(ਸਮਾਜ ਵੀਕਲੀ)
1. ਸੌਖਾ ਨਹੀਂ ਹੁੰਦਾ ਔਰਤ ਅਖਵਾਉਣਾ
ਕਾਸ਼ਨੀ, ਨੀਲੇ ਸੁਪਨਿਆਂ ‘ਤੇ ਕੱਜਲ ਦਾ ਪਰਦਾ ਪਾਉਣਾ ,
ਸੌਖਾ ਨਹੀਂ ਹੁੰਦਾ ਔਰਤ ਅਖਵਾਉਣਾ ।
2. ਦਰਪਣ ਸਾਹਵੇਂ ਬਹਿ ਕੇ ਵੀ ਅਕਸ ਆਪਣਾ ਨਜਰ ਨਹੀਂ ਆਉਂਦਾ ,
ਫਿਟਕਾਰਾਂ ਪਾਵਣ ਉਸ ਮੁੱਖ ‘ਤੇ ਜੋ ਕੰਤ ਆਪਣੇ ਨੂੰ ਨਹੀਂ ਭਾਉਂਦਾ,
ਦਰ ਦਰ ਲੱਭਦੀ ਫਿਰਦੀ ਹਾਂ ਵਜੂਦ ਆਪਣਾ ਨਹੀਂ ਥਿਆਉਂਦਾ ,
ਪਰ ਛਡਿਆ ਨਹੀਂ ਮੈਂ ਤਿਲ-ਤਿਲ ਮਰ-ਮਰ ਜਿਉਣਾ।
ਸੌਖਾ ਨਹੀਂ ਹੁੰਦਾ ਔਰਤ ਅਖਵਾਉਣਾ।
3. ਜਨਮ ਤੋਂ ਪਹਿਲਾਂ ਮੇਰੀ ਜਾਨ ਨੂੰ ਖਤਰਾ ਬਣ ਜਾਂਦਾ ,
ਮੇਰਾ ਅੰਗ-ਅੰਗ ਖਾਂਦਾ ਜੋ ਸੇਕ ਮੈਨੂੰ ਜਣ ਜਾਂਦਾ ,
ਇਸ ਧਰਤੀ ‘ਤੇ ਜਿੰਦ ਮੇਰੀ ਦਾ ਖਿੱਲਰ ਇੱਕ-ਇੱਕ ਕਣ ਜਾਂਦਾ ,
ਪਰ ਹਰ ਯੁਗ, ਹਰ ਕਾਲ ਨੇ ਮੈਨੂੰ ਛੱਡਿਆ ਨਹੀਂ ਅਜਮਾਉਣਾ ।
ਸੌਖਾ ਨਹੀਂ ਹੁੰਦਾ ਔਰਤ ਅਖਵਾਉਣਾ ।
4. ਲੱਜ, ਇੱਜ਼ਤ, ਸ਼ਰਮ, ਪਤ, ਪਰਦਾ ਹੈ ਸਭ ਮੇਰੇ ਹਿੱਸੇ ,
ਕਰਦੇ ਰਹੇ ਮੈਨੂੰ ਬਦਨਾਮ ਤੁਸੀਂ ਸਦਾ ਲਿਖ-ਲਿਖ ਕਿੱਸੇ ,
ਰੂਪ ਮੇਰਾ ਅਸਲ ਜੋ ਕਿਉਂ ਨਾ ਕਿਸੇ ਨੂੰ ਦਿਸੇ ?
ਛੱਡਿਆ ਨਹੀਂ ਮੈ ਕਦੇ ਸੱਚ ਸੁਣਾਉਣਾ।
ਸੌਖਾ ਨਹੀਂ ਹੁੰਦਾ ਔਰਤ ਅਖਵਾਉਣਾ।
5. ਸਭ ਰੋਕਾਂ ਸਭ ਬੰਦਿਸ਼ਾਂ ਹੋਵਣ ਮੇਰੇ ‘ਤੇ ਲਾਗੂ ,
ਬਣ ਨਹੀਂ ਸਕਦੀ ਕਿਉਂ ਮੈਂ ਆਪਣੇ ਜੀਵਨ ਦੀ ਆਗੂ ?
ਰੱਬਾ ਇਹ ਜੋ ਲੇਖ ਸੁੱਤਾ ਦੱਸ ਕਦੋ ਕੁ ਜਾਗੂ ?
