ਬੁੱਧ ਬੋਲ / ਸਾਹਿਤ ਚਿੰਤਨ
(ਸਮਾਜ ਵੀਕਲੀ)- ਅੱਜ ਪੰਜਾਬੀ ਸਾਹਿਤ ਵਿੱਚ ਕਿਤਾਬਾਂ ਛਾਪਣ ਤੇ ਛਪਵਾਉਣ ਦਾ ਰੁਝਾਨ ਵਧਿਆ ਹੈ। ਹਰ ਕੋਈ ਲੇਖਕ ਤੇ ਪ੍ਰਕਾਸ਼ਕ ਬਣ ਰਿਹਾ ਹੈ। ਪ੍ਰਕਾਸ਼ਕ ਕਹਿੰਦੇ ਨੇ ਕਿ ਕਿਤਾਬਾਂ ਵਿਕਦੀਆਂ ਨਹੀਂ, ਪਾਠਕ ਕਹਿੰਦੇ ਨੇ ਖਰੀਦੀਏ ਕੀ ? ਪਰ ਕਾਰੋਬਾਰ ਵਧੀ ਜਾ ਰਿਹਾ ਹੈ।
ਅੱਜ ਕੱਲ੍ਹ ਸਕੂਲਾਂ ਦੇ ਵਿੱਚ ਕਿਤਾਬਾਂ ਦੀ ਗਰਾਂਟ ਆਈ ਹੋਈ ਹੈ। ਪ੍ਰਕਾਸ਼ਕ ਤੇ ਕਿਤਾਬਾਂ ਦੇ ਹੋਲ ਸੇਲਰ ਧੜਾ ਧੜ ਕਿਤਾਬਾਂ ਸਕੂਲਾਂ ਦੇ ਵਿੱਚ ਭੇਜਣ ਲਈ ਲੱਗੇ ਹਨ। ਸਕੂਲਾਂ ਦੇ ਜਾਣ ਵਾਲੀਆਂ ਕਿਤਾਬਾਂ ਦੇ ਵਿੱਚ ਵੱਡੇ ਪ੍ਰਕਾਸ਼ਕਾਂ ਦੀਆਂ ਕਿਤਾਬਾਂ ਦੀ ਗਿਣਤੀ ਵੱਡੀ ਹੈ। ਇਹਨਾਂ ਕਿਤਾਬਾਂ ਦੀ ਵਿਕਰੀ ਪ੍ਰਕਾਸ਼ਕ ਇਕ ਦੂਜੇ ਦੇ ਨਾਲ ਲੱਗੇ ਮੁੱਲ ਦੇ ਅੱਧ ਵਿੱਚ ਸਪਲਾਈ ਕਰਦੇ ਹਨ ਪਰ ਸਕੂਲਾਂ ਨੂੰ 20% ਛੋਟ ਦੇਦੇ ਹਨ ਪਰ। ਬਹੁਤੇ ਸਕੂਲਾਂ ਦੇ ਆਧਿਆਪਕ ਤੇ ਲਾਇਬ੍ਰੇਰੀਅਨ ਇਸ ਦੇ ਵਿੱਚੋਂ ਵੀ 10% ਨਕਦ ਕਮਿਸ਼ਨ ਭਾਲਦੇ ਹਨ।
ਸਾਰੇ ਨੀ ਕੁੱਝ ਸਕੂਲਾਂ ਦੇ ਅਧਿਆਪਕ ਇਸ ਤਰ੍ਹਾਂ ਦਾ ਕਮਿਸ਼ਨ ਲੈ ਕੇ ਸ਼ਾਮ ਰੰਗੀਨ ਕਰਦੇ ਹਨ ਤੇ ਪ੍ਰਕਾਸ਼ਕ ਆਪਣੀ ਮਰਜ਼ੀ ਦੀਆਂ ਕਿਤਾਬਾਂ ਬਿੱਲ ਵਿੱਚ ਪਾ ਕੇ ਆਪੋ ਆਪਣਾ ਕੂੜਾ ਸਾਫ ਕਰਕੇ ਸਕੂਲਾਂ ਦੀਆਂ ਅਲਮਾਰੀਆਂ ਭਰ ਰਹੇ ਹਨ। ਸਕੂਲਾਂ ਦੇ ਵਿੱਚ ਕਿਂਨੇ ਵਿਦਿਆਰਥੀਆਂ ਨੂੰ ਸਾਹਿਤ ਪੜ੍ਹਨ ਲਈ ਪ੍ਰੇਰਿਆ ਜਾਂਦਾ ਹੈ? ਬਹੁਤੇ ਸਕੂਲਾਂ ਦੇ ਸਟਾਫ ਨੂੰ ਤਾਂ ਇਹ ਬੇਲੋੜਾ ਬੋਝ ਲੱਗਦਾ ਹੈ। ਉਹ ਆਖਦੇ ਹਨ ਕਿ ਸਕੂਲਾਂ ਦਾ ਸਿਲੇਬਸ ਤਾਂ ਸਾਰੇ ਸਾਲ ਵਿੱਚ ਪੂਰਾ ਨਹੀਂ ਪੜਇਆ ਜਾਂਦਾ ਉਹ ਸਾਹਿਤ ਕਿਹੜੇ ਵੇਲੇ ਪੜ੍ਹਨ ਤੇ ਪੜ੍ਹਾਉਣ ?
ਮਸਲਾ ਗੰਭੀਰ ਹੈ ਪਰ ਸਿੱਖਿਆ ਸਕੱਤਰ ਆਧਿਆਪਕਾ਼ ਪ੍ਰਸੰਸਾ ਪੱਤਰ ਕਿਸ ਗੱਲ ਦੇ ਜਾਰੀ ਕਰ ਰਿਹਾ ਹੈ। ਹਾਂ ਸਕੂਲਾਂ ਦੀਆਂ ਇਮਾਰਤਾਂ ਜਰੂਰ ਖੂਬਸੂਰਤ ਬਣ ਗਈਆਂ ਹਨ। ਇਮਾਰਤਾਂ ਨੂੰ ਕੀ ਤਲੀ ‘ਤੇ ਰੱਖ ਕੇ ਚੱਟਣਾ ਜੇ ਪੜ੍ਹਨ ਤੇ ਪੜ੍ਹਾਉਣ ਵਾਲੇ ਹੀ ਨਹੀਂ । ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਬੱਚੇ ਤਾਂ ਨਿੱਜੀ ਸਕੂਲਾਂ ਵਿੱਚ ਪੜ੍ਹਨ ਜਾਂਦੇ ਹਨ । ਸਰਕਾਰੀ ਸਕੂਲਾਂ ਦੇ ਵਿੱਚ ਆਰਥਿਕ ਤੌਰ ਤੇ ਗਰੀਬ ਮਾਪਿਆਂ ਦੇ ਬੱਚੇ ਪੜ੍ਹਨ ਜਾਂਦੇ ਹਨ। ਕਿਸੇ ਕੋਲ ਕੋਈ ਵੀ ਇਸ ਗੱਲ ਦਾ ਠੋਸ ਸਬੂਤ ਨਹੀਂ । ਸਭ ਚੱਲ ਰਿਹਾ ਹੈ ਤੇ ਚੱਲੀ ਜਾਣਾ ਹੈ। ਸਿੱਖਿਆ ਮੰਤਰੀ ਹਰ ਵਾਰ ਜਦੋਂ ਤੋਤਾ ਮਾਰਕਾ ਲੱਗੂ ਉਹ ਅੰਬੀਆਂ ਟੁੱਕ ਟੁੱਕ ਕੇ ਹੀ ਸਿੱਟੇਗਾ!
ਇਸ ਬਾਰੇ ਕੋਈ ਵੀ ਗੰਭੀਰ ਨਹੀਂ । ਕਿਤਾਬਾਂ ਦੀਆਂ ਦੁਕਾਨਾਂ ਦੀਵਾਲੀ ਦੇ ਬਜ਼ਾਰ ਵਾਂਗ ਸਜਾਈਆਂ ਹੋਈਆ ਹਨ ਤੇ ਮਾਰੋ ਮਾਰ ਲੱਗੀ ਹੈ । ਸਕੂਲਾਂ ਦੇ ਵਿੱਚ ਚੰਗੀਆਂ ਕਿਤਾਬਾਂ ਦੇ ਨਾਲ ਨਾ ਵਿਕਣ ਵਾਲੀਆਂ ਕਿਤਾਬਾਂ ਵੀ ਜਾ ਰਹੀਆਂ ਹਨ। ਇਹਨਾਂ ਨੂੰ ਚੈਕ ਕੌਣ ਕਰੇਗਾ?
