ਲੁਧਿਆਣਾ / ਨਕੋਦਰ ( ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਖੇਡ ਜਗਤ ਵਿੱਚ ਇਹ ਖ਼ਬਰ ਬਹੁਤ ਹੀ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਕਿ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਲੁਧਿਆਣਾ ਦੇ ਮੁੱਖ ਗੋਲਕੀਪਰ ਗੁਰਿੰਦਰਪਾਲ ਸਿੰਘ ਵੜੈਚ ਅਤੇ ਉਨ੍ਹਾਂ ਦੇ ਸਤਿਕਾਰ ਯੋਗ ਮਾਤਾ ਸਰਬਜੀਤ ਕੌਰ ਦੀ ਅੱਜ ਸਵੇਰੇ ਜਗਰਾਉਂ ਨੇੜੇ ਇਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ 16 ਅਕਤੂਬਰ ਨੂੰ ਪਿੰਡ ਬੜੈਚ ਵਿਖੇ ਕੀਤਾ ਜਾਵੇਗਾ
ਹਾਕੀ ਖਿਡਾਰੀ ਗੁਰਿੰਦਰਪਾਲ ਸਿੰਘ ਬੜੈਚ ਆਪਣੇ ਮਾਤਾ ਜੀ ਨਾਲ ਮੋਗੇ ਤੋਂ ਇੱਕ ਵਿਆਹ ਦੇ ਸਮਾਗਮ ਤੋਂ ਵਾਪਸ ਆਪਣੇ ਪਿੰਡ ਬੜੈਚ ਵੱਲ ਵਾਪਸ ਆ ਰਿਹਾ ਸੀ ਬੀਤੀ ਰਾਤ 12 ਵਜੇ ਦੇ ਕਰੀਬ ਉਨ੍ਹਾਂ ਦੀ ਕਾਰ ਪ੍ਰਦੇਸੀ ਢਾਬਾ ਜਗਰਾਉਂ ਵਿਖੇ ਸੜਕ ਉੱਤੇ ਖੜ੍ਹੇ ਇੱਕ ਟਰਾਲੇ ਨਾਲ ਟਕਰਾ ਗਈ ਜਿਸ ਨਾਲ ਗੁਰਿੰਦਰਪਾਲ ਸਿੰਘ ਅਤੇ ਉਨ੍ਹਾਂ ਦੀ ਮਾਤਾ ਦੀ ਮੌਕੇ ਤੇ ਹੀ ਮੌਤ ਹੋ ਗਈ ।ਗੁਰਿੰਦਰ ਪਾਲ ਸਿੰਘ ਜੋ ਕਿ 22 ਸਾਲ ਦੀ ਉਮਰ ਦਾ ਖਿਡਾਰੀ ਸੀ ਓੁਹ ਜਰਖੜ ਹਾਕੀ ਅਕੈਡਮੀ ਦੇ ਵਿੱਚ ਪਿਛਲੇ 7 ਸਾਲ ਤੋਂ ਟ੍ਰੇਨਿੰਗ ਲੈ ਰਿਹਾ ਸੀ ।
ਉਹ ਹਾਕੀ ਦਾ ਕੌਮੀ ਪੱਧਰ ਦਾ ਖਿਡਾਰੀ ਸੀ ਉਸਨੇ ਜਰਖੜ ਹਾਕੀ ਅਕੈਡਮੀ ਵੱਲੋਂ ਖੇਡਦਿਆਂ ਸਕੂਲੀ ਮੁਕਾਬਲਿਆਂ ਵਿੱਚ ਸਟੇਟ ਅਤੇ ਕੌਮੀ ਪੱਧਰ ਤੇ ਖੇਡਿਆ ਅਤੇ ਉਸ ਤੋਂ ਬਾਅਦ ਗੁਰੂਸਰ ਕਾਲਜ ਸੁਧਾਰ ਵੱਲੋਂ ਖੇਡਦਿਆਂ ਆਲ ਇੰਡੀਆ ਅੰਤਰ ਯੂਨੀਵਰਸਿਟੀ ਪੱਧਰ ਤੇ ਆਪਣੀ ਖੇਡ ਹੁਨਰ ਦਾ ਵਿਖਾਵਾ ਕੀਤਾ ।
ਪਿਛਲੇ ਸਾਲ 2019 ਵਿੱਚ ਆਲ ਇੰਡੀਆ ਦਸਮੇਸ਼ ਹਾਕਸ ਗੋਲਡ ਕੱਪ ਹਾਕੀ ਟੂਰਨਾਮੈਂਟ ਰੋਪੜ ਵਿਖੇ ਜਰਖੜ ਹਾਕੀ ਅਕੈਡਮੀ ਨੂੰ ਚੈਂਪੀਅਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਕਈ ਸਰਕਾਰੀ ਵਿਭਾਗੀ ਟੀਮਾਂ ਨੂੰ ਹਰਾਉਣ ਤੋਂ ਬਾਅਦ ਉਹ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਬਣਿਆ ਇਸ ਤੋਂ ਇਲਾਵਾ ਹਾਕੀ ਦੇ ਖੇਤਰ ਵਿੱਚ ਉਸ ਦੀਆਂ ਕਾਫੀ ਅਹਿਮ ਪ੍ਰਾਪਤੀਆਂ ਹਨ । ਇਹ ਦੁਖਦਾਈ ਵਕਤ ਜਰਖੜ ਹਾਕੀ ਅਕੈਡਮੀ ਦੇ ਸਮੂਹ ਖਿਡਾਰੀਆਂ ਅਤੇ ਪ੍ਰਬੰਧਕਾਂ ਲਈ ਬਹੁਤ ਅਸਹਿ ਹੈ ।
ਗੁਰਿੰਦਰਪਾਲ ਸਿੰਘ ਬੜੈਚ ਦੇ ਵੱਡੇ ਭਰਾ ਦੀ ਵੀ ਕੁੱਝ ਸਮਾਂ ਪਹਿਲਾਂ ਮੌਤ ਹੋ ਗਈ ਸੀ । ਜਰਖੜ ਹਾਕੀ ਅਕੈਡਮੀ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ,ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ,ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ,ਨਰਾਇਣ ਸਿੰਘ ਗਰੇਵਾਲ ਆਸਟ੍ਰੇਲੀਆ ਤਕਨੀਕੀ ਡਾਇਰੈਕਟਰ , ਸਕੱਤਰ ਜਗਦੀਪ ਸਿੰਘ ਕਾਹਲੋਂ,ਯਾਦਵਿੰਦਰ ਸਿੰਘ ਤੂਰ , ਕੋਚ ਗੁਰਸਤਿੰਦਰ ਸਿੰਘ ਪਰਗਟ ਆਦਿ ਸਮੂਹ ਅਹੁਦੇਦਾਰਾਂ ਅਤੇ ਖਿਡਾਰੀਆਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਹਮਦਰਦੀ ਦਾ ਪ੍ਰਗਟਾਵਾ ਕੀਤਾ