HOME “ਚੰਗੀ ਸਿਹਤ ਮਨੁੱਖ, ਸਮਾਜ ਅਤੇ ਦੇਸ਼ ਲਈ ਅਮੁੱਲ ਖਜ਼ਾਨਾ”

“ਚੰਗੀ ਸਿਹਤ ਮਨੁੱਖ, ਸਮਾਜ ਅਤੇ ਦੇਸ਼ ਲਈ ਅਮੁੱਲ ਖਜ਼ਾਨਾ”

10
(ਸਮਾਜ ਵੀਕਲੀ)  ਵਿਸ਼ਵ ਸਿਹਤ ਦਿਵਸ ਦੀ ਸ਼ੁਰੂਆਤ 7 ਅਪ੍ਰੈਲ, 1948 ਨੂੰ ਵਿਸ਼ਵ ਸਿਹਤ ਸੰਗਠਨ ਦੁਆਰਾ ਕੀਤੀ ਗਈ ਸੀ, ਇਸੇ ਲਈ ਪੂਰੀ ਦੁਨੀਆਂ ਵਿੱਚ ਵਿਸ਼ਵ ਸਿਹਤ ਦਿਵਸ ਹਰ ਸਾਲ 7 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਜਿਸਦਾ ਦਾ ਮਕਸਦ ਲੋਕਾਂ ਨੂੰ ਲਾਇਲਾਜ ਬਿਮਾਰੀਆਂ ਨਾਲ ਨਜਿੱਠਣ ਲਈ ਜਾਗਰੂਕ ਕੀਤਾ ਜਾਂਣਾ ਹੈ ਅਤੇ ਇਸ ਦਿਨ ਹੋਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਕਿਵੇਂ ਬਚਿਆ ਜਾਵੇ ਇਸ ਬਾਰੇ ਵੀ ਬਹੁਤ ਸਾਰੇ ਸੈਮੀਨਾਰ ਆਦਿ ਕਰਵਾਏ ਜਾਂਦੇ ਹਨ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਸ ਦਿਨ ਚੰਗੀ ਸਿਹਤ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਕਹਿੰਦੇ ਹਨ ਕਿ ਇਨਸਾਨ ਖੁਦ ਤੰਦਰੁਸਤ ਹੈ ਤਾਂ ਉਸਦਾ ਪਰਿਵਾਰ ਤੰਦਰੁਸਤ ਰਹੇਗਾ ਪਰਿਵਾਰ ਤੰਦਰੁਸਤ ਹੈ ਤਾਂ ਸਮਾਜ ਤੰਦਰੁਸਤ ਰਹੇਗਾ ਜੇਕਰ ਸਮਾਜ ਤੰਦਰੁਸਤ ਹੋਵੇਗਾ ਤਾਂ ਉਥੋਂ ਦਾ ਮੁਲਕ ਵੀ ਖ਼ੁਸ਼ਹਾਲ ਅਤੇ ਤੰਦਰੁਸਤ ਰਹੇਗਾ। ਇਹ ਕਹਿਣਾ ਆਸਾਨ ਹੈ ਪਰ ਕਿਸੇ ਪ੍ਰਦੂਸ਼ਣ ਭਰਭੂਰ ਸ਼ਹਿਰ ਅਤੇ ਦੇਸ਼ ਵਿੱਚ ਅਪਣੇ ਆਪ ਨੂੰ ਪੂਰੀ ਤਰ੍ਹਾਂ ਤੰਦਰੁਸਤ ਰੱਖਣਾ ਇਨ੍ਹਾਂ ਆਸਾਨ ਨਹੀਂ ਜਿਨ੍ਹਾਂ ਅਸੀਂ ਸੋਚਦੇ ਹਾਂ। ਜਪਾਨ, ਨਾਰਵੇ, ਸਪੇਨ, ਸਿੰਘਾਪੁਰ, ਅਤੇ ਸਵਿਟਜ਼ਰਲੈਂਡ ਆਦਿ ਦੇਸ਼ ਦੁਨੀਆਂ ਦੇ ਬੇਹਤਰੀਨ ਖ਼ੁਸ਼ਹਾਲ ਅਤੇ ਸਿਹਤਮੰਦ ਦੇਸ਼ ਗਿਣੇ ਜਾਂਦੇ ਹਨ ਜਿਸ ਦਾ ਵੱਡਾ ਕਾਰਨ ਉਥੋ ਦਾ ਜਲਵਾਯੂ, ਖਾਣਪੀਣ, ਪ੍ਰਦੂਸ਼ਣ ਰਹਿਤ ਹਵਾ,ਪਾਣੀ ਅਤੇ ਉਥੋਂ ਦੇ ਚੰਗੇ ਸਿਹਤ ਅਤੇ ਰਾਜਨੀਤਕ ਸਿਸਟਮ ਨੂੰ ਮੰਨਿਆ ਗਿਆ ਹੈ। ਉਥੋਂ ਦੀ ਵਿਕਾਸਸ਼ੀਲਤਾ ਅਤੇ ਖੁਸ਼ਹਾਲੀ ਦਾ ਕਾਰਨ ਵੀ ਤੰਦਰੁਸਤ ਲੋਕ,ਸਮਾਜ ਅਤੇ ਤੰਦਰੁਸਤ ਦੇਸ਼ ਨੂੰ ਮੰਨਿਆ ਗਿਆ ਹੈ। ਜੇਕਰ ਦੇਖਿਆ ਜਾਵੇ ਤਾਂ ਸਿਹਤ ਹਰ ਮਨੁੱਖ ਦੀ ਜ਼ਿੰਦਗੀ ਵਿਚ ਇੱਕ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦੀ ਹੈ ਜੇਕਰ ਸਾਡੀ ਸਿਹਤ ਹੀ ਠੀਕ ਨਹੀਂ ਤਾਂ ਧੰਨ ਦੌਲਤ ਅਤੇ ਅਮੀਰੀ ਸਾਡੇ ਲਈ ਕੋਈ ਵੀ ਮਾਇਨੇ ਨਹੀਂ ਰੱਖਦੀ ਭਾਰਤ ਵਿੱਚ ਅੱਜ ਤੋਂ ਤਕਰੀਬਨ 40 ਕੁ ਸਾਲ ਪਹਿਲਾਂ ਲੋਕੀ ਅੱਜ ਨਾਲੋਂ ਜ਼ਿਆਦਾ ਤੰਦਰੁਸਤ ਰਹਿੰਦੇ ਸਨ ਉਨ੍ਹਾਂ ਦੀ ਤੰਦਰੁਸਤੀ ਦਾ ਰਾਜ਼ ਮਾਨਸਿਕ ਤਨਾਅ ਦਾ ਘੱਟ ਹੋਣਾ, ਦੇਸ਼ੀ ਖਾਣਾ ਪੀਣਾ, ਸਰੀਰਕ ਖੇਡਾਂ ਆਦਿ ਸੀ ਹੁਣ ਬਹੁਤ ਕੁਝ ਬਦਲ ਚੁੱਕਾ ਹੈ ਬੱਚੇ ਦੇਸ਼ੀ ਖਾਣ ਪੀਣ ਛੱਡ ਕੇ ਫਾਸਟ ਫੂਡ ਵੱਲ ਨੂੰ ਤੁਰ ਪਏ ਹਨ ਅਤੇ ਸਰੀਰਕ ਖੇਡਾਂ ਛੱਡ ਕੇ ਕੰਪਿਉਟਰ ਗੇਮਾਂ ਖੇਡਣ ਦੇ ਸ਼ੌਕੀਨ ਬਣ ਚੁੱਕੇ ਹਨ ਸਰੀਰਕ ਕੰਮ ਬਹੁਤ ਘੱਟ ਚੁੱਕਾ ਹੈ ਹਰ ਇੱਕ ਚੀਜ਼ ਮਿਲਾਵਟ ਵਾਲੀ ਮਿਲ ਰਹੀ ਹੈ ਪ੍ਰਦੂਸ਼ਣ ਪਹਿਲਾਂ ਨਾਲੋਂ ਕਈ ਗੁਣਾ ਵੱਧ ਚੁੱਕਾ ਹੈ ਸ਼ਾਇਦ ਇਹੀ ਕਾਰਨ ਹੈ ਕਿ ਅੱਜ ਲੋਕ ਪਹਿਲਾਂ ਵਾਂਗ ਤੰਦਰੁਸਤ ਅਤੇ ਖੁਸ਼ਹਾਲ ਨਹੀਂ ਹਨ ਹੁਣ ਲੋਕ ਸਿਰਫ ਘਰਾਂ ਦੀ ਚਾਰਦੀਵਾਰੀ ਵਿਚ ਮੋਬਾਈਲ ਦੇ ਗੁਲਾਮ ਬਣ ਕੇ ਰਹਿ ਗਏ ਹਨ ਇੰਜ ਲਗਦਾ ਹੈ ਕਿ ਪਹਿਲਾਂ ਵਰਗਾ ਆਪਣਾਪਣ, ਖੁਲਾਪਣ ਅਤੇ ਭਾਈਚਾਰਾ ਕਿਧਰੇ ਗੁਆਚ ਗਿਆ ਹੈ ਹੁਣ ਪਹਿਲਾਂ ਵਰਗੀ ਜੀਵਨ ਸ਼ੈਲੀ ਨਹੀਂ ਰਹੀ ਸਾਇਦ ਇਹੀ ਕਾਰਨ ਹੈ ਕਿ ਹੁਣ ਹਰ ਵਿਅਕਤੀ ਬੀ.ਪੀ. ਸ਼ੂਗਰ, ਕੈਂਸਰ, ਵਰਗੀਆਂ ਬਿਮਾਰੀਆਂ ਨਾਲ ਜੂਝ ਰਿਹਾ ਹੈ ਕਿਸੇ ਸਮੇਂ ਖੇਡਾ ਦੇ ਵਿੱਚ ਜਿੱਥੇ ਸਾਡੀ ਜਵਾਨੀ ਕਬੱਡੀ, ਕੁਸ਼ਤੀ ਦੇ ਅਖਾੜਿਆਂ ਦਾ ਸਿੰਗਾਰ ਸੀ। ਅੱਜ ਇਲੈਕਟ੍ਰੋਨਿਕ ਮੀਡੀਆ ਨੇ ਸਭ ਬਦਲ ਦਿੱਤਾ ਹੈ । ਬੱਚੇ ਵੀਡੀਓ ਗੇਮਸ, ਮੋਬਾਇਲ ’ਚ ਗੇਮਸ  ਤੇ ਕੰਪਿਊਟਰ ਦਾ ਹਿੱਸਾ ਬਣ ਰਹਿ ਗਏ ਹਨ। ਸੈਲਫੀਆ ਖਿੱਚਦਾ ਬੰਦਾ ਸਿਰਫ਼ ਇੱਕਲੇ ਹੋਣ ਤੇ ਸਿਹਤਮੰਦ ਨਾ ਹੋਣ ਦੀ ਨਿਸ਼ਾਨੀ ਦਾ ਪ੍ਰਤੀਕ ਹੈ। ਧੰਨ ਸਨ ਉਹ ਸਾਡੀਆਂ ਮਾਵਾਂ, ਦਾਦੀਆਂ ਤੇ ਨਾਨੀਆਂ ਜੋ ਵੱਡੇ ਵੱਡੇ ਟੱਬਰਾਂ ਨੂੰ ਪਾਲਦੀਆਂ ਹੋਈਆਂ ਵੀ ਤੰਦਰੁਸਤ ਰਹਿਦੀਆਂ ਸਨ ਅਤੇ ਉਨ੍ਹਾਂ ਦੀ ਤੰਦਰੁਸਤੀ ਦਾ ਵੱਡਾ ਰਾਜ਼ ਹੱਥੀ ਕੰਮ ਕਰਨਾ ਸੀ ਤੇ ਉਹ ਨਰਮਾ ਕਪਾਹ ਦੀਆਂ ਛਿਟੀਆਂ ਤੇ ਪਾਥੀਆਂ ਦੀ ਅੱਗ ਤੇ ਹੀ ਵੀਹ ਵੀਹ ਬੰਦਿਆਂ ਦੀ ਰੋਟੀ ਬਣਾ ਲੈਂਦੀਆਂ ਸਨ ਪ੍ਰੰਤੂ ਅੱਜ ਕੱਲ੍ਹ ਦੀਆ ਬੀਬੀਆ ਇੱਕ ਦੋ ਜੀਆ ਦੀ ਰੋਟੀ ਗੈਸ ਤੇ ਬਣਾਉਣ ’ਚ ਵੀ ਆਨਾ-ਕਾਨੀ ਕਰਦੀਆਂ ਹਨ। ਅੱਜ ਸਾਡੇ ਘਰਾਂ ਤੋਂ ਲੋਂਗ, ਲਾਚੀ, ਸੁੰਢ ਅਜਵਾਇਣ, ਗੁੰਮ ਹੋ ਰਹੇ ਹਨ। ਉਹਨਾਂ ਦੀ ਥਾਂ ਕਫ ਕਰੋਸੀਨ, ਡਿਸਪਰੀਨ, ਆਦਿ ਦਵਾਈਆਂ ਦੇਖੀਆਂ ਜਾ ਸਕਦੀਆਂ ਹਨ ਜੋ ਕਿ ਮਾੜੀ ਸਿਹਤ ਦਾ ਸੰਕੇਤ ਦਿੰਦੀਆਂ ਹਨ। ਅੱਜ ਦੇ ਮਰਦ ਸਮਾਜ ਨੇ ਵੀ ਹੱਥੀ ਕੰਮ ਕਰਨਾ ਘੱਟ ਕਰ ਦਿੱਤਾ ਹੈ ਤੇ ਲੱਗਭਗ ਮਸ਼ੀਨਰੀਆਂ ਤੇ ਨਿਰਭਰ ਹੋ ਚੁੱਕਾ ਹੈ ਤੇ ਦੁਜੇ ਪਾਸੇ ਦੁੱਧ, ਫਲ, ਸਬਜ਼ੀਆਂ ਦਾ ਉਤਪਾਦਨ ਘਟਦਾ ਜਾ ਰਿਹਾ ਹੈ ਅਤੇ ਮੰਗ ਵੱਧ ਰਹੀ ਹੈ ਜਿਸ ਕਰਕੇ ਨਕਲੀ ਦੁੱਧ ਘਿਓ ਅਤੇ ਟੀਕੇ ਅਤੇ ਦਵਾਈਆਂ ਵਾਲੀਆਂ ਫ਼ਸਲਾ ਤਿਆਰ ਕਰ ਸਿਹਤ ਨਾਲ ਸਿੱਧਾ ਖਿਲਵਾੜ ਹੋ ਰਿਹਾ ਹੈ । ਚੰਗੀ ਸਿਹਤ ਤੇ ਖੁਰਾਕ ਦੀ ਥਾਂ ਸ਼ੋਸ਼ੇਬਾਜ਼ੀ ਦੀ ਲਪਟ-ਝਪਟ ਤੇ ਹਾਰ-ਸਿੰਗਾਰ ਪੱਛਮੀ ਪਹਿਰਾਵੇ ਨੇ ਸਾਨੂੰ ਆਲਸੀ ਰਹਿਣ ਤੱਕ ਸੀਮਤ ਕਰ ਦਿੱਤਾ ਹੈ । ਜੇਕਰ ਅਸੀਂ ਆਪਣੇ ਆਪ, ਪਰਿਵਾਰ, ਸਮਾਜ ਅਤੇ ਦੇਸ਼ ਦੇ ਵਿਕਾਸ ‘ਚ ਵਾਧਾ ਕਰਨਾ ਹੈ ਤਾਂ ਸਭ ਤੋਂ ਪਹਿਲਾ ਚੰਗੀ ਸਿਹਤ , ਤੰਦਰੁਸਤੀ ਅਤੇ ਮਾਨਸਿਕ ਤੌਰ ‘ਤੇ ਖੁੱਲਾ ਪਣ ਲਿਆਉਣਾ ਬਹੁਤ ਜਰੂਰੀ ਹੈ ਤਾਂ ਹੀ ਸਾਡੀ, ਸਮਾਜ ਅਤੇ ਦੇਸ਼ ਦੀ ਖੁਸ਼ਹਾਲੀ ਦੀ ਰਫ਼ਤਾਰ ’ਚ ਨਿਖ਼ਾਰ ਆਵੇਗਾ। ਬੇਸ਼ੱਕ ਹੁਣ ਪਹਿਲਾਂ ਵਾਲਾ ਵਕਤ ਤਾਂ ਨਹੀਂ ਆ ਸਕਦਾ ਪਰ ਫਿਰ ਵੀ ਅਸੀਂ ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਹਾਂ ਜਿਸ ਵਿੱਚ ਨੀਂਦ ਦਾ ਇੱਕ ਮਹੱਤਵਪੂਰਨ ਸਥਾਨ ਹੈ ਹਰ ਸਰੀਰ ਲੋੜ ਅਨੁਸਾਰ ਨੀਂਦ ਮੰਗਦਾ ਹੈ । ਕਸਰਤ, ਯੋਗਾ, ਅਤੇ ਸ਼ੈਰ ਵੀ ਸਰੀਰ ਲਈ ਜ਼ਰੂਰੀ ਹੈ। ਸਾਦਾ ਖਾਣ ਪੀਣ, ਨਸ਼ਿਆਂ ਤੋਂ ਦੂਰ ਰਹਿਣਾ, ਹੱਸਣਾ, ਖੇਡਣਾ ਖੁਸ਼ ਰਹਿਣਾ ਵੀ ਤੰਦਰੁਸਤ ਸਰੀਰ ਲਈ ਜ਼ਰੂਰੀ ਹਨ। ਵੱਡੀ ਉਮਰ ਦੇ ਲੋਕਾਂ ਨੂੰ ਸਮੇਂ ਸਮੇਂ ਸਿਰ ਸਰੀਰ ਦੇ ਟੈਸਟ ਕਰਵਾਉਂਦੇ ਰਹਿਣਾ ਚਾਹੀਦਾ ਹੈ । ਦੇਸ਼ ਅਤੇ ਸੂਬੇ ਦੇ ਲੋਕਾਂ ਦੀ ਚੰਗੀ ਅਤੇ ਨਰੋਈ ਸਿਹਤ ਲਈ ਸਰਕਾਰਾ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ। ਸਰਕਾਰਾਂ ਹਵਾ ਅਤੇ ਪਾਣੀ ਪ੍ਰਦੂਸ਼ਣ ਨੂੰ ਘਟਾਉਣ ਲਈ ਅਹਿਮ ਭੂਮਿਕਾ ਨਿਭਾਅ ਸਕਦੀਆਂ ਹਨ ਅਤੇ ਮਿਲਾਵਟਖੋਰੀ ਨੂੰ ਵੀ ਠੱਲ੍ਹ ਪਾਈ ਜਾ ਸਕਦੀ ਹੈ। ਚੰਗੇ ਅਤੇ ਸਸਤੇ ਸਿਹਤ ਸਿਸਟਮ ਦਾ ਨਿਰਮਾਣ  ਕਰਨਾ ਵੀ ਸਰਕਾਰਾ ਲਈ ਕੋਈ ਔਖਾ ਕੰਮ ਨਹੀਂ ਹੈ। ਬਿਮਾਰੀਆਂ ਚੰਗੇ ਚੰਗੇ ਘਰਾਂ ਨੂੰ ਬਰਬਾਦ ਕਰ ਦਿੰਦੀਆਂ ਹਨ ਇਸੇ ਲਈ ਸਿਆਣੇ ਕਹਿੰਦੇ ਹਨ ਕਿ ਸਿਹਤ ਹੈ ਤਾਂ ਸਭ ਕੁਝ ਹੈ। ਗੁਰਦਾਸ ਮਾਨ ਨੇ ਵੀ ਸਿਹਤ ਬਾਰੇ ਬੜਾ ਵਧੀਆ ਲਿਖਿਆ ਹੈ।
ਬਾਕੀ ਦੇ ਕੰਮ ਬਾਅਦ ਚ, ਪਹਿਲਾਂ ਸਿਹਤ ਜ਼ਰੂਰੀ ਏ,
ਸੈਰ ਸਪਾਟਾ ਯੋਗਾ ਤੁਹਾਡੀ ਮਰਜੀ ਏ,
ਰੋਣੀ ਸੂਰਤ ਵਾਲਿਆਂ ਤੋਂ ਮੈਨੂੰ ਬੜੀ ਅਲਰਜੀ ਏ,
ਹੱਸਣ ਵਾਲੇ ਚਾਹੂੰ ਬੰਦਿਆਂ ਨੂੰ ਹੋਰ ਹਸਾ ਜਾਂਦੇ
ਰੋਣੀ ਸੂਰਤ ਵਾਲੇ ਘਰ ਵਿੱਚ ਸੁਸਤੀ ਪਾ ਜਾਂਦੇ
ਕਈਆ ਦੇ ਮੂੰਹ ਲਿਖਿਆ ਹੁੰਦਾ ਵੈਰੀ ਸੌਰੀ ਏ
ਬਾਕੀ ਦੇ ਕੰਮ ਬਾਅਦ ਚ, ਪਹਿਲਾਂ ਸਿਹਤ  ਏ ਜ਼ਰੂਰੀ ਏ,
ਕੁਲਦੀਪ ਸਿੰਘ ਸਾਹਿਲ
9417990040
ਸਿਰਨਾਵਾਂ:- # 16, ਏ ਫੋਕਲ ਪੁਆਇੰਟ ਰਾਜਪੁਰਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj 
Previous articleਪਨੂੰ ਅੱਤਵਾਦੀ ਵੱਲੋਂ ਬਸਪਾ ਪੰਜਾਬ ਪ੍ਰਧਾਨ ਕਰੀਮਪੁਰੀ ਨੂੰ ਮਾਰਨ ਦੀ ਧਮਕੀ ਦੇਣ ਦਾ ਅਸਲ ਸੱਚ ਕੀ ਹੈ
Next article* ਸ਼ਬਦਾਂ (Words) ਦੀ ਪਾਵਰ ਕਿਵੇਂ ਮਾਈਂਡਸੈੱਟ ਬਦਲ ਦਿੰਦੀ ਹੈ?