ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਠਿੰਡਾ ਰੈਲੀ ਵਿੱਚ ਕੇਂਦਰ ਵਿੱਚ ਮਜ਼ਬੂਤ ਸਰਕਾਰ ਬਣਾਉਣ ਦਾ ਸੱਦਾ ਦਿੰਦੇ ਹੋਏ ਪੰਜਾਬ ਅਤੇ ਖਾਸ ਤੌਰ ’ਤੇ ਸਿੱਖ ਜਗਤ ਦੀ ਭਾਵੁਕ ਰਗ ਨੂੰ ਛੇੜਿਆ। ਪ੍ਰਧਾਨ ਮੰਤਰੀ ਨੇ ਚੋਣ ਰੈਲੀ ਵਿੱਚ ’84 ਦੇ ਦੰਗਿਆਂ ਲਈ ਕਾਂਗਰਸ ਨੂੰ ਰੱਜ ਕੇ ਭੰਡਿਆ। ਉਨ੍ਹਾਂ ਕਿਹਾ ਕਿ ‘ਚੌਕੀਦਾਰ’ ਨੇ ’84 ਦੇ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਸਿੱਖ ਕੌਮ ਨੂੰ ਇਨਸਾਫ ਦਿਵਾਇਆ ਜਦੋਂਕਿ ਨਾਮਦਾਰ (ਰਾਹੁਲ ਗਾਂਧੀ) ਨੇ ਸਿਰਫ਼ ਦਿਖਾਵਾ ਕਰ ਛੱਡਿਆ। ਉਨ੍ਹਾਂ ਕਿਹਾ ਕਿ ਹੁਣ ਨਾਮਦਾਰ ਦੇ ਸਿਆਸੀ ਗੁਰੂ ਸੈਮ ਪਿਤਰੋਦਾ ਨੇ ’84 ਦੇ ਦੰਗਿਆਂ ਬਾਰੇ ‘ਜੋ ਹੂਆ ਤੋ ਹੂਆ’ ਆਖ ਕੇ ਘਰ ਦਾ ਭੇਤ ਜਨਤਕ ਤੌਰ ’ਤੇ ਖੋਲ੍ਹ ਦਿੱਤਾ ਹੈ। ਹੁਣ ਨਾਮਦਾਰ ਪਿਤਰੋਦਾ ਨੂੰ ਮਹਿਜ਼ ਡਾਂਟਣ ਦਾ ਵਿਖਾਵਾ ਕਰ ਰਹੇ ਹਨ। ਸ੍ਰੀ ਮੋਦੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੀ ਬਠਿੰਡਾ ਸੰਸਦੀ ਹਲਕੇ ਤੋਂ ਉਮੀਦਵਾਰ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਹਮਾਇਤ ਵਿੱਚ ਬਠਿੰਡਾ ਥਰਮਲ ਦੇ ਸਟੇਡੀਅਮ ਵਿੱਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲਾਂਕਿ ਮੌਸਮ ਦੀ ਖਰਾਬੀ ਕਰਕੇ ਕਾਹਲ ਦਿਖਾਈ। ਉਹ ਕਰੀਬ ਪੌਣੇ ਛੇ ਵਜੇ ਸਟੇਜ ’ਤੇ ਪੁੱਜੇ ਅਤੇ 17 ਮਿੰਟ ਦਾ ਭਾਸ਼ਨ ਦੇ ਕੇ ਤੁਰਦੇ ਬਣੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਮ ਪਿਤਰੋਦਾ ਦਾ ਬਿਆਨ ਕਾਂਗਰਸ ਦੀ ਸੋਚ ਤੇ ਹੰਕਾਰ ਨੂੰ ਦਰਸਾਉਂਦਾ ਹੈ। ਕਾਂਗਰਸ ਦੀਆਂ ਕਰਤੂਤਾਂ ਕਰਕੇ ਦੰਗਾ ਪੀੜਤਾਂ ਨੂੰ ਨਿਆਂ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਮਹਿਜ਼ ਕਮੇਟੀਆਂ ਤੇ ਕਮਿਸ਼ਨ ਬਣਾ ਕੇ ਇਸ ਪੂਰੇ ਮਾਮਲੇ ਨੂੰ ਰਫਾ ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ। ਨਾਮਦਾਰ ਨੇ ਹੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰਦਿਆਂ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਲਾਇਆ ਜਦੋਂ ਕਿ ਪਹਿਲਾਂ ਉਸ ਨੂੰ ਪੰਜਾਬ ਕਾਂਗਰਸ ਦੀ ਇੰਚਾਰਜੀ ਤੋਂ ਹਟਾਉਣ ਦਾ ਡਰਾਮਾ ਕੀਤਾ ਗਿਆ। ਸ੍ਰੀ ਮੋਦੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ’84 ਦੇ ਮਾਮਲੇ ਵਿਚ ਇਨਸਾਫ ਦੇ ਕੇ ਪੰਜ ਸਾਲ ਪਹਿਲਾਂ ਕੀਤਾ ਵਾਅਦਾ ਪੂਰਾ ਕੀਤਾ ਹੈ। ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਜ਼ਿਆਦਾ ਸਮਾਂ ਬਾਹਰ ਨਹੀਂ ਰਹਿਣ ਦਿਆਂਗੇ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਨੂੰ ਦੇਸ਼ ਵੰਡ ਮੌਕੇ ਪਾਕਿਸਤਾਨ ਵਿੱਚ ਜਾਣ ਦੇਣਾ, ਕਾਂਗਰਸ ਦੀ ਸਿੱਖ ਆਸਥਾ ਪ੍ਰਤੀ ਅਸੰਵੇਦਨਸ਼ੀਲਤਾ ਦਾ ਪ੍ਰਤੱਖ ਪ੍ਰਮਾਣ ਹੈ। ਐਨਡੀਏ ਸਰਕਾਰ ਅੱਜ ਕਰਤਾਰਪੁਰ ਕੌਰੀਡੋਰ ਬਣਾ ਰਹੀ ਹੈ, ਪਰ ਕਾਂਗਰਸੀ ਪਾਕਿਸਤਾਨ ਦੇ ਗੁਣਗਾਣ ਗਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਨਾਲ ਵੀ ਠੱਗੀ ਕੀਤੀ। ਕਰਜ਼ਾ ਮੁਆਫੀ ਦਾ ਢੰਡੋਰਾ ਹਰ 10 ਸਾਲਾਂ ਮਗਰੋਂ ਪਿੱਟ ਦਿੱਤਾ ਜਾਂਦਾ ਹੈ। ਕਾਂਗਰਸ ਦੀ ਠੱਗੀ ਦੇ ਸਦਮੇ ਕਰ ਕੇ ਹੀ ਅੱਜ ਪੰਜਾਬ ਦਾ ਕਿਸਾਨ ਖੁ਼ਦਕੁਸ਼ੀਆਂ ਕਰ ਰਿਹਾ ਹੈ। ਕੈਪਟਨ ਅਮਰਿੰਦਰ ਨੂੰ ਸੰਬੋਧਨ ਹੁੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਧੋਖੇ ਨੂੰ ਮੁਆਫ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਲੰਗਰ ਤੋਂ ਜੀਐਸਟੀ ਖਤਮ ਕਰਨਾ ਤੇ ਹੁਣ ਅੰਮ੍ਰਿਤਸਰ ਤੋਂ ਨੰਦੇੜ ਸਾਹਿਬ ਨੂੰ ਫਲਾਈਟ ਚਲਾਉਣ ਦੀ ਯੋਜਨਾ ਵੀ ਕੇਂਦਰ ਦੇ ਏਜੰਡੇ ’ਤੇ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਰਤਾਰਪੁਰ ਕੌਰੀਡੋਰ ਅਤੇ ਸਿੱਖ ਕਤਲੇਆਮ ਵਿੱਚ ਨਿਆਂ ਦਿੱਤੇ ਜਾਣ ਦੀ ਗੱਲ ਕਰਦੇ ਹੋਏ ਮੋਦੀ ਸਰਕਾਰ ਦੀ ਪ੍ਰਸ਼ੰਸਾ ਕੀਤੀ। ਚੋਣ ਰੈਲੀ ਵਿੱਚ ਦੰਗਾ ਪੀੜਤ ਤੇ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਵਾਲੀ ਮੁੱਖ ਗਵਾਹ ਜਗਦੀਸ਼ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਟੇਜ ਉੱਤੇ ਬਿਠਾਇਆ ਗਿਆ। ਅਕਾਲੀ ਆਗੂਆਂ ਨੇ ਜਗਦੀਸ਼ ਕੌਰ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ।
HOME ਚੌਕੀਦਾਰ ਨੇ ਸਿੱਖਾਂ ਨੂੰ ਨਿਆਂ ਦਿਵਾਇਆ: ਮੋਦੀ