ਚੋਰੀ ਕਰਨ ਵਾਲੀ ਚੁੜੇਲ

(ਸਮਾਜ ਵੀਕਲੀ)

ਪੁਰਾਣੇ ਸਮੇਂ ਦੀ ਗੱਲ ਹੈ। ਇੱਕ ਪਿੰਡ ਵਿੱਚ ਕਈ ਮਹੀਨਿਆਂ ਤੋਂ ਲੋਕਾਂ ਦੇ ਪਾਲਤੂ ਮਵੇਸ਼ੀ ( ਜਾਨਵਰ ) ਅਕਸਰ ਰਾਤ ਸਮੇਂ ਚੋਰੀ ਹੋ ਰਹੇ ਸਨ , ਪਰ ਚੋਰੀ ਕੌਣ ਕਰ ਰਿਹਾ ਹੈ ? ਇਸ ਬਾਰੇ ਕੁਝ ਪਤਾ ਨਹੀਂ ਸੀ ਲੱਗ ਰਿਹਾ। ਆਮ ਤੌਰ ‘ਤੇ ਲੋਕਾਂ ਦਾ ਮੰਨਣਾ ਸੀ ਕਿ ਦੂਰ ਪਹਾੜੀ ਦੇ ਕੋਲ ਚੁੜੇਲ ਰਹਿੰਦੀ ਹੈ। ਲੋਕ ਇਹ ਸਮਝਦੇ ਸੀ ਕਿ ਰਾਤ ਸਮੇਂ ਇਹ ਚੁੜੇਲ ਉਨ੍ਹਾਂ ਦੇ ਪਿੰਡ ਵੱਲ ਫੇਰਾ ਪਾਉਂਦੀ ਹੈ ਤੇ ਰਾਤ ਸਮੇਂ ਆਪਣੀ ਭੁੱਖ ਮਿਟਾਉਣ ਲਈ ਕਿਸੇ ਜਾਨਵਰ ਨੂੰ ਖਾ ਕੇ ਫੇਰ ਪਹਾੜੀ ਵੱਲ ਚਲੀ ਜਾਂਦੀ ਹੈ। ਡਰ ਦੇ ਮਾਰੇ ਲੋਕੀਂ ਖੇਤੀਬਾੜੀ ਤੇ ਹੋਰ ਆਪਣੇ ਹੋਰ ਕੰਮ – ਧੰਦੇ ਜਲਦੀ ਖਤਮ ਕਰਕੇ ਆਪਣੇ ਘਰਾਂ ਅੰਦਰ ਬੰਦ ਹੋ ਜਾਂਦੇ।

ਪਿਛਲੀ ਰਾਤ ਜਦੋਂ ਪਿੰਡ ਦੇ ਨੌਜਵਾਨਾਂ ਨੇ ਪਸ਼ੂਆਂ ਦੇ ਵਾੜੇ ਵਿੱਚੋਂ ਕੁੱਝ ਅਵਾਜ਼ਾਂ ਸੁਣੀਆਂ ਤਾਂ ਉਹ ਲਾਲਟੈਨ ਲੈ ਕੇ ਬਾਹਰ ਵੱਲ ਭੱਜੇ ਆਏ , ਪਰ ਉੱਥੇ ਕੋਈ ਨਹੀਂ ਸੀ।ਕਈ ਦਿਨ ਬੀਤ ਗਏ। ਪਿੰਡ ਵਿੱਚ ਦੋ ਪੜ੍ਹੇ – ਲਿਖੇ ਸਮਝਦਾਰ ਨੌਜਵਾਨ ਦੀਪਾ ਤੇ ਕਿਸਨ ਰਹਿੰਦੇ ਸੀ। ਉਹ ਲੋਕਾਂ ਦੇ ਫੈਲਾਏ ਵਹਿਮਾਂ – ਭਰਮਾਂ ਤੇ ਚੁੜੇਲਾਂ ਦੀ ਹੋਂਦ ਬਾਰੇ ਸਮਝਦੇ ਸੀ ਕਿ ਇਹ ਕੇਵਲ ਮਨ ਦਾ ਡਰ ਹੈ ਤੇ ਭੂਤ – ਚੁੜੇਲਾਂ ਨਹੀਂ ਹੁੰਦੀਆਂ। ਇੱਕ ਦਿਨ ਉਨ੍ਹਾਂ ਦੋਵਾਂ ਨੇ ਰਾਤ ਸਮੇਂ ਮਵੇਸ਼ੀਆਂ ਕੋਲ ਹੀ ਛੁਪ ਜਾਣ ਦੀ ਯੋਜਨਾ ਬਣਾਈ ਅਤੇ ਪਿੰਡ ਦੇ ਨੌਜਵਾਨਾਂ ਨੂੰ ਇਸ ਬਾਰੇ ਦੱਸ ਦਿੱਤਾ ਕਿ ਅੱਜ ਚੁੜੇਲ ਨੂੰ ਫੜ ਲੈਣਾ ਹੈ। ਰਾਤ ਬਹੁਤ ਬੀਤ ਗਈ। ਲਗਭੱਗ ਰਾਤ ਦੇ ਦੋ ਵਜੇ ਤਿੰਨ ਚੋਰ ਜਿਨ੍ਹਾਂ ਦੇ ਮੂੰਹ ‘ਤੇ ਕਾਲਾ ਕੱਪੜਾ ਬੰਨ੍ਹਿਆ ਹੋਇਆ ਸੀ ਆਏ ਤੇ ਪਸ਼ੂਆਂ ਨੂੰ ਖੋਲ੍ਹਣ ਲੱਗੇ।

ਏਨੇ ਨੂੰ ਕਿਸ਼ਨ ਨੇ ਜ਼ੋਰ ਨਾਲ ਸੀਟੀ ਦੀ ਆਵਾਜ਼ ਲਗਾਈ। ਕੁਝ ਸਕਿੰਟਾਂ ਵਿੱਚ ਹੀ ਪਿੰਡ ਦੇ 20 – 25 ਨੌਜਵਾਨ ਡੰਡੇ ਸੋਟੇ ਲੈ ਕੇ ਆ ਗਏ ਤੇ ਤਿੰਨਾਂ ਚੋਰਾਂ ਨੂੰ ਪਕੜ ਲਿਆ। ਦੀਪੇ ਤੇ ਕਿਸਨ ਨੇ ਚੋਰਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ।ਜਦੋਂ ਸਵੇਰ ਨੂੰ ਪਿੰਡ ਦੇ ਲੋਕਾਂ ਨੂੰ ਸਾਰੀ ਘਟਨਾ ਦਾ ਪਤਾ ਲੱਗਾ ਤਾਂ ਉਹਨਾਂ ਨੇ ਦੀਪੇ ਤੇ ਕਿਸਨ ਦੀ ਖੂਬ ਪ੍ਰਸ਼ੰਸਾ ਕੀਤੀ ; ਜਿਨ੍ਹਾਂ ਦੀ ਲਿਆਕਤ ਸਦਕਾ ਲੋਕਾਂ ਨੂੰ ਪਸ਼ੂ ਚੋਰੀ ਹੋਣ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਤੋਂ ਨਿਜਾਤ ਮਿਲੀ। ਫੇਰ ਗ੍ਰਾਮ ਪੰਚਾਇਤ ਨੇ ਦੀਪੇ ਤੇ ਕਿਸਨ ਨੂੰ ਉਨ੍ਹਾਂ ਦੀ ਇਸ ਬਹਾਦਰੀ ਅਤੇ ਅਕਲਮੰਦੀ ਲਈ ਸਨਮਾਨਿਤ ਵੀ ਕੀਤਾ।

ਗ੍ਰਾਮ ਪੰਚਾਇਤ ਦੇ ਇਕੱਠ ਵਿੱਚ ਪੜ੍ਹੇ – ਲਿਖੇ ਨੌਜਵਾਨ ਦੀਪੇ ਤੇ ਕਿਸਨ ਨੇ ਲੋਕਾਂ ਨੂੰ ਸਮਝਾਇਆ ਕਿ ਭੂਤ – ਚੁੜੇਲ ਆਦਿ ਕੁਝ ਨਹੀਂ ਹੁੰਦਾ , ਸਗੋਂ ਸਾਡੇ ਮਨ ਦਾ ਡਰ ਹੁੰਦਾ ਹੈ। ਸਾਨੂੰ ਆਪਣੀ ਪੜ੍ਹਾਈ ਦੇ ਨਾਲ – ਨਾਲ ਹੋਰ ਚੰਗੀਆਂ ਪੁਸਤਕਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ ਤਾਂ ਜੋ ਸਾਨੂੰ ਗਿਆਨ ਪ੍ਰਾਪਤ ਹੋ ਸਕੇ ਤੇ ਅਸੀਂ ਵਹਿਮਾਂ – ਭਰਮਾਂ ਤੋਂ ਦੂਰ ਰਹਿ ਸਕੀਏ।

ਮੈਡਮ ਰਜਨੀ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਕੁਮਾਰ ਠਾਕੁਰ ਭਾਜਪਾ ਵਿੱਚ ਹੋਏ ਸ਼ਾਮਲ
Next articleਕਵਿਤਾ