(ਸਮਾਜ ਵੀਕਲੀ)
ਅੱਜ ਕੜਾਕੇ ਦੀ ਸਰਦੀ ਦਾ ਦਿਨ ਸੀ, ਸੂਰਜ ਨੇ ਸਾਰਾ ਦਿਨ ਮੂੰਹ ਨਹੀਂ ਸੀ ਦਿਖਾਇਆ। ਮੇਰਾ ਦੋਸਤ ਵਰਿੰਦਰ ਵੀ ਅੱਜ ਲੋਈ ਵਿੱਚ ਲਿਪਟਿਆ ਬੈਠਾ ਸੀ ਜੋ ਇਸ ਸਮੇਂ ਤੱਕ ਲੰਮਾ ਪੈਂਡਾ ਤੈਅ ਕਰ ਚੁੱਕਾ ਹੁੰਦਾ ਹੈ। ਉਹ ਜਿਆਦਾ ਠੰਡ ਹੋਣ ਕਰਕੇ ਸੌਣ ਲਈ ਕਹਿ ਕੇ ਘਰ ਚਲਾ ਗਿਆ। ਮੈਂ ਪਿਛਲੇ ਦੋ ਦਿਨਾਂ ਤੋਂ ਚੀ ਗਵੇਰਾ ਦੀ ਜੀਵਨੀ ਪੜ ਰਿਹਾ ਸੀ, ਅੱਜ ਉਸਦਾ ਅੰਤਿਮ ਭਾਗ ਪੜਨਾ ਸੀ। ਅਰਜਨਟੀਨਾ ਵਿੱਚ ਜੰਮਿਆ ਚੀ ਗਵੇਰਾ, ਕਿਊਬਾ ਵਿੱਚ ਲੜਦਾ ਹੋਇਆ ਹੁਣ ਆਪਣੇ ਜੀਵਨ ਦੇ ਅੰਤਿਮ ਸਮੇਂ ਲਈ ਬੋਲੀਵੀਆ ਵੱਲ ਵਧ ਰਿਹਾ ਸੀ। ਪਿਛਲੇ ਦਿਨ ਤੋਂ ਉਸ ਯੁੱਗਪੁਰਸ ਦੇ ਮਹਾਨ ਜੀਵਨ ਨੂੰ ਜਾਣਨ ਲਈ ਵਧ ਰਹੀ ਉਤਸੁਕਤਾ ਅੱਜ ਟੀਸੀ ਤੇ ਸੀ।
ਤਕਰੀਬਨ ਦੋ ਸਾਲ ਪਹਿਲਾਂ, ਫਿਦੇਲ ਕਾਸਤਰੋ ਦੀ ਇੱਕ ਕਿਤਾਬ ਪੜੀ ਸੀ “ਇਤਿਹਾਸ ਮੈਨੂੰ ਸਹੀ ਸਾਬਿਤ ਕਰੇਗਾ”, ਜੋ ਕਾਸਤਰੋ ਦੁਆਰਾ ਕੋਰਟ ਵਿੱਚ ਦਿੱਤੀਆਂ ਮਹਾਨ ਤਕਰੀਰਾਂ ਦਾ ਲਿਖਤ ਰੂਪ ਹੈ, ਜਿਨ੍ਹਾਂ ਕਰਕੇ ਕਿਊਬਾ ਵਿੱਚ ਕ੍ਰਾਂਤੀ ਵਾਪਰੀ। ਮੈਨੂੰ ਨਹੀਂ ਸੀ ਪਤਾ ਕਿ ਗਵੇਰਾ ਅਤੇ ਕਾਸਤਰੋ ਪੱਕੇ ਮਿੱਤਰ ਰਹੇ ਅਤੇ ਕਿਊਬਾ ਦੀ ਕ੍ਰਾਂਤੀ ਦੋਵਾਂ ਦੇ ਇੱਕਜੁਟ ਹੋਣ ਨਾਲ ਵਾਪਰੀ। ਚੀ ਵਰਗੇ ਮਹਾਨ ਯੋਧੇ ਦੀ ਜੀਵਨੀ ਪੜਦੇ ਹੋਏ, ਵਿੱਚ ਇੱਕਦਮ ਕਾਸਤਰੋ ਵਰਗੇ ਮਹਾਤਮਾ ਦਾ ਆਉਣਾ ਬਾਕਮਾਲ ਗੱਲ ਸੀ। ਜਦੋਂ ਮੈਂ ਕਾਸਤਰੋ ਦਾ ਨਾਂ ਦੇਖਿਆ, ਮੈਂ ਇੱਕਦਮ ਉੱਠ ਕੇ ਦੁਕਾਨ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ,ਮੈਂ ਚਾਹੁੰਦਾ ਸੀ ਕਿ ਕੁਝ ਪਲ ਲਈ ਸਮਾਂ ਇੱਥੇ ਹੀ ਰੁਕ ਜਾਵੇ ।