ਸਾਡੀਆਂ ਪੰਜਾਬੀ ਦੀਆਂ ਸਾਹਿਤਕ ਜੱਥੇਬੰਦੀਆਂ ਤਾਂ ਪਹਿਲਾਂ ਹੀ ਅਵੇਸਲੀਆਂ ਹਨ। ਉਨ੍ਹਾਂ ਤੋਂ ਕੀ ਆਸ ਕਰੀਏ ?
ਖੈਰ ਆਪਾਂ ਕੀ ਲੈਣਾ ਦੀ ਪ੍ਰਵਿਰਤੀ ਨੇ ਚਾਰੇ ਪਾਸੇ ਹੀ ਬਣੀ ਹੋਈ ਹੈ। ਜੋ ਭ੍ਰਿਸ਼ਟਾਚਾਰ ਨੂੰ ਵਧਣ ਤੇ ਫੁੱਲਣ ਦਾ ਮੌਕਾ ਦਿੱਤਾ ਹੈ ।
ਕੀ ਬਣੇਗਾ ?
ਇਹ ਵੀ ਨਹੀਂ ਕਿ ਚੰਗਾ ਸਾਹਿਤ ਵਿਕਦਾ ਨਹੀ , ਵਿਕਦਾ ਹੈ। ਪਰ ਉਹ ਸਾਰਾ ਕਲਾਸਿਕ ਹੈ। ਅਜੋਕੇ ਦੌਰ ਵਿੱਚ ਕਵਿਤਾਵਾਂ ਦੀਆਂ ਵੱਡੇ ਪੱਧਰ ਤੇ ਕਿਤਾਬਾਂ ਛਪਵਾਈਆਂ ਜਾ ਰਹੀਆਂ ਹਨ। ਇਹ ਕਿਤਾਬਾਂ ਪੱਲਿਓ ਰੁਪਏ ਖਰਚ ਕੇ ਛਪਵਾਈਆਂ ਤੇ ਵੰਡੀਆਂ ਜਾਂਦੀਆਂ ਹਨ। ਫੇਰ ਕੋਲੋਂ ਪੈਸੇ ਖਰਚ ਕੇ ਵੱਡੇ ਰੀਲੀਜ਼ ਸਮਾਗਮ ਕਰਵਾਏ ਜਾਂਦੇ ਹਨ ।
ਵੱਡੇ ਲੇਖਕ ਪੈਸੇ ਲੈ ਕੇ ਭੂਮਿਕਾਵਾਂ ਲਿਖਦੇ ਤੇ ਪ੍ਰਧਾਨਗੀਆਂ ਕਰਦੇ ਹਨ। ਇਸੇ ਤਰ੍ਹਾਂ ਆਲੋਚਕਾਂ ਵਲੋਂ ਕੀਤਾ ਜਾਂਦਾ ਹੈ। ਬਹੁਤੇ ਲੇਖਕ ਆਪੇ ਟਰਾਫੀਆਂ ਬਣਾ ਕੇ…” ਪੰਜਾਬੀ ਸਾਹਿਤ ਦਾ ਪੁੱਤ/ ਧੀ ” ਦੇ ਪੁਰਸਕਾਰ ਵੱਡੇ ਸਾਹਿਤਕਾਰਾਂ ਦੇ ਹੱਥੋਂ ਲਏ ਜਾਂਦੇ ਹਨ। ਹਰ ਪੁਸਤਕ ਰੀਲੀਜ਼ ਦੇ ਮੌਕੇ ਲੋਈਆਂ, ਹਾਰ ਤੇ ਟਰਾਫੀਆਂ ਕੋਲੋਂ ਬਣਾ ਕਿ ਆਪੇ ਹੀ ਮੁੱਖ ਮਹਿਮਾਨ ਦੇ ਹੱਥੋਂ ਲਈਆਂ ਜਾ ਰਹੀਆਂ ਹਨ। ਕਿਤਾਬਾਂ ਦੀ ਚਰਚਾ ਇਕ ਦਿਨ ਹੁੰਦੀ ਹੈ। ਫੇਰ ਇਹੋ ਜਿਹਾ ਹੀ ਡਰਾਮਾ ਕੋਈ ਹੋਰ ਨਵਾਂ ਤੇ ਪੁਰਾਣਾ ਲੇਖਕ /ਕਵੀ ਕਰਦਾ ਹੈ। ਕਿਤਾਬ ਰੀਲੀਜ਼ ਸਮਾਗਮ ਉਤੇ ਮੋਟੀ ਰਕਮ ਖਰਚ ਕੀਤੀ ਜਾਂਦੀ ਹੈ। ਨਤੀਜਾ ਜ਼ੀਰੋ ਨਿਕਲਦਾ ਹੈ। ਚੰਗੇ ਲੇਖਕਾਂ ਦੀਆਂ ਕਿਤਾਬਾਂ ਛਪਣ ਦੀ ਵਜਾਏ ਲੇਖਕਾਂ ਦੇ ਘਰਾਂ ਵਿੱਚ ਗੁਆਚ ਜਾਂਦੀਆਂ ਹਨ। ਇਹ ਸਿਲਸਿਲਾ ਵੀਹ ਸਾਲ ਤੋਂ ਤੇਜੀ ਨਾਲ ਵੱਧ ਰਿਹਾ ਹੈ। ਕਵਿਤਾਵਾਂ ਦੀਆਂ ਕਿਤਾਬਾਂ ਪੀਠੇ ਨੂੰ ਪੀਠ ਰਹੀਆਂ ਹਨ ਜਿਵੇਂ ਪੀਅੈਚ.ਡੀ. ਦੇ ਥੀਸਿਸਾਂ ਦੇ ਵਿੱਚੋਂ ਜਾਂ ਇੰਟਰਨੈੱਟ ਦੀ ਸਹਾਇਤਾ ਦੇ ਬਣ ਤੇ ਛਪ ਰਹੇ ਹਨ । ਡਿਗਰੀਆਂ ਦਿੱਤੀਆਂ ਜਾ ਰਹੀਆਂ ਹਨ।
ਇਸੇ ਹੀ ਤਰ੍ਹਾਂ ਕਵਿਤਾ ਦੀਆਂ ਕਿਤਾਬਾਂ ਵਿੱਚੋਂ ਕਿਤਾਬਾਂ ਜਨਮ ਲੈ ਰਹੀਆਂ ਹਨ। ਵਿਦੇਸ਼ੀ ਕਵੀਆਂ ਦੀਆਂ ਕਿਤਾਬਾਂ ਲਿਖਣ ਤੇ ਛਾਪਣ ਵਾਲੇ ਦੋਵੇਂ ਹੱਥਾਂ ਦੇ ਨਾਲ ਲੱਡੂ ਛੱਕਦੇ ਹਨ।
ਸਭ ਨੂੰ ਪਤਾ ਹੈ ਕਿਸ ਦੀ ਕਿਤਾਬ ਕਿਸ ਨੇ ਲਿਖੀ ਹੈ ਪਰ ਸਭ ਚੁਪ ਹਨ। ਕਹਿੰਦੇ ਹਨ ” ਇਕ ਚੁਪ ਸੌ ਸੁਖ ।”
ਪਰ ਗੱਲ ਬਹੁਤ ਗੰਭੀਰਤਾ ਵਾਲੀ ਹੈ ਪਰ ਕੋਈ ਵੀ ਗੰਭੀਰ ਨਹੀਂ । ਸਭ ਚੱਲੀ ਜਾ ਰਿਹਾ ਹੈ।
ਹੁਣ ਮੇਰੀ ਖੋਜ ਦੀ ਕਿਤਾਬ ਤਿਆਰ ਹੋਈ ਨੂੰ ਪੰਜ ਸਾਲ ਹੋ ਗਏ ਪਰ ਛਪ ਇਸ ਕਰਕੇ ਨੀ ਸਕੀ ਕਿ ਪ੍ਰਕਾਸ਼ਕ ਦਾ ਢਿੱਡ ਨੀ ਭਰ ਸਕਿਆ । ਹੁਣ ਇਹ ਕਿਤਾਬ ਦੋਸਤਾਂ ਦੇ ਸਹਿਯੋਗ ਨਾਲ ਛਪ ਰਹੀ ਹੈ। ਕਿਤਾਬ ਦਾ ਸਰਵਰਕ ਛਪ ਗਿਆ । ਅੰਦਰਲੇ ਪੇਜ ਛਪ ਰਹੇ ਹਨ। ਕਿਤਾਬ ਤਿਆਰ ਹੋ ਰਹੀ ਹੈ ਕਿਤਾਬ ਦਾ ਜਿਸ ਦਿਨ ਦਾ ਸੋਸ਼ਲ ਮੀਡੀਆ ‘ਤੇ ਟਾਈਟਲ ਪਾਇਆ ਕਿਤਾਬ ਪੜ੍ਹਨ ਵਾਲਿਆਂ ਦੇ ਸੁਨੇਹੇ ਤੇ ਫੋਨ ਆ ਰਹੇ ਹਨ।
ਇਹ ਕਿਤਾਬ ਦੇ ਵਿੱਚ ਵੱਖ- ਵੱਖ ਤਰ੍ਹਾਂ ਦੇ ਖੋਜ ਲੇਖ ਹਨ । ਕਿਤਾਬ ਦਾ ਨਾਮ ” ਪੰਜਾਬੀ ਸਾਹਿਤ ਦਾ ਮਾਫੀਆ “! ਕਿਤਾਬ ਦਾ ਟਾਈਟਲ ਕਵੀ ਤੇ ਚਿਤਰਕਾਰ ਸਵਰਨਜੀਤ ਸਵੀ ਨੇ ਰੂਹਦਾਰੀ ਨਾਲ ਬਣਾਇਆ ਹੈ। ਕਿਤਾਬ ਦੀ ਕੋਈ ਭੂਮਿਕਾ ਕਿਸੇ ਤੋਂ ਲਿਖਵਾਈ ਨਹੀ । ਕੋਈ ਸਿਹਰਾਬੰਦੀ ਨੀ ਕਰਵਾਈ। ਕਿਤਾਬ ਸਿੱਧੀ ਪਾਠਕਾਂ ਦੇ ਨਾਲ ਜੁੜਦੀ ਹੈ।।
ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਪ੍ਰੋਫੈਸਰ ਤੇ ਡੀਨ ਡਾਕਟਰ ਹਰਿਭਜਨ ਸਿੰਘ ਭਾਟੀਆ ਜੀ ਦਾ ਕਿਤਾਬ ਦੇ ਬਾਰੇ ਫੋਨ ਆਇਆ । ਉਨ੍ਹਾਂ ਕਿਤਾਬ ਪੜ੍ਹਨ ਦੀ ਇੱਛਾ ਦੱਸਦਿਆ ਕਿ ਮੈ ਤੇਰੇ ਸਾਰੇ ਹੀ ਲੇਖ ਪੜ੍ਦਾ ਹਾਂ । ਫੇਰ ਉਹਨਾਂ ਨੇ ਅਕਾਦਮਿਕ ਖੇਤਰ ਵਿੱਚ ਆਏ ਨਿਘਾਰ ਬਾਰੇ ਲੰਮੀ ਚਰਚਾ ਕੀਤੀ ।
ਡਾਕਟਰ ਹਰਿਭਜਨ ਸਿੰਘ ਭਾਟੀਆ ਦਾ ਬਹੁਤਾ ਕੰਮ ਮੈਟਾ ਆਲੋਚਨਾ ਦੇ ਉਪਰ ਹੈ। ਦੋ ਦਰਜਨ ਖੋਜ ਕਿਤਾਬਾਂ ਦੇ ਕਰਤਾ ਡਾਕਟਰ ਭਾਟੀਆ ਜੀ ਨੇ ਜੋ ਗੱਲਾਂ ਕੀਤੀਆਂ ਸੁਣ ਕੇ ਪੈਰਾਂ ਦੇ ਹੇਠਾਂ ਮਿੱਟੀ ਨਿਕਲਦੀ ਰਹੀ।
