ਪੇਈਚਿੰਗ (ਸਮਾਜ ਵੀਕਲੀ) : ਚੀਨ ਦੀ ਕਮਿਊਨਿਸਟ ਪਾਰਟੀ (ਸੀਪੀਸੀ) ਦੇ ਹਾਲ ਹੀ ਵਿੱਚ ਸਮਾਪਤ ਹੋਏ ਇਕ ਅਹਿਮ ਸੰਮੇਲਨ ’ਚ 2027 ਤੱਕ ਅਮਰੀਕਾ ਦੀ ਤਰਜ਼ ’ਤੇ ਪੂਰੀ ਤਰ੍ਹਾਂ ਆਧੁਨਿਕ ਫ਼ੌਜ ਤਿਆਰ ਕਰਨ ਦੀ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਗਿਆ। ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਨੇ ਚੀਨੀ ਵਿਸ਼ਲੇਸ਼ਕਾਂ ਦੇ ਹਵਾਲੇ ਨਾਲ ਕਿਹਾ ਕਿ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਦੇ 100 ਸਾਲ 2027 ਵਿੱਚ ਪੂਰੇ ਹੋਣਗੇ ਅਤੇ ਚੀਨ ਉਦੋਂ ਤੱਕ ਇਕ ਪੂਰੀ ਤਰ੍ਹਾਂ ਆਧੁਨਿਕ ਫ਼ੌਜ ਬਣਾਏਗਾ।
ਇਹ ਟੀਚਾ ਦੇਸ਼ ਦੀ ਮਜ਼ਬੂਤੀ ਲਈ ਮਿੱਥਿਆ ਗਿਆ ਹੈ ਅਤੇ ਇਸ ਨਾਲ ਦੇਸ਼ ਦੀ ਰੱਖਿਆ ਸਬੰਧੀ ਭਵਿੱਖ ਦੀਆਂ ਲੋੜਾਂ ਵੀ ਪੂਰੀ ਹੋਣਗੀਆਂ। ਰਾਸ਼ਟਰਪਤੀ ਸ਼ੀ ਜ਼ਿਨਪਿੰਗ ਦੀ ਪ੍ਰਧਾਨਗੀ ਹੇਠ ਹੋਏ ਸੀਪੀਸੀ ਦੇ ਪੂਰਨ ਸੈਸ਼ਨ ਵਿੱਚ ਦੇਸ਼ ਦੇ ਆਰਥਿਕ ਤੇ ਸਮਾਜਿਕ ਵਿਕਾਸ ਲਈ 14ਵੀਂ ਪੰਜ ਸਾਲਾ ਯੋਜਨਾ (2021-2025) ਅਤੇ 2035 ਤੱਕ ਦੇ ਲੰਬੇ ਸਮੇਂ ਦੇ ਟੀਚਿਆਂ ਨੂੰ ਪੂਰਾ ਕਰਨ ਦੇ ਉਨ੍ਹਾਂ ਦੇ ਪ੍ਰਸਤਾਵਾਂ ਨੂੰ ਅਪਣਾਇਆ ਗਿਆ।