ਨਵੀਂ ਦਿੱਲੀ (ਸਮਾਜ ਵੀਕਲੀ): ਚੱਕਰਵਾਤੀ ਤੂਫ਼ਾਨ ‘ਤੌਕਤੇ’ ਕਾਰਨ ਚੱਲ ਰਹੀ ਤੇਜ਼ ਹਵਾ ਤੇ ਜ਼ੋਰਦਾਰ ਮੀਂਹ ਕਾਰਨ ਵਾਪਰੇ ਹਾਦਸਿਆਂ ਵਿਚ ਕਰਨਾਟਕ ’ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਤੂਫ਼ਾਨ ਕੇਰਲਾ, ਕਰਨਾਟਕ ਤੇ ਗੋਆ ਦੇ ਤੱਟੀ ਖੇਤਰਾਂ ਨਾਲ ਖਹਿੰਦਾ ਹੋਇਆ ਅੱਜ ਗੁਜਰਾਤ ਤੱਟ ਵੱਲ ਵੱਧ ਗਿਆ ਹੈ। ਮੌਸਮ ਵਿਭਾਗ ਮੁਤਾਬਕ ਤੂਫ਼ਾਨ ਹੋਰ ਖ਼ਤਰਨਾਕ ਰੂਪ ਅਖ਼ਤਿਆਰ ਕਰ ਸਕਦਾ ਹੈ ਤੇ ਸੋਮਵਾਰ ਸ਼ਾਮ ਤੱਕ ਗੁਜਰਾਤ ਤੱਟ ਨਾਲ ਟਕਰਾਏਗਾ। ਗੁਜਰਾਤ ਵਿਚ 1.5 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਤਬਦੀਲ ਕੀਤਾ ਗਿਆ ਹੈ। ਕੇਰਲਾ ਵਿਚ ਭਰਵੇਂ ਮੀਂਹ ਕਾਰਨ ਡੈਮਾਂ ਵਿਚ ਪਾਣੀ ਦਾ ਪੱਧਰ ਕਾਫ਼ੀ ਵਧ ਗਿਆ ਹੈ ਤੇ ਚਿਤਾਵਨੀ ਜਾਰੀ ਕੀਤੀ ਗਈ ਹੈ।
ਕਰਨਾਟਕ ਵਿਚ ਵੱਖ-ਵੱਖ ਹਾਦਸੇ ਉੱਤਰ ਕੰਨੜਾ, ਉਡੁਪੀ, ਚਿੱਕਮਗਲੂਰੂ ਤੇ ਸ਼ਿਵਮੋਗਾ ਜ਼ਿਲ੍ਹਿਆਂ ਵਿਚ ਵਾਪਰੇ ਹਨ। ਗੋਆ, ਮਹਾਰਾਸ਼ਟਰ, ਕਰਨਾਟਕ ਤੇ ਕੇਰਲਾ ਵਿਚ ਬੀਤੇ ਕੱਲ੍ਹ ਤੇ ਅੱਜ ਸਵੇਰ ਭਾਰੀ ਮੀਂਹ ਪਿਆ ਜਿਸ ਕਾਰਨ ਚੱਕਰਵਾਤੀ ਤੂਫਾਨ ਤੌਕਤੇ ਨੇ ਗੁਜਰਾਤ ਵੱਲ ਚਾਲੇ ਪਾ ਦਿੱਤੇ ਹਨ ਤੇ ਇਸ ਦੀ ਰਫਤਾਰ ਲਗਾਤਾਰ ਵਧ ਰਹੀ ਹੈ ਜਿਸ ਕਾਰਨ ਗੁਜਰਾਤ ਵਿਚ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਤੂਫਾਨ ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਸੂਬਿਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਜੋ ਹੁਣ ਵੀ ਜਾਰੀ ਹੈ। ਇਸ ਤੂਫਾਨ ਕਾਰਨ ਮੁੰਬਈ ਵਿਚ ਭਲਕੇ ਟੀਕਾਕਰਨ ਨਹੀਂ ਹੋਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly