ਨਗਰ ਕੌਸਲਰਾਂ ਸਮੇਤ ਅਨੇਕ ਰਾਹਗੀਰ ਲਗਵਾ ਚੁੱਕੇ ਹਨ ਸੱਟਾਂ
ਨੂਰਮਹਿਲ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ): ਨੂਰਮਹਿਲ ਵਿਖੇ ਜਲੰਧਰੀ ਚੁੰਗੀ ਤੋੰ ਜਲੰਧਰੀ ਗੇਟ ਵੱਲ ਜਾਣ ਵਾਲੀ ਪ੍ਰਮੁੱਖ ਸੀਮੈਂਟਡ ਸੜਕ ਦਾ ਮਾਮਲਾ ਬੀਤੇ 3/4 ਸਾਲਾਂ ਤੋਂ ਰਾਹਗੀਰਾਂ ਲਈ ਗਲੇ ਦੀ ਹੱਡੀ ਬਣਿਆ ਹੋਇਆ ਹੈ। ਲੋਕਾਂ ਦਾ ਇਸ ਸੜਕ ਰਾਹੀਂ ਗੁਜ਼ਰਨਾ ਮਜ਼ਬੂਰੀ ਹੈ ਅਤੇ ਇਸ ਮਜ਼ਬੂਰੀ ਵੱਸ ਲੋਕ ਖ਼ਾਸ ਕਰ ਸਕੂਲੀ ਬੱਚੇ ਇਸ ਟੁੱਟੀ ਸੜਕ ਤੋਂ ਡਿੱਗ ਕੇ ਸੱਟਾਂ ਲਗਵਾ ਲੈਂਦੇ ਹਨ ਪਰ ਨਗਰ ਕੌਂਸਲ ਦੇ ਪ੍ਰਬੰਧਕ ਕੁੰਭਕਰਨੀ ਦੀ ਨੀਂਦ ਸੁੱਤੇ ਪਏ ਹਨ। ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਲੋਕ ਮਸਲਿਆਂ ਨੂੰ ਲੈ ਕੇ ਅਕਸਰ ਨੂਰਮਹਿਲ ਦੇ ਸੁਧਾਰ ਲਈ ਯਤਨਸ਼ੀਲ ਰਹਿੰਦੇ ਹਨ ਅਤੇ ਪ੍ਰਸ਼ਾਸਨ ਨੂੰ ਜਗਾਉਣ ਦਾ ਹਰ ਹੀਲਾ ਵਸੀਲਾ ਵਰਤਦੇ ਰਹਿੰਦੇ ਹਨ। ਨੰਬਰਦਾਰ ਅਸ਼ੋਕ ਸੰਧੂ ਨੇ ਇਸ ਸੜਕ ਨੂੰ ਬਣਵਾਉਣ ਲਈ ਉਸਾਰੂ ਸੋਚ ਦੇ ਲੋਕਾਂ ਨੂੰ ਨਾਲ ਲੈ ਕੇ ਬੀਤੇ 2 ਸਾਲਾਂ ਦੇ ਵੱਧ ਸਮੇਂ ਤੋਂ ਕਈ ਸੰਘਰਸ਼ ਕੀਤੇ ਹਨ।
ਮੁਹੱਲਾ ਜਲੰਧਰੀ ਗੇਟ ਦੇ ਵਸਨੀਕਾਂ ਨੇ ਇਸ ਸੜਕ ਨੂੰ ਬਣਾਉਣ ਲਈ ਨੰਬਰਦਾਰ ਅਸ਼ੋਕ ਸੰਧੂ ਨੂੰ ਨਾਲ ਲੈ ਕੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸ. ਰਣਦੀਪ ਸਿੰਘ ਵੜੈਚ ਪਾਸ ਗੁਹਾਰ ਲਗਾਈ ਹੈ ਕਿ ਨਗਰ ਕੌਂਸਲ ਦੇ ਇਲੈਕਸ਼ਨ ਨਜ਼ਦੀਕ ਹਨ ਅਤੇ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ-ਪਹਿਲਾਂ ਇਹ ਸੜਕ ਜ਼ਰੂਰ ਬਣਾਈ ਜਾਵੇ। ਇਸ ਮੌਕੇ ਨੰਬਰਦਾਰ ਗੁਰਮੇਲ ਚੰਦ ਮੱਟੂ ਡਾਇਰੈਕਟਰ ਨੰਬਰਦਾਰ ਯੂਨੀਅਨ, ਲਾਇਨ ਬਬਿਤਾ ਸੰਧੂ, ਵਰਿੰਦਰ ਕੋਹਲੀ, ਲਾਇਨ ਦਿਨਕਰ ਸੰਧੂ, ਸ਼੍ਰੀਮਤੀ ਨਿਰਮਲ ਕੌਰ ਕੁੰਦੀ, ਪਵਨ ਟੇਲਰ, ਸ਼੍ਰੀਮਤੀ ਜੀਤੋ, ਸੀਤਾ ਰਾਮ ਸੋਖਲ, ਸ਼੍ਰੀਮਤੀ ਭੋਲੀ, ਹੈਪੀ ਨਾਹਰ, ਹਰਜਿੰਦਰ ਜਿੰਦੀ, ਗੁਲਾਬ ਖਾਨ ਨੇ ਮੰਗ ਕੀਤੀ ਕਿ 10 ਦਿਨਾਂ ਦੇ ਅੰਦਰ-ਅੰਦਰ ਨਗਰ ਕੌਂਸਲ ਇਹ ਟੁੱਟੀ-ਭੱਜੀ ਸੜਕ ਬਣਾਵੇ ਨਹੀਂ ਤਾਂ ਅਸੀਂ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵਾਂਗੇ।
ਨੰਬਰਦਾਰ ਅਸ਼ੋਕ ਸੰਧੂ ਨੇ ਦੱਸਿਆ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਗਤ ਮੋਹਣ ਸ਼ਰਮਾਂ ਦੇ ਕਾਰਜਕਾਲ ਦੌਰਾਨ ਵੀ ਕਈ ਵਾਰ ਪ੍ਰਦਰਸ਼ਨ ਹੋਏ ਅਤੇ ਉਹਨਾਂ ਦੇ ਦੋ ਨਗਰ ਕੌਂਸਲਰਾਂ ਨੇ ਇਸ ਟੁੱਟੀ ਸੜਕ ਦਾ ਸਵਾਦ ਚੱਖਦਿਆਂ ਸੱਟਾਂ ਲਗਵਾਈਆਂ, ਇਸਦੇ ਬਾਵਜੂਦ ਵੀ ਸੜਕ ਦਾ ਕੁੱਝ ਨਾ ਸੰਵਾਰਿਆ। ਨੰਬਰਦਾਰ ਅਸ਼ੋਕ ਸੰਧੂ ਨੇ ਨੂਰਮਹਿਲ ਦੇ ਪ੍ਰਗਤੀਸ਼ੀਲ ਕਾਰਜਸਾਧਕ ਅਫ਼ਸਰ ਪਾਸੋਂ ਆਸ ਪ੍ਰਗਟਾਈ ਹੈ ਕਿ ਉਹ ਲੋਕਾਂ ਅਤੇ ਕਮੇਟੀਦਾਰਾਂ ਦੇ ਲੱਗੀਆਂ ਸੱਟਾਂ ਦੇ ਦਰਦ ਨੂੰ ਸਮਝਦੇ ਹੋਏ ਜਲਦ ਹੀ ਇਹ ਸੜਕ ਬਣਾਉਣਗੇ।