ਪਰ ਛੱਡਿਆ ਨਹੀਂ ਮੈਂ ਹਵਾਵਾਂ ਨਾਲ ਟਕਰਾਉਣਾ।
ਸੌਖਾ ਨਹੀਂ ਹੁੰਦਾ ਔਰਤ ਅਖਵਾਉਣਾ।
6. ਕਿਉਂ ਬਣੀ ਨਹੀਂ ਮੈਂ ਮਹਾਨ-ਰਿਸ਼ੀ ਜਾਂ ਮਹਾ-ਗਿਆਨੀ ?
ਆਖਦੇ ਰਹੇ ਯੋਗ-ਪੁਰਸ਼ ਯੁੱਗਾਂ ਤੋਂ ਅਭਿਮਾਨੀ ,
ਮੇਰਾ ਕੰਮ ਕਾਰ ਮਿਥ ਦਿੱਤਾ ਜਨਣੀ ਜਾਂ ਜਨਾਨੀ ,
ਪਰ ਛੱਡਿਆ ਨਹੀ ਮੈਂ ਰੀਤਾਂ ਨੂੰ ਵੰਗਾਰ ਪਾਉਣਾ।
ਸੌਖਾ ਨਹੀਂ ਹੁੰਦਾ ਔਰਤ ਅਖਵਾਉਣਾ।
7. ਉਸਤਤ, ਪੂਜਾ, ਅਰਾਧਨਾ ਮੈਨੂੰ ਰੱਬ ਬਣਾ ਸਭ ਕਰਦੇ ,
ਬਗਾਵਤ ਮੇਰੇ ਹੱਕਾਂ ਲਈ ਫੇਰ ਤੁਸੀ ਕਿਉਂ ਨਹੀਂ ਜਰਦੇ?
ਰਾਹਾਂ ਵਿੱਚ ਮੇਰੇ ਕਦੇ ਕੰਡੇ ਕਦੇ ਤੱਤੇ ਕੋਲੇ ਧਰਦੇ,
ਪਰ ਛੱਡਿਆ ਨਹੀਂ ਮੈਂ ਅਗਨ-ਪ੍ਰੀਖਿਆ ਚੋਂ ਪਾਸ ਹੋਣਾ ।
ਸੌਖਾ ਨਹੀਂ ਹੁੰਦਾ ਔਰਤ ਅਖਵਾਉਣਾ।
8. ਗੁੱਤ ਦੇ ਪਿਛੇ ਹੁੰਦੀ ਜੋ ਔਰਤ ਮੱਤ ਆਖਦੇ ਨੇ,
ਆਪਣੇ ਘਰ ਵਿੱਚ ਜੰਮੀ ਨੂੰ ਕਿਉਂ ਕੰਜਕ ਅਲਾਪਦੇ ਨੇ ?
ਬਚਨ ਓਹਨਾ ਦੇ ਮੂੰਹ ਦੇ ਕਿਉਂ ਨਾ ਸੱਚ ਜਾਪਦੇ ਨੇ?
ਛੱਡਿਆ ਨਹੀਂ ਮੈਂ ਮਾਨਤਾਵਾਂ ਨੂੰ ਗਲਤ ਠਹਿਰਾਉਣਾ ।
ਸੌਖਾ ਨਹੀਂ ਹੁੰਦਾ ਔਰਤ ਅਖਵਾਉਣਾ।
9. ਚੁੱਪ ਕਰ ‘ਗੁਲਾਫਸ਼ਾ’ ਬਹੁਤ ਸੱਚ ਹੁਣ ਤੂੰ ਬੋਲ ਨਾ ,
ਇਸ ਸਭਿਅਕ ਸਮਾਜ ਦੀਆਂ ਉਲਝੀਆਂ ਗੰਢਾਂ ਨੂੰ ਫਰੋਲ ਨਾ ,
ਮਨ ਦੀ ਪੀੜ ਨੂੰ ਕੋਰੇ ਵਰਕਿਆਂ ‘ਤੇ ਖੋਲ੍ਹ ਨਾ ,
ਪਰ ਛੱਡਿਆ ਨਹੀਂ
ਮੈਂ ਨਕਾਬ ਝੂਠ ਤੋਂ ਲਾਹੁਣਾ।
ਸੌਖਾ ਨਹੀਂ ਹੁੰਦਾ ਔਰਤ ਅਖਵਾਉਣਾ।
ਗੁਲਾਫਸਾ ਬੇਗਮ
ਸੁਨਾਮ (ਸੰਗਰੂਰ)