੁਤ ਕੁਝ ਸਿਖਾ ਦਿੱਤਾ ਹੈ।ਹੁਣ ਏਥੇ ਇਨਸਾਨ ਦੀ ਕੋਈ ਕੀਮਤ ਨਹੀ ਹੈ।ਇਨਸਾਨੀਅਤ ਮਰ ਚੁੱਕੀ ਹੈ।ਏਥੇ ਲਾਸ਼ਾਂ ਦੇ ਕਫਨ ਵੇਚ ਦਿੱਤੇ ਗਏ।ਜੀਵਨ ਦੀ ਸੁਰੱਖਿਆ ਕਰਨ ਦੇ ਲਈ ਰੇਮਡਿਸਿਬੀਰ ਦੇ ਟੀਕਿਆਂ ਵਿਚ ਗੁਲੂਕੋਜ਼ ਦਾ ਪਾਣੀ ਭਰ ਕੇ ਹਜ਼ਾਰਾਂ ਹੀ ਵਸੂਲੇ ਗਏ।ਆਕਸੀਜਨ ਦੀ ਕਾਲਾਬਜ਼ਾਰੀ ਰੱਜ ਕੇ ਹੋਈ।ਗੰਗਾ ਵਿਚ ਲਾਸ਼ਾਂ ਦੇ ਢੇਰ ਲੱਗ ਗਏ।ਹਸਪਤਾਲਾਂ ਵਿਚ ਲੋਕ ਦਵਾਈਆਂ ਤੇ ਆਕਸੀਜਨ ਤੋਂ ਬਿੰਨਾਂ ਮਰ ਰਹੇ ਹਨ ਇਹਨਾਂ ਹਾਲਾਤਾਂ ਵਿਚ ਸਮਾਜ ਵਿਚ ਇਨਸਾਨੀਅਤ ਦੇ ਨਾਮ ਹੁਣ ਕੀ ਰਹਿ ਗਿਆ ਹੈ।ਪੈਸਾ ਕਮਾਉਣ ਵਾਸਤੇ ਅਸੀ ਕਿਸ ਹੱਦ ਤੱਕ ਡਿੱਗ ਸਕਦੇ ਹਾਂ,ਇਸ ਦੀ ਕੋਈ ਸੀਮਾ ਨਹੀ ਰਹੀ।ਜਿੱਥੇ ਮੁਰਦਿਆਂ ਦੇ ਕਫਨ ਵੇਚੇ ਜਾ ਰਹੇ ਹੋਣ ਉਥੋ ਤੁਸੀ ਕੀ ਆਸ ਕਰ ਸਕਦੇ ਹੋ।
ਦੇਸ਼ ਵਿਚ ਨਕਲੀ ਜਹਿਰੀਲੀ ਸ਼ਰਾਬ ਬਣਾਉਣ ਤੇ ਵੇਚਣ ਵਾਲਿਆਂ ਦਾ ਕਾਰੋਬਾਰ ਖੂਬ ਵੱਧ ਫੁੱਲ ਰਿਹਾ ਹੈ। ਪੰਜਾਬ ਦਾ ਨਾਮ ਨਸ਼ਿਆਂ ਨੂੰ ਲੈ ਕੇ ਕਿੰਨਾਂ ਬਦਨਾਮ ਹੋ ਚੁੱਕਾ ਹੈ।ਨਸ਼ਿਆਂ ਦੇ ਕਾਲੇ ਕਾਰੋਬਾਰ ਤੇ ਉਡਤਾ ਪੰਜਾਬ ਇਕ ਫਿਲਮ ਵੀ ਬਣ ਗਈ।ਥੱਲੇ ਵਾਲੇ ਲੈਵਲ ਤੇ ਕੀ ਹੋ ਰਿਹਾ ਹੈ ਅਸੀ ਮੁਕਰ ਨਹੀ ਸਕਦੇ।ਇਸ ਤਰ੍ਹਾਂ ਨਹੀ ਹੈ ਕਿ ਸਿਰਫ ਉਤਰ ਪ੍ਰਦੇਸ ਵਿਚ ਹੀ ਇਸ ਤਰਾਂ ਦੀਆਂ ਘਟਨਾਵਾਂ ਹੁੰਦੀਆਂ ਹਨ।ਪਰ ਇਹ ਸੱਚ ਹੈ ਕਿ ਸੂਬਿਆਂ ਵਿਚ ਕੁਝ ਕੁ ਹੀ ਜਿਲੇ ਐਸੇ ਹਨ ਜਿੱਥੇ ਧੜੱਲੇ ਨਾਲ ਜਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਹੁੰਦੀਆਂ ਹਨ। ਪੰਜਾਬ, ਹਰਿਆਣਾ, ਗੁਜਰਾਤ, ਮੱਧ ਪ੍ਰਦੇਸ, ਮਹਾਂਰਾਸਟਰਾ ਅਤੇ ਬਿਹਾਰ ਵਰਗੇ ਸੂਬਿਆਂ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ।ਪਰ ਕਿਸੇ ਸੂਬੇ ਨੇ ਇਹੋ ਜਿਹੀਆਂ ਘਟਨਾਵਾਂ ਤੋਂ ਸਬਕ ਨਹੀ ਲਿਆ।ਜਿਸ ਦਾ ਨਤੀਜਾ ਇਹ ਹੋਇਆ ਕਿ ਉਤਰ ਪ੍ਰਦੇਸ ਦਾ ਅਲੀਗੜ੍ਹ ਇਕ ਘਟਨਾ ਨਾਲ ਫਿਰ ਸ਼ਰਮਸਾਰ ਹੋਇਆ ਹੈ।
ਅਸਰ ਰਸੂਖ ਰੱਖਣ ਵਾਲੇ ਸ਼ਰਾਬ ਦੀ ਬੋਤਲ ਵਿਚ ਜਹਿਰ ਵੰਡ ਰਹੇ ਹਨ।ਅਲੀਗੜ੍ਹ ਵਿਚ ਹੋਈ ਇਹ ਦਰਦਨਾਕ ਘਟਨਾ ਬਹੁਤ ਵੱਡਾ ਤੁਹਾਡੇ ਸਾਹਮਣੇ ਸਬੂਤ ਹੈ।ਅਲੀਗੜ੍ਹ ਦੀ ਘਟਨਾ ਵਿਚ ਜਿੰਨਾਂ ਦੋ ਮੁੱਖ ਆਰੋਪੀਆ ਦੇ ਨਾਮ ਆ ਰਹੇ ਹਨ,ਉਹਨਾਂ ਦੇ ਸਬੰਧ ਕੁਝ ਰਾਜਨਿਤਕ ਪਾਰਟੀਆਂ ਦੇ ਨਾਲ ਵੀ ਹਨ।ਮੁੱਖ ਆਰੋਪੀ ਨੂੰ ਫੜਣ ਵਾਸਤੇ ਸਰਕਾਰ ਨੇ 50 ਹਜਾਰ ਰੁਪਏ ਇਨਾਮ ਵੀ ਰੱਖਿਆ ਗਿਆ ਹੈ।ਘਟਨਾ ਤੋਂ ਬਾਅਦ ਪੁੱਛ-ਗਿੱਛ ਹੋਈ ਤਾਂ ਕਈ ਅਫਸਰਾਂ ਦਾ ਵੀ ਇਸ ਕੇਸ ਵਿਚ ਸ਼ਾਮਲ ਹੋਣਾ ਸਾਹਮਣੇ ਆਇਆ ਹੈ।
ਪਰ ਇਹਦੇ ਵਿਚ ਕੋਈ ਫਾਇਦਾ ਮਿਲਣ ਵਾਲਾ ਨਹੀ ਹੈ।ਜਦੋਂ ਤੱਕ ਇਸ ਘਟਨਾ ਦੀ ਅੱਗ ਠੰਢੀ ਹੋਵੇਗੀ ਉਦੋਂ ਤੱਕ ਮੀਡੀਆ ਵਿਚ ਇਕ ਹੋਰ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆ ਜਾਵੇਗੀ।ਸੂਬਿਆਂ ਵਿਚ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ ਪਰ ਗੈਰ ਕਨੂੰਨੀ ਕੰਮ ਕਰਨ ਵਾਲਿਆਂ ਨੂੰ ਕੋਈ ਫਰਕ ਨਹੀ ਪੈਂਦਾ।ਜਦੋਂ ਸਿਸਟਮ ਹੀ ਅੰਨ੍ਹਾਂ,ਵਿਕਲਾਂਗ ਹੋ ਚੁੱਕਿਆ ਹੋਵੇ ਤਾਂ ਸਰਕਾਰਾਂ ਚਾਹਕੇ ਵੀ ਕੁਝ ਨਹੀ ਕਰ ਸਕਦੀਆਂ।ਕੁਝ ਸਮ੍ਹਾਂ ਪਾ ਕੇ ਸਭ ਕੁਝ ਠੀਕ ਆਮ ਵਰਗਾ ਹੋ ਜਾਂਦਾ ਹੈ,ਲੋਕ ਵੀ ਕੁਝ ਦੇਰ ਬਾਅਦ ਭੁੱਲ ਜਾਂਦੇ ਹਨ।ਪਰ ਕੋਈ ਵੀ ਇਸ ਦੇ ਬਾਰੇ ਵਿਚ ਪੂਰੀ ਇਮਾਨਦਾਰੀ ਨਾਲ ਪੜਤਾਲ ਕਰਨ ਦੀ ਕੋਸ਼ਿਸ਼ ਨਹੀ ਕਰਦਾ,ਕਿ ਆਖਰ ਇਸ ਤਰ੍ਹਾਂ ਦੀ ਘਟਨਾਵਾਂ ਕਿਉਂ ਹੋ ਰਹੀਆਂ ਹਨ ਜਾਂ ਇਹ ਸੱਭ ਕੁਝ ਕਿਉਂ ਹੋ ਰਿਹਾ ਹੈ।
ਸਾਰੇ ਸੂਬਿਆਂ ਦੀਆਂ ਸਰਕਾਰਾਂ ਆਪਣੇ ਆਪਣੇ ਸੂਬਿਆਂ ਵਿਚ ਸ਼ਰਾਬ ਦੇ ਠੇਕਿਆਂ ਦੀਆਂ ਬੋਲੀ ਕਰਦੀਆਂ ਹਨ ਅਤੇ ਜੋ ਸੱਭ ਤੋਂ ਜਿਆਦਾ ਰੁਪਏ ਭਰਦਾ ਹੈ ਤਾਂ ਉਸ ਨੂੰ ਇਕ ਸਾਲ ਵਾਸਤੇ ਉਹ ਠੇਕਾ ਦੇ ਦਿੱਤਾ ਜਾਦਾ ਹੈ।ਅੰਗਰੇਜ਼ੀ ਸ਼ਰਾਬ, ਬੀਅਰ ਤੇ ਦੇਸੀ ਸ਼ਰਾਬ ਦੇ ਠੇਕੇ ਸ਼ਹਿਰ ਸ਼ਹਿਰ,ਪਿੰਡ ਪਿੰਡ ਗਲੀ ਗਲੀ ਖੁਲੇ ਆਮ ਦੇਖੇ ਹੋਣਗੇ।ਜਦੋਂ ਸਰਕਾਰ ਨੇ ਸਰਾਬ ਦੀਆਂ ਵੱਡੇ ਪੱਧਰ ਤੇ ਦੁਕਾਨਾਂ ਖੋਲ ਰੱਖੀਆਂ ਹਨ ਤਾਂ ਫਿਰ ਨਕਲੀ ਜਹਿਰੀਲੀ ਸ਼ਰਾਬ ਕਿਥੌ ਆ ਰਹੀ ਤਾਂ ਕਿਵੇਂ ਖੁੱਲੇ ਆਮ ਵੇਚੀ ਜਾ ਰਹੀ ਹੈ।ਫਿਰ ਬੇਗੁਨਾਹ ਲੋਕਾਂ ਦੀਆਂ ਮੌਤਾਂ ਦਾ ਕੌਣ ਜਿੰਮੇਵਾਰ ਹੈ?ਇਸ ਤਰ੍ਹਾਂ ਦੀਆਂ ਦੁਖਦਾਈ ਘਟਨਾਵਾਂ ਤੋਂ ਬਾਅਦ ਜਿੰਮੇਵਾਰ ਲੋਕਾਂ ਨੂੰ ਸਜਾ ਕਿਉਂ ਨਹੀ ਮਿਲ ਰਹੀ?ਇਸ ਤਰ੍ਹਾਂ ਹੋਣ ਨਾਲ ਗਲਤ ਕੰਮ ਕਰਨ ਵਾਲਿਆਂ ਦਾ ਹੌਸਲਾ ਹੋਰ ਵੀ ਵੱਧਦਾ ਹੈ ਅੱਗੇ ਤੋਂ ਉਹ ਹੋਰ ਵੀ ਵੱਡੇ ਪੱਧਰ ਤੇ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ।ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਬੰਦਿਆ ਨਾਲ ਸਖਤੀ ਕੀਤੀ ਜਾਵੇ ਤਾਂ ਅਲੀਗੜ੍ਹ ਵਰਗੀ ਘਟਨਾ ਕਿਸੇ ਹੋਰ ਸੂਬੇ ਵਿਚ ਨਾ ਹੋ ਜਾਵੇ।
