ਜਲੰਧਰ (ਸਮਾਜ ਵੀਕਲੀ): ਜਲੰਧਰ ਜ਼ਿਲ੍ਹੇ ਦੇ ਕਸਬਾ ਮਲਸੀਆ ਦੇ ਮਨਿੰਦਰ ਸਿੰਘ ਸਿੱਧੂ ਕੈਨੇਡਾ ਵਿੱਚ ਦੂਜੀ ਵਾਰ ਐਮਪੀ ਚੁਣੇ ਗਏ ਹਨ। ਉਨ੍ਹਾਂ ਦੇ ਪਿਤਾ ਨਰਿੰਦਰ ਸਿੰਘ ਸਿੱਧੂ 1981 ਵਿੱਚ ਕੈਨੇਡਾ ਚਲੇ ਗਏ ਸਨ। ਹੁਣ ਉਨ੍ਹਾਂ ਦਾ ਉੱਥੇ ਰੀਅਲ ਅਸਟੇਟ ਦਾ ਵੱਡਾ ਕਾਰੋਬਾਰ ਹੈ। ਮਲਸੀਆ ਵਿੱਚ ਰਹਿੰਦੇ ਉਨ੍ਹਾਂ ਦੇ ਕਰੀਬੀਆਂ ਵਿੱਚੋਂ ਕੁਲਵੰਤ ਸਿੰਘ ਮਲਸੀਆ ਨੇ ਦੱਸਿਆ ਕਿ ਮਨਿੰਦਰ ਦਾ ਜਨਮ ਕੈਨੇਡਾ ਵਿੱਚ ਹੀ ਹੋਇਆ ਸੀ। ਉੱਥੇ ਹੀ ਉਨ੍ਹਾਂ ਉਚੇਰੀ ਪੜ੍ਹਾਈ ਕੀਤੀ ਤੇ ਆਪਣਾ ਕਾਰੋਬਾਰ ਸ਼ੁਰੂ ਕੀਤਾ।
ਮਨਿੰਦਰ ਦੇ ਪਿਤਾ ਨੇ ਸ਼ੁਰੂਆਤੀ ਦਿਨਾਂ ਵਿੱਚ ਉੱਥੇ ਟੈਕਸੀ ਵੀ ਚਲਾਈ ਤੇ ਫਿਰ ਮਿਹਨਤ ਸਦਕਾ ਵੱਡਾ ਕਾਰੋਬਾਰ ਖੜ੍ਹਾ ਕੀਤਾ। ਕੁਲਵੰਤ ਸਿੰਘ ਮਲਸੀਆ ਨੇ ਦੱਸਿਆ ਕਿ ਮਨਿੰਦਰ ਸਿੰਘ ਸਿੱਧੂ ਨੇ ਕੈਨੇਡਾ ਵਿਚ ਸਮਾਜ ਭਲਾਈ ਕਾਰਜਾਂ ਵਿਚ ਹਿੱਸਾ ਲਿਆ ਤੇ ਬਾਅਦ ਵਿੱਚ ਉਹ ਟਰੂਡੋ ਦੀ ਲਿਬਰਲ ਪਾਰਟੀ ਵਿੱਚ ਸ਼ਾਮਲ ਹੋ ਗਿਆ ਕਿਉਂਕਿ ਉਨ੍ਹਾਂ ਦੇ ਤਾਇਆ ਪਰਮ ਸਿੱਧੂ ਲਿਬਰਲ ਪਾਰਟੀ ਨਾਲ ਕਾਫ਼ੀ ਸਮੇਂ ਤੋਂ ਜੁੜੇ ਹੋਏ ਸਨ। ਮਨਿੰਦਰ ਆਪਣੇ ਪਿੰਡ ਵੀ ਅਕਸਰ ਆਉਂਦਾ ਰਹਿੰਦਾ ਸੀ। ਉਸ ਨੇ ਪਹਿਲੀ ਵਾਰ 2019 ਵਿੱਚ ਐਮਪੀ ਦੀ ਚੋਣ ਲੜੀ ਸੀ ਤੇ ਜਿੱਤ ਪ੍ਰਾਪਤ ਕੀਤੀ ਸੀ। ਮਲਸੀਆ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly