ਚੰਡੀਗੜ੍ਹ (ਸਮਾਜ ਵੀਕਲੀ): ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ਵੱਲੋਂ ਸੰਘਰਸ਼ਸ਼ੀਲ ਕਿਸਾਨਾਂ ਨੂੰ ਵਿਚੋਲੇ ਕਹਿਣ ’ਤੇ ਭੜਕੀ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂਆਂ ਅਤੇ ਵਾਲੰਟੀਅਰਾਂ ਨੇ ਅੱਜ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਦਫ਼ਤਰ ਦਾ ਘਿਰਾਓ ਕੀਤਾ। ਇਸ ਦੌਰਾਨ ਪੁਲੀਸ ਤੇ ‘ਆਪ’ ਆਗੂਆਂ ਵਿਚਾਲੇ ਲੰਮਾ ਸਮਾਂ ਧੱਕਾ-ਮੁੱਕੀ ਹੁੰਦੀ ਰਹੀ। ਪੁਲੀਸ ਨੇ ‘ਆਪ’ ਕਾਰਕੁਨਾਂ ’ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਅਤੇ ਲਾਠੀਚਾਰਜ ਕੀਤਾ, ਜਿਸ ਦੌਰਾਨ ਕਈ ਆਗੂ ਜ਼ਖ਼ਮੀ ਹੋ ਗਏ।
ਜ਼ਖ਼ਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚ ‘ਆਪ’ ਦੀ ਮਹਿਲਾ ਵਿੰਗ ਦੀ ਸਾਬਕਾ ਸੂਬਾ ਪ੍ਰਧਾਨ ਰਾਜ ਲਾਲੀ ਗਿੱਲ ਅਤੇ ਅਨੂ ਬੱਬਰ ਮੁਹਾਲੀ ਸਮੇਤ ਕਈ ਹੋਰ ਆਗੂ ਸ਼ਾਮਲ ਹਨ। ਇਸ ਮਗਰੋਂ ਪੁਲੀਸ ਵੱਲੋਂ ਕੇਸ ਦਰਜ ਕਰਕੇ ਦੇਰ ਸ਼ਾਮ ਤੱਕ ਕੁੱਝ ‘ਆਪ’ ਕਾਰਕੁਨਾਂ ਨੂੰ ਥਾਣਾ ਸੈਕਟਰ-39 ਵਿੱਚ ਰੱਖਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਨੱਢਾ ਆਪਣਾ ਬਿਆਨ ਵਾਪਸ ਲੈਣ ਅਤੇ ਕਿਸਾਨਾਂ ਕੋਲੋਂ ਮੁਆਫ਼ੀ ਮੰਗਣ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਨੱਢਾ ਆਪਣਾ ਬਿਆਨ ਵਾਪਸ ਲੈਣ ਅਤੇ ਕਿਸਾਨਾਂ ਕੋਲੋਂ ਮੁਆਫ਼ੀ ਮੰਗਣ।
ਇਸ ਤੋਂ ਪਹਿਲਾਂ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਸੂਬੇ ਦੇ ਹਿੱਤਾਂ ਦੀ ਰੱਖਿਆ ਲਈ ਮੋਦੀ ਸਰਕਾਰ ਵਿਰੁੱਧ ਡਟੇ ਕਿਸਾਨਾਂ ਨੂੰ ਜੇ.ਪੀ ਨੱਢਾ ਵੱਲੋਂ ਦਲਾਲ (ਵਿਚੋਲੇ) ਕਹਿਣਾ ਬੇਹੱਦ ਨਿੰਦਣਯੋਗ ਹੈ। ਨੱਢਾ ਨੂੰ ਇਹ ਬਿਆਨ ਤੁਰੰਤ ਵਾਪਸ ਲੈ ਕੇ ਕਿਸਾਨਾਂ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦਲਾਲੀ ਕਿਸਾਨ ਜਾਂ ਜਥੇਬੰਦੀਆਂ ਵੱਲੋਂ ਨਹੀਂ ਸਗੋਂ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੰਬਾਨੀਆਂ-ਅਡਾਨੀਆਂ ਵਰਗੇ ਕਾਰਪੋਰੇਟ ਘਰਾਣਿਆਂ ਦੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਵਿਚੋਲੇ ਹਨ ਤਾਂ ਕੇਂਦਰ ਨੂੰ ਉਨ੍ਹਾਂ ਦੇ ਸੰਘਰਸ਼ ਤੋਂ ਡਰਦਿਆਂ ਗੱਲਬਾਤ ਲਈ ਸੱਦਾ ਭੇਜਣ ਦੀ ਕੋਈ ਜ਼ਰੂਰਤ ਨਹੀਂ ਸੀ।
ਇਸ ਮੌਕੇ ‘ਆਪ’ ਆਗੂਆਂ ’ਚ ਅਮਰੀਕ ਸਿੰਘ ਬੰਗੜ, ਅੰਮ੍ਰਿਤਪਾਲ ਸਿੰਘ ਬਾਘਾਪੁਰਾਣਾ, ਹਰਭੁਪਿੰਦਰ ਸਿੰਘ ਧਰੌੜ, ਸ਼ਵਿੰਦਰ ਸਿੰਘ ਖਿੰਡਾ ਜ਼ੀਰਾ, ਨਰਿੰਦਰ ਸਿੰਘ ਸ਼ੇਰਗਿੱਲ, ਪਰਮਿੰਦਰ ਗੋਲਡੀ, ਹਰਜੀਤ ਸਿੰਘ ਬੰਟੀ, ਗੁਰਤੇਜ ਪੰਨੂ, ਵਿਨੀਤ ਵਰਮਾ, ਕੁਲਜੀਤ ਸਿੰਘ ਰੰਧਾਵਾ, ਸਵੀਟੀ ਸ਼ਰਮਾ ਤੇ ਹੋਰ ਸ਼ਾਮਲ ਸਨ।