ਇਸ ਤਰ੍ਹਾਂ ਦੀ ਸਸਤੀ ਸ਼ਰਾਬ ਦਾ ਇਸਤੇਮਾਲ ਜਿਆਦਾਤਰ ਗਰੀਬ ਤਬਕੇ ਦੇ ਮਜਦੂਰ (ਜੋ ਸਖਤ ਮਿਹਨਤ ਕਰਦੇ ਹਨ)ਹੀ ਕਰਦੇ ਹਨ ਕਿਉਕਿ ਉਨਾਂ ਦੇ ਕੋਲ ਅੰਗਰੇਜ਼ੀ ਮਹਿੰਗੀ ਸ਼ਰਾਬ ਠੇਕਿਆਂ ਤੋਂ ਖਰੀਦਣ ਦੇ ਲਈ ਰੁਪਏ ਨਹੀ ਹੁੰਦੇ।ਉਸ ਸਥਿਤੀ ਵਿਚ ਸਸਤੀ ਸ਼ਰਾਬ ਖਰੀਦ ਕੇ ਪੀਣ ਨਾਲ ਆਪਣੀ ਮੌਤ ਨੂੰ ਸੱਦਾ ਦਿੰਦੇ ਹਨ।ਖੁਲੇਆਮ ਜਹਿਰੀਲੀ ਨਕਲੀ ਸ਼ਰਾਬ ਹੀ ਵੇਚਣੀ ਹੈ ਤਾਂ ਸ਼ਰਾਬ ਦੇ ਠੇਕੇ, ਸ਼ਰਾਬ ਦੀਆਂ ਵੱਡੀਆਂ ਵੱਡੀਆਂ ਦੁਕਾਨਾਂ ਖੋਲਣ ਦਾ ਕੀ ਫਾਇਦਾ।ਜਹਿਰੀਲੀ ਸ਼ਰਾਬ ਵੇਚਣ ਵਾਲਿਆਂ ਨੂੰ ਵੀ ਸ਼ਾਇਦ ਪੀ ਕੇ ਮਰਨ ਵਾਲਿਆਂ ਤੇ ਦਇਆ ਨਹੀ ਆਉਦੀ।ਜੇਕਰ ਸਰਕਾਰਾਂ ਆਪਣੀਆਂ ਦੁਕਾਨਾਂ ਤੇ ਹੀ ਸ਼ਰਾਬ ਸਸਤੀ ਵੇਚਣੀ ਸ਼ੁਰੂ ਕਰ ਦੇਵੇ ਤਾਂ ਨਕਲੀ ਜਹਿਰੀਲੀ ਸ਼ਰਾਬ ਵੇਚਣ ਵਾਲੇ ਆਪਣੇ ਆਪ ਹੀ ਵੇਚਣੀ ਬੰਦ ਕਰ ਦੇਣਗੇ।
ਦੂਸਰੇ ਪਾਸੇ ਸਰਕਾਰ ਦੀਆਂ ਸ਼ਰਾਬ ਦੀਆਂ ਦੁਕਾਨਾਂ ਦੀ ਵਿਕਰੀ ਵੀ ਵਧੇਗੀ।ਦੁਕਾਨਾਂ ਤੇ ਸ਼ਰਾਬ ਵਿਕਰੀ ਜਿਆਦਾ ਹੋਏਗੀ ਤਾਂ ਸਰਕਾਰ ਨੂੰ ਵੀ ਆਮਦਨ ਜਿਆਦਾ ਹੋਵੇਗੀ।ਅੰਕੜਿਆਂ ਦੇ ਹਿਸਾਬ ਨਾਲ ਉਤਰ ਪ੍ਰਦੇਸ ਵਿਚ ਲੱਗਭਗ ਇਕ ਸਾਲ ਦਾ 36 ਹਜਾਰ ਕਰੋੜ ਦਾ ਇਕੱਲੇ ਸ਼ਰਾਬ ਦਾ ਹੀ ਕਾਰੋਬਾਰ ਹੋ ਰਿਹਾ ਹੈ।ਸਾਲ 2018-2019 ਨਾਲ ਤੁਲਨਾ ਕਰੀਏ ਤਾਂ ਸਾਲ 2019-2020 ਵਿਚ ਸ਼ਰਾਬ ਦੇ ਕਾਰੋਬਾਰ ਵਿਚੋਂ ਉਤਰ ਪ੍ਰਦੇਸ ਦੀ ਸਰਕਾਰ ਨੇ 14 ਫੀਸਦੀ ਵੱਧ ਕਮਾਇਆ ਹੈ।