ਐਨੀ ਜਿਆਦਾ ਸਰਦੀ ਵਿੱਚ ਕਮਰਾ ਪ੍ਰਕਾਸ਼ ਨਾਲ ਭਰਦਾ ਜਾਪ ਰਿਹਾ ਸੀ, ਉਨ੍ਹਾਂ ਯੋਧਿਆਂ ਦੀ ਸੂਰਬੀਰਤਾ ਦੇ ਪ੍ਰਕਾਸ਼ ਨਾਲ। ਮੈਨੂੰ ਠੰਡ ਕੋਹਾਂ ਦੂਰ ਹੋ ਗਈ ਜਾਪ ਰਹੀ ਸੀ। ਕਿਤਾਬ ਪੂਰੀ ਹੋਣ ਤੋਂ ਕਾਫ਼ੀ ਸਮਾਂ ਬਾਅਦ ਵੀ ਮੈਂ ਬੈਠਾ ਇਹੀ ਸੋਚਦਾ ਰਿਹਾ ਕਿ ਜੇ ਮੈਂ ਇਹ ਸਭ ਜਾਣੇ ਬਿਨਾਂ ਹੀ ਇਸ ਦੁਨੀਆਂ ਤੋਂ ਚਲਿਆ ਜਾਂਦਾ ਤਾਂ ਕਿੱਥੋਂ ਦਾ ਪੜਿਆ ਲਿਖਿਆ ਸੀ ਮੈਂ। ਮੇਰੇ ਦਿਲ ਅੰਦਰੋਂ ਇੱਕ ਹੀ ਅਵਾਜ਼ ਆ ਰਹੀ ਸੀ। ਧੰਨ ਹੈਂ ਤੂੰ ਚੀ, ਧੰਨ ਹੈਂ ਤੂੰ ਚੀ ….
ਸੱਚ ਕਹਿੰਦਾ ਸੀ ਕਾਸਤਰੋ, ਜੇ ਸਾਨੂੰ ਇੱਕ ਮਨੁੱਖੀ ਮਾਡਲ ਚਾਹੀਦਾ ਹੋਵੇ, ਜੋ ਸਾਡੇ ਸਮਿਆਂ ਨਾਲ ਨਹੀਂ, ਸਗੋਂ ਭਵਿੱਖ ਲਈ ਹੋਵੇ ਤਾਂ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਕਹਾਂਗਾ, ਉਹ ਚੀ ਗਵੇਰਾ ਹੈ।ਜੇ ਅਸੀਂ ਇਹ ਪ੍ਰਗਟ ਕਰਨਾ ਚਾਹੁੰਦੇ ਹਾਂ ਕਿ ਸਾਡੇ ਬੱਚੇ ਕਿਸ ਤਰ੍ਹਾਂ ਦੇ ਹੋਣ ਤਾਂ ਸਾਨੂੰ ਉਤਸਾਹਪੂਰਨ ਕਰਾਂਤੀਕਾਰੀਆਂ ਵਾਂਗ ਆਪਣੇ ਹਿਰਦਿਆਂ ਵਿੱਚੋਂ ਕਹਿਣਾ ਚਾਹੀਦਾ ਹੈ ਕਿ ਸਾਡੇ ਬੱਚੇ ਚੀ ਵਰਗੇ ਹੋਣ। ਚੀ ਗੁਵੇਰਾ ਯੁੱਧ ਦੇ ਚਿੰਤਨ ਦਾ ਨਿਰਮਾਤਾ ਹੈ ਤੇ ਸੰਸਾਰ ਦੇ ਸਭ ਤੋਂ ਮਹਾਨ ਸ਼ਹੀਦਾਂ ਵਿੱਚੋਂ ਸਿਰਕੱਢ ਹੈ। ਉਸ ਦੀ ਸਖਸ਼ੀਅਤ ਨੂੰ ਸੌ-ਸੌ ਸਲਾਮਾਂ…
… ਅਮਨ ਜੱਖਲਾਂ
9478226980