ਵੀਹ ਸਾਲ ਪਹਿਲਾਂ ਡਾਕਟਰ ਸੁਤਿੰਦਰ ਸਿੰਘ ਨੂਰ ਨੇ ਕਿਹਾ ਸੀ ਕਿ ਦੋ ਹਜ਼ਾਰ ਪੀ.ਐਚ.ਡੀ.ਦੇ ਖੋਜ ਪ੍ਰਬੰਧਾਂ ਦੇ ਵਿਚੋਂ ਸੌ ਖੋਜ ਪ੍ਰਬੰਧ ਚੰਗੇ ਹਨ. ਬਾਕੀ ਕੂੜਾ ਹੈ।”
ਪਰ ਇਹ ਸੌ ਥੀਸਿਸ 1980 ਤੱਕ ਦੇ ਹਨ। ਪੰਜਾਬੀ ਦਾ ਪਹਿਲਾ ਥੀਸਿਸ 1925 ਦੇ ਵਿੱਚ ਹੋਇਆ ਸੀ ਤੇ 1980 ਤੋਂ ਬਾਅਦ ਤਾਂ ਖੋਜ ਦੇ ਵਿੱਚ ਨਿਘਾਰ ਹੀ ਆ ਗਿਆ ਤੇ ਦੋ ਹਜ਼ਾਰ ਥੀਸਿਸ ਹੋ ਗਏ। ਇਸ ਸਮੇਂ ਤੱਕ ਖੋਜ ਪ੍ਰਬੰਧ ਚੈਕਿੰਗ ਦੇ ਲਈ ਵਿਦੇਸ਼ ਦੇ ਵਿਦਵਾਨਾਂ ਦੇ ਕੋਲ ਜਾਂਦੇ ਸਨ। ਦੁੱਧ ਤੇ ਪਾਣੀ ਦਾ ਨਿਤਾਰਾ ਕਰਦੇ ਸੀ। ਫੇਰ ਯੂ ਜੀ ਸੀ ਨੇ ਇਹ ਫੈਸਲਾ ਕੀਤਾ ਕਿ ਰਾਜ ਦੇ ਥੀਸਿਸ ਰਾਜ ਵਿੱਚ ਹੀ ਜਾਣਗੇ ਉਸ ਤੋਂ ਬਾਅਦ ਖੋਜ ਦੇ ਵਿੱਚ ਨਿਘਾਰ ਆਉਣ ਲੱਗਿਆ ਜੋ ਹੁਣ ਤੱਕ ਜਾਰੀ ਹੈ। ਹੁਣ ਤੇ ਇਕ ਦੂਜੀ ਯੂਨੀਵਰਸਿਟੀ ਦੇ ਵਿੱਚ ਥੀਸਿਸ ਜਾਂਦੇ ਹਨ। ਜੋ ਇਕ ਦੂਜੇ ਦੀ ਪਿੱਠ ਖੁਰਕ ਰਹੇ ਹਨ।
“ਹੁਣ ਕੌਣ ਆਖੇ ਰਾਣੀਏ ਅੱਗਾ ਢਕ?”
ਖੈਰ ਲੋਕ ਚੁਰਚੁਰਾ ਪੜ੍ਹਨ , ਦੇਖਣ ਤੇ ਸੁਨਣ ਦੇ ਆਦੀ ਹੋ ਗਏ। ਖੋਜ ਤੇ ਗੰਭੀਰ ਵਿਸ਼ਿਆਂ ਤੇ ਕੌਣ ਲਿਖੇ ਤੇ ਪੜ੍ਹਨ ਦੀ ਹਿੰਮਤ ਕਰੇ?
ਇਹ ਸਿਲਸਿਲਾ ਕਦੇ ਬੰਦ ਵੀ ਹੋਵੇਗਾ ?