ਸੂਬਿਆਂ ਦੀ ਸਰਕਾਰ ਨੂੰ ਦੇਸੀ ਸ਼ਰਾਬ ਦੇ ਕਾਰੋਬਾਰ ਵਿਚ ਵੱਧ ਕਮਾਈ ਹੁੰਦੀ ਹੈ।ਸਾਲ 2021-22 ਵਿਚ ਸਰਕਾਰ ਨੂੰ ਨਵੀ ਪਾਲਸੀ ਦੀ ਵਜ੍ਹਾ ਨਾਲ 6 ਹਜਾਰ ਕਰੋੜ ਵੱਧ ਕਮਾਈ ਹੋਣ ਦੀ ਉਮੀਦ ਹੈ।ਜਹਿਰੀਲੀ ਸ਼ਰਾਬ ਤਿਆਰ ਕਰਨ ਦਾ ਕਾਰੋਬਾਰ ਬੜੇ ਵੱਡੇ ਪੈਮਾਨੇ ਤੇ ਫੈਲਿਆ ਹੋਇਆ ਹੈ।ਇਸ ਕਾਰੋਬਾਰ ਵਿਚ ਲੱਗੇ ਲੋਕ ਕਾਫੀ ਪਹੁੰਚ ਵਾਲੇ ਹਨ।ਸ਼ਰਾਬ ਬਣਾਉਣ ਵਿਚ ਯੂਰੀਆ,ਸੜਿਆ ਗੁੜ,ਸੜੇ ਹੋਏ ਫਲ੍ਹ ਅਤੇ ਈਸਟ ਦਾ ਇਸਤੇਮਾਲ ਹੋ ਰਿਹਾ ਹੈ।
ਇਸ ਕਾਰੋਬਾਰ ਨਾਲ ਜੁੜੇ ਲੋਕ ਮਿਥਾਇਲ ਅਲਕੋ੍ਹਲ ਦਾ ਵੀ ਪ੍ਰਯੋਗ ਕਰ ਸ਼ਰਾਬ ਤਿਆਰ ਕਰ ਰਹੇ ਹਨ,ਜਿਸ ਦੀ ਵਜ੍ਹਾ ਨਾਲ ਸ਼ਰਾਬ ਜਹਿਰੀਲੀ ਹੋ ਜਾਦੀ ਹੈ ਅਤੇ ਲੋਕਾਂ ਦੇ ਸਰੀਰ ਵਿਚ ਜਾਂਦੇ ਹੀ ਰਿਐਕਸ਼ਨ ਸ਼ੁਰੂ ਹੋ ਜਾਂਦਾ ਹੈ।ਜਿਸ ਦੀ ਵਜ੍ਹਾ ਨਾਲ ਸਰੀਰ ਦੇ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ ਤੇ ਪੀਣ ਵਾਲੇ ਦੀਆਂ ਅੱਖਾਂ ਦੀ ਰੌਸ਼ਨੀ ਚਲੇ ਜਾਂਦੀ ਹੈ ਜਾਂ ਫਿਰ ਪੀਣ ਵਾਲੇ ਦੀ ਮੌਤ ਹੋ ਜਾਂਦੀ ਹੈ।ਦਰਆਸਲ ਮਿਥਾਇਲ ਰੰਗ ਬਣਾਉਣ ਲਈ ਵਰਤੀ ਜਾਂਦੀ ਹੈ ਪਰ ਗੈਰਕਨੂੰਨੀ ਕਾਰੋਬਾਰ ਕਰਨ ਵਾਲੇ ਲੋਕ ਆਪਣੀ ਪਹੁੰਚ ਦੇ ਨਾਲ ਮਿਥਾਇਲ ਖਰੀਦ ਲੈਦੇ ਹਨ ਤੇ ਉਸ ਤੋਂ ਸ਼ਰਾਬ ਤਿਆਰ ਕਰਦੇ ਹਨ।ਜਦ ਕਿ ਮਿਥਾਇਲ ਲਾਇਸੈਂਸ ਹੋਲਡਰ ਹੀ ਖਰੀਦ ਤੇ ਵਰਤ ਸਕਦੇ ਹਨ।ਇਥਾਇਲ ਤੇ ਮਿਥਾਇਲ ਦੋ ਤਰ੍ਹਾਂ ਦੇ ਅਲਕੋ੍ਹਲ ਹੁੰਦੇ ਹਨ।ਇਥਾਇਲ ਨਸ਼ਾ ਕਰਦਾ ਹੈ ਤੇ ਮਿਥਾਇਲ ਪੂਰੀ ਤਰ੍ਹਾਂ ਨਾਲ ਜਹਿਰ ਹੈ।ਪਰ ਇਸ ਨਾਲ ਹੀ ਜਹਿਰੀਲੀ ਸ਼ਰਾਬ ਬਣਾ ਕੇ ਵੇਚੀ ਜਾਂਦੀ ਹੈ।ਜਿਸ ਨੂੰ ਪੀਣ ਨਾਲ ਲੋਕਾਂ ਦੀ ਮੌਤ ਹੋ ਜਾਦੀ ਹੈ।
