ਲਾਹੌਰ (ਸਮਾਜ ਵੀਕਲੀ) : ਪਾਕਿਸਤਾਨ ਦੀ ਅਤਿਵਾਦ ਵਿਰੋਧੀ ਅਦਾਲਤ ਨੇ ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਹਾਫਿਜ਼ ਸਈਦ ਦੀ ਸਰਪ੍ਰਸਤੀ ਵਾਲੀ ਦਹਿਸ਼ਤੀ ਜਥੇਬੰਦੀ ਜਮਾਤ-ਉਦ-ਦਾਵਾ ਦੇ ਬੁਲਾਰੇ ਯਾਹੀਆ ਮੁਜਾਹਿਦ ਨੂੰ ਅਤਿਵਾਦ ਫੰਡਿੰਗ ਕੇਸ ਵਿੱਚ 32 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਅਦਾਲਤ ਨੇ ਬੁੱਧਵਾਰ ਨੂੰ ਅਤਿਵਾਦੀਆਂ ਨੂੰ ਵਿੱਤੀ ਮਦਦ ਦੇਣ ਨਾਲ ਸਬੰਧਤ ਕੇਸਾਂ ਵਿੱਚ ਸਈਦ ਦੇ ਇਕ ਰਿਸ਼ਤੇਦਾਰ ਸਮੇਤ ਜਮਾਤ-ਉਦ-ਦਾਵਾ ਦੇ ਦੋ ਹੋਰਨਾਂ ਆਗੂਆਂ ਨੂੰ ਦੋਸ਼ੀ ਠਹਿਰਾਇਆ ਸੀ। ਜੱਜ ਇਜਾਜ਼ ਅਹਿਮਦ ਬੁੱਟਰ ਨੇ ਯਾਹੀਆ ਮੁਜਾਹਿਦ ਨੂੰ 32 ਸਾਲ ਕੈਦ ਜਦੋਂਕਿ ਪ੍ਰੋਫੈਸਰ ਜ਼ਫ਼ਰ ਇਕਬਾਲ ਤੇ ਪ੍ਰੋਫੈਸਰ ਹਾਫਿਜ਼ ਅਬਦੁਲ ਰਹਿਮਾਨ ਮੱਕੀ ਨੂੰ ਦੋ ਕੇਸਾਂ ਵਿੱਚ 16 ਸਾਲ ਤੇ ਇਕ ਸਾਲ ਕੈਦ ਦੀ ਸਜ਼ਾ ਸੁਣਾਈ ਹੈ।