ਸਰਕਾਰ ਨੇ ਪੂਰੀ ਸਖਤੀ ਨਾਲ ਕਿਹਾ ਤਾਂ ਹੈ ਕਿ ਜੋ ਵੀ ਇਸ ਜਹਿਰੀਲੀ ਸ਼ਰਾਬ ਵਿਚ ਸ਼ਾਮਲ ਪਾਇਆ ਗਿਆ ਉਸ ਨੂੰ ਬਖਸ਼ਿਆ ਨਹੀ ਜਾਏਗਾ।ਪੂਰੇ ਸੂਬੇ ਵਿਚ ਇਹ ਅਭਿਆਨ ਚਲਾਉਣ ਦੇ ਹੁਕਮ ਦਿੱਤੇ ਗਏ ਹਨ।ਘਟਨਾ ਨੂੰ ਅੰਜਾਮ ਦੇਣ ਵਿਚ ਮੁੱਖ ਦੋ ਆਦਮੀਆਂ ਦੀ ਭੂਮਿਕਾ ਸਾਹਮਣੇ ਆਈ ਹੈ ਜਿੰਨਾਂ ਵਿਚੋ ਇਕ ਆਦਮੀ ਤੇ ਤਾਂ ਪਹਿਲਾਂ ਹੀ 50 ਹਜ਼ਾਰ ਦਾ ਇਨਾਮ ਰੱਖਿਆ ਗਿਆ ਹੈ।ਸਰਕਾਰ ਦੇ ਹੁਕਮਾਂ ਦੇ ਅਨੁਸਾਰ ਕੁਝ ਅਫਸਰਾਂ ਦੀ ਭੂਮਿਕਾ ਵੀ ਸਾਹਮਣੇ ਆਈ ਹੈ,ਉਹਨਾਂ ਨੂੰ ਨੌਕਰੀ ਤੋਂ ਡਿਸਮਿਸ ਵੀ ਕੀਤਾ ਗਿਆ ਹੈ ਪਰ ਜਿੰਨਾਂ ਲੋਕਾਂ ਦੀ ਮੌਤ ਹੋ ਗਈ ਹੈ ਉਹਨਾਂ ਲੋਕਾਂ ਦੀਆਂ ਜਿੰਦਗੀਆਂ ਤਾਂ ਵਾਪਸ ਨਹੀ ਆ ਸਕਦੀਆਂ।ਹੁਣ ਸਮ੍ਹਾਂ ਹੈ ਜਹਿਰੀਲੀ ਸ਼ਰਾਬ ਬਣਾਉਣ ਵਾਲਿਆਂ ਤੇ ਸਖਤੀ ਨਾਲ ਨਕੇਲ ਕੱਸਣ ਦਾ,ਜਾਂ ਪੂਰਨ ਤੌਰ ਤੇ ਜਹਿਰੀਲੀ ਸ਼ਰਾਬ ਬਣਾਉਣ ਤੇ ਬੈਨ ਲੱਗਣਾ ਚਾਹੀਦਾ ਹੈ।ਦੋਸ਼ੀ ਲੋਕਾਂ ਨੂੰ ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਹੈ,ਤਾਂ ਕਿ ਅੱਗੇ ਤੋਂ ਕੋਈ ਵੀ ਲੋਕਾਂ ਦੀਆਂ ਜਿੰਦਗੀਆਂ ਨਾਲ ਇਸ ਤਰ੍ਹਾਂ ਖਿਲਵਾੜ ਨਾ ਕਰੇ।
ਪੇਸ਼ਕਸ਼:-ਅਮਰਜੀਤ ਚੰਦਰ
ਮੋਬਾਇਲ ਨੰ-9417600014
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly